ਮੁਕੰਦਪੁਰ-ਫਗਵਾੜਾ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ
Friday, Apr 06, 2018 - 01:46 AM (IST)

ਮੁਕੰਦਪੁਰ, (ਸੰਜੀਵ)- ਖਸਤਾ ਹਾਲਤ ਮੁਕੰਦਪੁਰ-ਫਗਵਾੜਾ ਸੜਕ ਕਰ ਕੇ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ ਤੇ ਕਈ ਅਪੰਗ ਹੋ ਚੁੱਕੇ ਹਨ।
ਇਸ ਸੜਕ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਰਹਾਲ ਮੁੰਡੀ, ਜਗਤਪੁਰ, ਬੱਲੋਵਾਲ ਅਤੇ ਹੋਰ ਪਿੰਡਾਂ ਦੇ ਲੋਕਾਂ ਨੇ ਸਰਹਾਲ ਮੁੰਡੀ ਬੱਸ ਸਟੈਂਡ 'ਤੇ 200 ਦੇ ਕਰੀਬ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਖਿਲਾਫ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਲੱਖਣ ਸਿੰਘ ਅੱਪਰਾ, ਮੋਹਨ ਸਿੰਘ, ਲਖਵੀਰ ਸਿੰਘ ਸਰਹਾਲ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਆਗੂ ਰਣਜੀਤ ਸਿੰਘ, ਜੋਗਰਾਜ ਰੱਤੂ, ਕੁਲਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਜਦੋਂ ਤੋਂ ਕਾਂਗਰਸ ਦੀ ਸਰਕਾਰ ਪੰਜਾਬ ਵਿਚ ਸੱਤਾ 'ਤੇ ਕਾਬਜ਼ ਹੋਈ ਹੈ ਉਸ ਟਾਈਮ ਤੋਂ ਪੰਜਾਬ ਦੇ ਹਰ ਖੇਤਰ ਵਿਚ ਵਿਕਾਸ ਜੂੰ ਦੇ ਚਾਲੇ ਚੱਲ ਰਿਹਾ ਹੈ ਤੇ ਸੜਕ ਹਾਦਸਿਆਂ 'ਚ ਲੋਕ ਆਪਣੀਆਂ ਕੀਮਤੀ ਜਾਨਾਂ ਦਿਨੋ-ਦਿਨ ਗੁਆਉਂਦੇ ਜਾ ਰਹੇ ਹਨ ਪਰ ਪੰਜਾਬ ਦੀ ਗੂੰਗੀ ਤੇ ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣ ਲਈ ਅੱਜ ਸਿਰਫ 30 ਮਿੰਟ ਦਾ ਸੰਕੇਤਕ ਧਰਨਾ ਦਿੱਤਾ ਗਿਆ।
ਜੇਕਰ 10 ਦਿਨਾਂ ਦੇ ਅੰਦਰ-ਅੰਦਰ ਸੜਕ ਦੀ ਰਿਪੇਅਰ ਸ਼ੁਰੂ ਨਾ ਹੋਈ ਤਾਂ ਇਸ ਮੁਕੰਦਪੁਰ-ਫਗਵਾੜਾ ਸੜਕ ਦੇ ਮੁੱਦੇ ਨੂੰ ਲੈ ਕੇ ਲੋਕ ਲਹਿਰ ਪੈਦਾ ਕੀਤੀ ਜਾਵੇਗੀ ਤੇ ਹੋਰ ਹਮਖਿਆਲੀ ਅਤੇ ਮਾਨਵਤਾ ਦੇ ਰਖਵਾਲਿਆਂ ਨੂੰ ਨਾਲ ਲੈ ਕੇ ਵੱਡੀ ਪੱਧਰ 'ਤੇ ਰੋਡ ਜਾਮ ਕਰ ਕੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਹਰਭਜਨ ਸਿੰਘ, ਮਨਜੀਤ ਸਿੰਘ, ਮੋਹਨ ਸਿੰਘ ਲੇਹਲ, ਬਲਵਿੰਦਰ ਸਿੰਘ ਲੇਹਲ, ਮੋਹਨ ਸਿੰਘ ਮੰਡੀ ਆਦਿ ਹਾਜ਼ਰ ਸਨ।