ਭਿੱਖੀਵਿੰਡ ''ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ

Sunday, Mar 15, 2020 - 01:59 PM (IST)

ਭਿੱਖੀਵਿੰਡ ''ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ

ਸੁਰਸਿੰਘ/ਭਿੱਖੀਵਿੰਡ (ਗੁਰਪ੍ਰੀਤ ਢਿੱਲੋਂ) : ਜਿੱਥੇ ਦੇਸ਼ 'ਚ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਣ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ ਅੱਜ ਪੰਜਾਬ ਦੇ ਸਰਹੱਦੀ ਜ਼ਿਲਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਵਿਖੇ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਉਮਰ 23 ਸਾਲ ਜੋ ਕਿ ਦੋ ਸਾਲ ਦੇ ਵਰਕ ਪਰਮਿਟ 'ਤੇ ਬਹਿਰੀਨ ਵਿਖੇ ਗਈ ਸੀ ਅਤੇ ਜਿਸ ਨੂੰ ਉੱਥੇ ਲਗਾਤਾਰ ਖੰਘ ਜੁਕਾਮ ਅਤੇ ਬੁਖਾਰ ਹੋਣ ਕਾਰਣ ਡਿਪੋਰਟ ਕਰ ਦਿੱਤਾ ਗਿਆ, ਕਿਉਂਕਿ ਉਸ ਨੂੰ ਪੰਦਰਾਂ ਦਿਨ ਤੋਂ ਲਗਾਤਾਰ ਸਾਹ ਲੈਣ 'ਚ ਵੀ ਤਕਲੀਫ ਹੋ ਰਹੀ ਸੀ। ਅੱਜ ਇਸ ਬਾਰੇ ਜਦੋਂ ਸਿਹਤ ਵਿਭਾਗ ਦੀ ਟੀਮ ਨੂੰ ਪਤਾ ਲੱਗਾ ਤਾਂ ਸਿਹਤ ਵਿਭਾਗ ਦੀ ਟੀਮ ਨੇ ਹਰਕਤ 'ਚ ਆਉਂਦਿਆਂ ਡਾ. ਗੁਰਸੇਵਕ ਸਿੰਘ ਦੀ ਅਗਵਾਈ 'ਚ ਉਨ੍ਹਾਂ ਦੇ ਘਰ ਦਾ ਦੌਰਾ ਕਰਕੇ ਮਰੀਜ਼ ਦੀ ਜਾਂਚ ਕੀਤੀ ਅਤੇ ਪਰਿਵਾਰ ਨੂੰ ਹਦਾਇਤਾਂ ਕੀਤੀਆਂ ਕਿ ਮਰੀਜ਼ ਨੂੰ 14 ਦਿਨ ਤੱਕ ਘਰ ਤੋਂ ਬਾਹਰ ਨਾ ਭੇਜਿਆ ਜਾਵੇ ਅਤੇ ਮਰੀਜ਼ ਆਪਣੀ ਅੱਖ ਨੱਕ ਅਤੇ ਮੂੰਹ ਨੂੰ ਨਾ ਛੂਹੇ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਜ਼ਰੂਰੀ ਦਵਾਈਆਂ ਵੀ ਪਰਿਵਾਰ ਨੂੰ ਦਿੱਤੀਆਂ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਵੀ ਪ੍ਰੇਰਿਆ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰਦਿਆਂ ਉੱਥੇ ਆਪਣਾ ਇਲਾਜ ਕਰਵਾਉਣ ਲਈ ਵੀ ਭੇਜਿਆ ਤਾਂ ਜੋ ਮਰੀਜ਼ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ।

ਕੀ ਕਹਿੰਦੇ ਹਨ ਜ਼ਿਲਾ ਐਪੀਡੀਮੋਲੋਜਿਸਟ ਡਾ. ਸਵਰਨਜੀਤ ਧਵਨ
ਇਸ ਸਬੰਧੀ ਜਦੋਂ ਤਰਨਤਾਰਨ ਵਿਖੇ ਜ਼ਿਲਾ ਐਪੀਡੀਮੋਲੋਜਿਸਟ ਡਾਕਟਰ ਧਵਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਰੀਜ਼ 'ਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਇਸ ਦੀ ਦਿੱਲੀ ਤੋਂ ਜਾਂਚ ਹੋ ਚੁੱਕੀ ਹੈ ਫਿਰ ਵੀ ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਆਪਣਾ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਵਿਖੇ ਰੈਫਰ ਕੀਤਾ ਹੈ, ਜਿੱਥੇ ਉਸ ਦੀ ਜਾਂਚ ਕੀਤੀ ਜਾਵੇਗੀ।


author

Baljeet Kaur

Content Editor

Related News