ਟਿੱਡੀ ਦਲ ਦੇ ਮੁਕਾਬਲੇ ਲਈ 1 ਕਰੋੜ ਦੀਆਂ ਦਵਾਈਆਂ ਦਾ ਭੰਡਾਰ ਮੌਜੂਦ: ਡਾਇਰੈਕਟਰ
Wednesday, May 27, 2020 - 06:05 PM (IST)
ਚੰਡੀਗੜ੍ਹ/ਪਟਿਆਲਾ (ਪਰਮੀਤ) : ਪੰਜਾਬ ਖੇਤੀਬਾੜੀ ਮਹਿਕਮੇ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਆਖਿਆ ਹੈ ਕਿ ਪੰਜਾਬ 'ਚ ਹਾਲੇ ਟਿੱਡੀ ਦਲ ਦਾਖਲ ਨਹੀਂ ਹੋਇਆ ਤੇ ਜੇਕਰ ਇਹ ਟਿੱਡੀ ਦਲ ਪੰਜਾਬ 'ਚ ਹਮਲਾ ਕਰਦਾ ਹੈ ਤਾਂ ਇਸਦੇ ਟਾਕਰੇ ਲਈ ਅਸੀਂ ਪੂਰੀ ਯੋਜਨਾ ਤਿਆਰ ਕੀਤੀ ਹੋਈ ਹੈ। ਇਸ ਦੌਰਾਨ ਹੀ ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਸ੍ਰੀ ਸੁਤੰਤਰ ਕੁਮਾਰ ਨੇ ਦੱਸਿਆ ਕਿ ਵਿਭਾਗ ਨੇ ਟਿੱਡੀ ਦਲ ਦੇ ਟਾਕਰੇ ਲਈ 1 ਕਰੋੜ ਰੁਪਏ ਦੀਆਂ ਦਵਾਈਆਂ ਖਰੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਇਸ ਹਮਲੇ ਤੋਂ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ ਗਿਆ ਹੈ ਜਦਕਿ ਵੱਖ-ਵੱਖ ਮਹਿਕਮੇ 'ਚ ਤਾਲਮੇਲ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਹੋਰਨਾਂ ਮਹਿਕਮੇ ਦੇ ਨਾਲ-ਨਾਲ ਦਮਕਲ ਮਹਿਕਮੇ ਦੀਆਂ ਗੱਡੀਆਂ ਸੇਵਾਵਾਂ ਲੈਣ ਦੀ ਵੀ ਤਿਆਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਚੰਗੇ ਭਵਿੱਖ ਲਈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਮੌਤ
ਸਵਾਲਾਂ ਦੇ ਜਵਾਬ ਦਿੰਦਿਆਂ ਡਾਇਰੈਕਟਰ ਨੇ ਦੱਸਿਆ ਕਿ ਸਥਾਨਕ ਪੱਧਰ 'ਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਹੀ ਮੁਹਿੰਮਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਾਰੇ ਮਹਿਕਮੇ ਆਪਸ 'ਚ ਤਾਲਮੇਲ ਨਾਲ ਚਲ ਰਹੇ ਹਨ ਤਾਂ ਜੋ ਅਜਿਹਾ ਹਮਲਾ ਹੁੰਦਾ ਹੈ ਤਾਂ ਇਸਦਾ ਟਾਕਰਾ ਸਫਲਤਾ ਨਾਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਹਵਾ ਦੇ ਰੁੱਖ ਨਾਲ ਟਿੱਡੀ ਦਲ ਕਿਸੇ ਵੀ ਖੇਤਰ ਤੱਕ ਪਹੁੰਚ ਸਕਦਾ ਹੈ ਤੇ ਜ਼ਰੂਰੀ ਨਹੀਂ ਕਿ ਇਸਦਾ ਹਮਲਾ ਸਿਰਫ ਸਰਹੱਦੀ ਖੇਤਰਾਂ ਤੱਕ ਹੀ ਸੀਮਤ ਹੋਵੇ।ਇਕ ਹੋਰ ਸਵਾਲ ਦੇ ਜਵਾਬ 'ਚ ਡਾਇਰੈਕਟਰ ਨੇ ਦੱਸਿਆ ਕਿ ਫਰਵਰੀ 'ਚ ਟਿੱਡੀ ਦਲ ਦਾ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਹਮਲਾ ਹੋਇਆ ਸੀ ਪਰ ਉਸ ਵੇਲੇ ਮਹਿਕਮੇ ਨੇ ਸਫਲਤਾਪੂਰਵਕ ਇਸਦਾ ਟਾਕਰਾ ਕਰ ਲਿਆ ਸੀ ਤੇ ਕੋਈ ਨੁਕਸਾਨ ਨਹੀਂ ਸੀ ਹੋਇਆ।
ਇਹ ਵੀ ਪੜ੍ਹੋ: ਕੋਰੋਨਾ ਆਫਤ: ਲੁਧਿਆਣਾ ਦੀ ਰਵਨੀਤ ਕੌਰ ਨੇ 'ਭਾਰਤ ਦਾ ਮਜ਼ਦੂਰ' ਫਿਲਮ 'ਚ ਬਿਆਨ ਕੀਤਾ ਮਜ਼ਦੂਰਾਂ ਦਾ ਦਰਦ