ਧਰਮ ਪ੍ਰਚਾਰ ਲਹਿਰ ਦੀ ਦ੍ਰਿੜਤਾ ਨਾਲ ਪਹਿਰੇਦਾਰੀ ਕਰਨ ਪ੍ਰਚਾਰਕ: SGPC ਪ੍ਰਧਾਨ ਧਾਮੀ
Thursday, May 26, 2022 - 08:07 PM (IST)
ਅੰਮ੍ਰਿਤਸਰ, ਪਟਿਆਲਾ (ਦੀਪਕ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ’ਚ ਮਾਲਵਾ ਜ਼ੋਨ ਦੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਅਤੇ ਪ੍ਰਚਾਰਕ ਸਾਹਿਬਾਨ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਹੋਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ‘ਭਵਿੱਖੀ ਚੁਣੌਤੀਆਂ’ ਦੇ ਸੰਦਰਭ ’ਚ ਪ੍ਰੇਰਦਿਆਂ ਕਿਹਾ ਕਿ ਧਰਮ ਪ੍ਰਚਾਰ ਲਹਿਰ ਨੂੰ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਪਹੁੰਚਾਉਣ ਲਈ ਪ੍ਰਚਾਰਕ ਪੂਰੀ ਦ੍ਰਿੜਤਾ ਨਾਲ ਪਹਿਰੇਦਾਰੀ ਕਰਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਪ੍ਰਚਾਰ ਪਸਾਰ ਲਈ ਸ਼੍ਰੋਮਣੀ ਕਮੇਟੀ ਵੱਡਮੁੱਲੇ ਕਾਰਜ ਕਰ ਰਹੀ ਅਤੇ ਇਸ ਲਹਿਰ ਨੂੰ ਪ੍ਰਚੰਡ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪ੍ਰਚਾਰਕ ਸਾਹਿਬਾਨ ਨੂੰ ਆਪਣਾ ਅਹਿਮ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਅਜੌਕੇ ਦੌਰ ਵਿਚ ਬਹੁਤ ਸਾਰੀਆਂ ਪੰਥ ਵਿਰੋਧੀ ਸ਼ਕਤੀਆਂ ‘ਖਾਲਸਾ ਪੰਥ ਦੇ ਸਿਧਾਂਤ ਅਤੇ ਗੁਰਬਾਣੀ ’ਤੇ ਲਗਾਤਾਰ ਹਮਲੇ ਕਰ ਰਹੀਆਂ ਹਨ, ਜਿਸ ਪ੍ਰਤੀ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪ੍ਰਚਾਰਕਾਂ ਨੂੰ ਵਧੇਰੇ ਸੁਚੇਤ ਰਹਿਣ ਦੇ ਨਾਲ-ਨਾਲ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ 1 ਜੂਨ ਤੋਂ 10 ਜੁਲਾਈ ਤੱਕ ਪ੍ਰਚਾਰਕ ਸਾਹਿਬਾਨ ਦੇ ਗੁਰਮਤਿ ਕੈਂਪਾਂ ਦੀ ਸ਼ੁਰੂਆਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੀਤੀ ਜਾ ਰਹੀ ਹੈ। ਸਕੂਲੀ ਬੱਚਿਆਂ ਨੂੰ ਵੀ ਗੁਰਮਤਿ ਕੈਂਪਾਂ ਦਾ ਹਿੱਸਾ ਬਣਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਧਰਮ ਦੀ ਪ੍ਰਚਾਰ ਪਸਾਰ ਮੁਹਿੰਮ ਨੂੰ ਪ੍ਰਚੰਡ ਰੂਪ ਵਿਚ ਜਾਰੀ ਰੱਖਣ ਲਈ ਪ੍ਰਚਾਰਕ ਗੁਰਮਤਿ ਕਲਾਸਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਆਈਟੀਵਿੰਗ ਨੂੰ ਭੇਜਣ ਤਾਂ ਕਿ ਸ਼ੋਸ਼ਲ ਨੈਟਵਰਕ ਰਾਹੀਂ ਸੰਗਤਾਂ ਤੱਕ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਪਹੁੰਚਾਇਆ ਜਾ ਸਕੇ।
ਇਸ ਮੌਕੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਅਤੇ ਜਨ. ਸਕੱਤਰ ਜਥੇ. ਕਰਨੈਲ ਸਿੰਘ ਪੰਜੋਲੀ ਨੇ ਸੰਸਥਾ ਵੱਲੋਂ ਗੁਰਬਾਣੀ ਦੇ ਪ੍ਰਚਾਰ ਪਸਾਰ ਲਈ ਕੀਤੇ ਜਾ ਰਹੇ ਮਹਾਨ ਕਾਰਜਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਪ੍ਰਚਾਰਕਾਂ ਨੂੰ ਪ੍ਰੇਰਿਆ। ਇਸ ਮੌਕੇ ਮਾਲਵਾ ਜ਼ੋਨ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ’ਚ ਬਾਬਾ ਟੇਕ ਸਿੰਘ ਧਨੌਲਾ, ਜਥੇ. ਪਰਮਜੀਤ ਸਿੰਘ ਖਾਲਸਾ, ਬੀਬੀ ਜੋਗਿੰਦਰ ਕੌਰ, ਜਥੇ. ਭੁਪਿੰਦਰ ਸਿੰਘ ਭਲਵਾਨ, ਜਥੇ. ਮੇਜਰ ਸਿੰਘ ਢਿੱਲੋਂ, ਜਥੇ. ਇੰਦਰਬੀਰ ਸਿੰਘ ਲਖਮੀਰਵਾਲਾ, ਜਥੇ. ਇੰਦਰ ਮੋਹਨ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ।