ਵੱਡੀ ਖ਼ਬਰ : ਮੁਤਵਾਜ਼ੀ ਜਥੇਦਾਰ ਮੰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ’ਤੇ ਕੀਤਾ ਤਲਬ

Monday, Aug 30, 2021 - 09:19 PM (IST)

ਅੰਮ੍ਰਿਤਸਰ (ਅਨਜਾਣ) : ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਮੁਲਤਵੀ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਈ ਮੰਡ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਤੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ-ਦੀਦਾਰੇ ਕਰਨ ਲਈ ਗਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕੀਤੀ। ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਮੰਡ ਨੇ ਕਿਹਾ ਕਿ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਸ਼ਾਂਤੀ ਪੂਰਨ ਧਰਨਾ ਦੇ ਰਹੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ’ਤੇ ਸਮੇਂ ਦੀ ਸਰਕਾਰ ਵੱਲੋਂ ਗੋਲੀਆਂ ਚਲਾ ਕੇ ਸ਼ਹੀਦ ਕਰ ਦੇਣ ’ਤੇ ਬਰਗਾੜੀ ਵਿਖੇ ਮੋਰਚਾ ਲਗਾਇਆ ਗਿਆ ਸੀ। ਜਿਸ ਨੂੰ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ ਤੇ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਇਨਸਾਫ਼ ਦਿਵਾਉਣ ਦਾ ਵਾਅਦਾ ਕਰਨ ’ਤੇ ਸੰਗਤਾਂ ਨਾਲ ਵਿਚਾਰ ਕਰਨ ਉਪਰੰਤ ਮੁਲਤਵੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ

ਉਸ ਉਪਰੰਤ ਸਰਕਾਰ ਵੱਲੋਂ ਅਜੇ ਤੱਕ ਕੋਈ ਇਨਸਾਫ਼ ਨਾ ਦੇਣ ’ਤੇ ਉਕਤ ਦੋਵੇਂ ਮੰਤਰੀਆਂ ਅਤੇ ਤਿੰਨੇ ਵਿਧਾਇਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਸੀ। ਬੀਤੀ 20 ਅਗਸਤ ਨੂੰ ਉਨ੍ਹਾਂ ਵੱਲੋਂ ਦਿੱਤੇ ਸਪੱਸ਼ਟੀਕਰਨ ਦੇ ਅਧਾਰ ’ਤੇ ਮੇਰੇ ਸਮੇਤ ਪੰਜ ਸਿੰਘਾਂ ਬਾਬਾ ਨਛੱਤਰ ਸਿੰਘ ਕੱਲਰ ਭੈਣੀ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਹਿੰਮਤ ਸਿੰਘ ਤੇ ਬਾਬਾ ਬੂਟਾ ਸਿੰਘ ਵੱਲੋਂ ਲਏ ਫੈਸਲੇ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 20 ਸਤੰਬਰ 2021 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਜਾਂਦਾ ਹੈ ਅਤੇ ਉਨੀ ਦੇਰ ਇਹ ਫ਼ੈਸਲਾ ਰਾਖਵਾਂ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਕਤ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਦਿੱਤੇ ਸਪੱਸ਼ਟੀਕਰਨ ਦੇ ਅਧਾਰ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਸਪੱਸ਼ਟੀਕਰਨ ਤੋਂ ਬਾਅਦ ਹੀ ਸਥਿੱਤੀ ਸਪੱਸ਼ਟ ਹੋਵੇਗੀ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਬਦਲੇ ਸੁਰ, ਕੈਪਟਨ ਦੀ ਅਗਵਾਈ ’ਚ ਚੋਣ ਲੜਨ ਵਾਲੇ ਬਿਆਨ ਤੋਂ ਲਿਆ ਯੂ-ਟਰਨ

ਅਸੀਂ ਸਿਰਫ਼ ਏਲਚੀ ਦਾ ਰੋਲ ਨਿਭਾਇਆ ਅਸਲੀ ਜਵਾਬਦੇਹ ਕੈਪਟਨ
ਦੱਸ ਦੇਈਏ ਕਿ ਬੀਤੀ 20 ਅਗਸਤ ਨੂੰ ਕਾਂਗਰਸ ਦੇ ਦੋਵੇਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤਿੰਨੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ ਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੇ ਵੱਲੋਂ ਦਿੱਤੇ ਸਪੱਸ਼ਟੀਕਰਨ ਵਿਚ ਪੱਲਾ ਝਾੜਦਿਆਂ ਲਿਖਿਆ ਸੀ ਕਿ ਬਰਗਾੜੀ ਮੋਰਚਾ ਮੁਲਤਵੀ ਕਰਵਾਉਣ ਵਿਚ ਅਸੀਂ ਸਿਰਫ਼ ਏਲਚੀ ਵਜੋਂ ਹੀ ਰੋਲ ਨਿਭਾਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਤੇ ਪੁਲਸ ਪ੍ਰਸ਼ਾਸਨ ਦਾ ਕੰਮ ਹੈ ਜੋ ਮੁੱਖ ਮੰਤਰੀ ਦੇ ਅਧੀਨ ਹੈ। ਇਸ ਲਈ ਇਨ੍ਹਾਂ ਕੇਸਾਂ ਦੀ ਪ੍ਰਗਤੀ ਸਬੰਧੀ ਮੁਕਮੰਲ ਜਾਣਕਾਰੀ ਮੁੱਖ ਮੰਤਰੀ ਸਾਹਿਬ ਹੀ ਦੇ ਸਕਦੇ ਹਨ। ਅਸੀਂ ਇਨ੍ਹਾਂ ਕੇਸਾਂ ਦੀ ਜਾਂਚ ਨੂੰ ਛੇਤੀ ਕਿਸੇ ਤਣ-ਪੱਤਣ ਲਾਉਣ ਦੀ ਮੁੱਖ ਮੰਤਰੀ ਨੂੰ ਸਮੇਂ-ਸਮੇਂ ਬੇਨਤੀ ਕਰਦੇ ਰਹੇ ਹਾਂ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਕਦਮ, ਕਾਰਜਕਾਰੀ ਪ੍ਰਧਾਨਾਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ

ਨੋਟ - ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੇ ਫ਼ੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ?


Gurminder Singh

Content Editor

Related News