ਢੀਂਡਸਾ ਸਾਹਿਬ ਨੇ ਪਾਰਟੀ ਦੀ ਪਿੱਠ ’ਚ ਮਾਰਿਆ ਛੂਰਾ : ਸੁਖਬੀਰ

Wednesday, Nov 04, 2020 - 12:17 AM (IST)

ਢੀਂਡਸਾ ਸਾਹਿਬ ਨੇ ਪਾਰਟੀ ਦੀ ਪਿੱਠ ’ਚ ਮਾਰਿਆ ਛੂਰਾ : ਸੁਖਬੀਰ

ਚੀਮਾ ਮੰਡੀ, (ਬੇਦੀ, ਗੋਇਲ)- ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨ ਸੂਬਾ ਸਰਕਾਰ ਦੀ ਕੇਂਦਰ ਨਾਲ ਮਿਲੀ ਭੁਗਤ ਦਾ ਨਤੀਜਾ ਹਨ ਜਿਸ ਦੀ ਪ੍ਰਤੱਖ ਮਿਸਾਲ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਅਤੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਦੇ ਖਿਲਾਫ ਜੋ ਬਿੱਲ ਲਿਆਂਦੇ ਹਨ ਉਹ ਸਿਰਫ ਡਰਾਮਾ ਹਨ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਾਬਕਾ ਜ਼ਿਲਾ ਪ੍ਰਧਾਨ ਤੇ ਮਿਲਕ ਪਲਾਂਟ ਸੰਗਰੂਰ ਦੇ ਸਾਬਕਾ ਚੇਅਰਮੈਨ ਖੁਸ਼ਪਾਲ ਸਿੰਘ ਬੀਰ ਕਲਾਂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਓ. ਐੱਸ. ਡੀ. ਰਹੇ ਸੁਖਵਿੰਦਰ ਸਿੰਘ ਸੁੱਖ ਦੀ ਅਗਵਾਈ ’ਚ ਪਿੰਡ ਬੀਰ ਕਲਾਂ ਰੱਖੇ ਸਮਾਗਮ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਢੀਂਡਸਾ ਸਾਹਿਬ ਨੇ ਪਾਰਟੀ ਦੀ ਪਿੱਠ ’ਚ ਛੂਰਾ ਮਾਰਿਆ ਹੈ ਤੇ ਅਕਾਲੀ ਵਰਕਰਾਂ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ। ਢੀਂਡਸਾ ਸਾਹਿਬ ਅੱਜ ਜੋ ਕੁਝ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਦਲੌਤ ਹਨ।

ਇਸ ਮੌਕੇ ਖੁਸ਼ਪਾਲ ਸਿੰਘ ਬੀਰ ਕਲਾਂ ਤੇ ਸੁਖਵਿੰਦਰ ਸਿੰਘ ਸੁੱਖ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਲੋਕਾਂ ਨੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ। ਪਾਰਟੀ ’ਚ ਸ਼ਾਮਲ ਹੋਣ ’ਤੇ ਇਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਸ਼ਾਮਲ ਹੋਣ ਨਾਲ ਇਸ ਇਲਾਕੇ ’ਚੋਂ ਪਾਰਟੀ ਨੂੰ ਭਾਰੀ ਬਲ ਮਿਲਿਆ ਹੈ।

ਇਸ ਸਮੇਂ ਅਕਾਲੀ ਆਗੂ ਬਲਦੇਵ ਸਿੰਘ ਮਾਨ, ਗਗਨਜੀਤ ਸਿੰਘ ਬਰਨਾਲਾ, ਇਕਬਾਲ ਸਿੰਘ ਝੂੰਦਾਂ, ਵਿਨਰਜੀਤ ਸਿੰਘ ਗੋਲਡੀ, ਰਵਿੰੰਦਰ ਚੀਮਾਂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ, ਗੁਰਪ੍ਰੀਤ ਸਿੰਘ ਲਖਮੀਰਵਾਲਾ , ਟੇਕ ਸਿੰਘ ਧਨੌਲਾ, ਜਥੇ. ਤੇਜਾ ਸਿੰਘ ਕਮਾਲਪੁਰ, ਮੋਹਨ ਲਾਲ ਸ਼ਾਹਪੁਰ, ਬਾਬਾ ਹਰਬੰਸ ਸਿੰਘ ਪੱੱਕਾ ਡੇਰਾ ਤੇ ਹੋਰ ਆਗੂ ਸ਼ਾਮਲ ਸਨ।

‘ਢੀਂਡਸਾ ਪਰਿਵਾਰ ਸਿਰਫ ਸੱਤਾ ਦਾ ਹੀ ਭੁੱਖਾ’

ਮੂਨਕ (ਵਰਤੀਆ, ਸੈਣੀ)-ਪੰਜਾਬ ਦੀ ਕੈਪਟਨ ਸਰਕਾਰ ਹਰ ਪਾਸੇ ਫੇਲ ਨਜ਼ਰ ਆ ਰਹੀ ਹੈ। ਇਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਨਜ਼ਰ ਆ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਾਨ ਸ਼ਹੀਦ ਅਕਾਲੀ ਫੁੱਲਾ ਸਿੰਘ ਦੀ ਨਗਰੀ ਪਿੰਡ ਦੇਹਲਾਂ ਸੀਹਾਂ ਹਲਕਾ ਲਹਿਰਾ ਵਿਖੇ ਨਤਮਸਤਕ ਹੁੰਦੇ ਹੋਏ ਕੀਤਾ।

ਉਨ੍ਹਾਂ ਕਿਸਾਨਾਂ, ਅਕਾਲੀ ਵਰਕਰਾਂ ਅਤੇ ਹੋਰ ਮੌਕੇ ’ਤੇ ਮੌਜੂਦ ਹਰ ਤਬਕੇ ਦੇ ਲੋਕਾਂ ਦੇ ਰੂ-ਬਰੂ ਹੋ ਕੇ ਕਿਹਾ ਕਿ ਮੌਕੇ ਦੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਸਗੋਂ ਬਾਦਲ ਸਰਕਾਰ ਸਮੇਂ ਚਲਾਈਆਂ ਗਈਆਂ ਲੋਕਾਂ ਦੀ ਭਲਾਈ ਦੀਆਂ ਤਮਾਮ ਸਕੀਮਾਂ ਬੰਦ ਕਰ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਢੀਂਡਸਾ ਪਰਿਵਾਰ ਨੂੰ ਆੜੇ ਹੱਥ ਲੈਂਦੇ ਹੋਏ ਕਿਹਾ ਕਿ ਢੀਂਡਸਾ ਪਰਿਵਾਰ ਸਿਰਫ ਸੱਤਾ ਦਾ ਹੀ ਭੁੱਖਾ ਨਜ਼ਰ ਆਉਂਦਾ ਹੈ ਕਿਉਂਕਿ ਜੋ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਏ ਗਏ ਫੈਸਲਿਆਂ ਦੇ ਰੋਸ ’ਚ ਇਨ੍ਹਾਂ ਨੂੰ ਰਾਜ ਸਭਾ ’ਚ ਅਸਤੀਫਾ ਦੇਣਾ ਚਾਹੀਦਾ ਸੀ ਪਰ ਲੱਗਦਾ ਹੈ ਕਿ ਢੀਂਡਸਾ ਸਾਹਿਬ ਨੂੰ ਆਪਣੀ ਕੁਰਸੀ ਪੰਜਾਬ ਦੇ ਕਿਸਾਨਾਂ ਨਾਲੋਂ ਜ਼ਿਆਦਾ ਪਿਆਰੀ ਜਾਪਦੀ ਹੈ।

ਇਸ ਮੌਕੇ ਮੂਨਕ ਵਿਖੇ ਗਿਆਨ ਨਿਰੰਜਨ ਸਿੰਘ ਭੁਟਾਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦੇ ਘਰ ਪਹੁੰਚੇ ਜਿੱਥੇ ਨਿਰੰਜਨ ਸਿੰਘ ਭੁਟਾਲ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਇਕਬਾਲ ਸਿੰਘ ਝੂੰਦਾਂ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਬਲਦੇਵ ਸਿੰਘ ਮਾਨ, ਤੇਜਾ ਸਿੰਘ ਕਮਾਲਪੁਰੀਆ, ਹਰਦੀਪ ਸਿੰਘ ਮਕੌਰੜ ਸਾਹਿਬ, ਸੇਰਾ ਸਿੰਘ ਮੂਨਕ, ਸੂਰਜ ਮੱਲ ਗੁਲਾੜੀ ਤੇ ਵਰਿੰਦਰ ਨੀਟੂ ਆਦਿ ਹਾਜ਼ਰ ਸਨ।


author

Bharat Thapa

Content Editor

Related News