ਮਾਮਲਾ ਧਨੰਜੇ ਖੁਦਕੁਸ਼ੀ ਦਾ, ਦੋ ਹਫਤਿਆਂ ਬਾਅਦ ਵੀ ਪੁਲਸ ਦੇ ਹੱਥ ਖਾਲੀ

12/11/2019 6:02:06 PM

ਲੁਧਿਆਣਾ (ਨਰਿੰਦਰ ਮਹਿੰਦਰੂ)— ਲੁਧਿਆਣਾ ਦੇ ਇਕ ਸਕੂਲ ਵਿੱਚ 11ਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਧਨੰਜੇ ਤਿਵਾਰੀ ਸਕੂਲ ਪ੍ਰਸ਼ਾਸਨ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਬੀਤੇ ਦਿਨੀਂ ਧੰਨਜੇ ਵੱਲੋਂ ਕੀਤੀ ਗਈ ਇਸ ਖੁਦਕੁਸ਼ੀ ਦੇ ਮਾਮਲੇ ਨੂੰ ਦੋ ਹਫਤੇ ਬੀਤਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਹਾਲੇ ਤੱਕ ਖਾਲੀ ਹਨ। ਹਾਲਾਂਕਿ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਲੁਕਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਐੱਸ. ਜੀ. ਡੀ. ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਅਧਿਆਪਕ ਹਾਲੇ ਵੀ ਫਰਾਰ ਚੱਲ ਰਹੇ ਹਨ। ਉਧਰ ਦੂਜੇ ਪਾਸੇ ਸਕੂਲ ਪ੍ਰਸ਼ਾਸਨ ਵੀ ਮਾਮਲੇ 'ਤੇ ਚੁੱਪੀ ਧਾਰੀ ਬੈਠਾ ਹੈ। ਸਕੂਲ ਹੁਣ ਵਾਈਸ ਪ੍ਰਿੰਸੀਪਲ ਵੰਦਨਾ ਚਲਾ ਰਹੀ ਹੈ। 

ਥਾਣਾ ਡਾਬਾ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਹਾਲੇ ਵੀ ਜਾਰੀ ਹੈ ਅਤੇ ਉਨ੍ਹਾਂ ਦੇ ਮੋਬਾਇਲ ਵੀ ਟਰੇਸ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ, ਜਿਸ ਲਈ ਮੁਲਜ਼ਮਾਂ ਦੀ ਪਾਸਪੋਰਟ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ।  ਉਥੇ ਹੀ ਦੂਜੇ ਪਾਸੇ ਸਕੂਲ ਪ੍ਰਸ਼ਾਸਨ ਸਵਾਲਾਂ ਤੋਂ ਬੱਚਦਾ ਵਿਖਾਈ ਦੇ ਰਿਹਾ ਹੈ। ਸਕੂਲ ਦੀ ਵਾਈਸ ਪ੍ਰਿੰਸੀਪਲ ਵੰਦਨਾ ਨੂੰ ਜਦੋਂ ਮੁਲਜ਼ਮਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਧਰ ਸਕੂਲ ਦੀ ਇਕ ਬੱਚੀ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਵੀ ਉਸ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡਾਬਾ 'ਚ ਗੁਰਮੇਲ ਨਗਰ ਦੇ ਰਹਿਣ ਵਾਲੇ ਵਿਦਿਆਰਥੀ ਧਨੰਜੇ ਤਿਵਾਰੀ ਘਰ 'ਚ ਰੱਸੀ ਦੇ ਸਹਾਰੇ ਫਾਹ ਲਗਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ ਸੀ। ਉਸ ਨੇ ਆਪਣੀ ਮੌਤ ਲਈ ਸਕੂਲ ਪ੍ਰਿੰਸੀਪਲ, ਡਾਇਰੈਕਟਰ ਅਤੇ ਮੈਡਮ ਪੂਨਮ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਟੀਚਰਾਂ ਅਤੇ ਪ੍ਰਿੰਸੀਪਲ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਉਸ ਦੇ ਬੇਟੇ ਦੀ ਬੇਇੱਜ਼ਤੀ ਕੀਤੀ, ਫਿਰ ਹੱਥ-ਪੈਰ ਬੰਨ੍ਹ ਕੇ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਨ੍ਹਾਂ ਦੇ ਬੇਟੇ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ। ਹਾਲਾਂਕਿ ਪ੍ਰਿੰਸੀਪਲ ਅਤੇ ਟੀਚਰਾਂ ਨੇ ਦੋਸ਼ਾਂ ਨੂੰ ਝੂਠ ਦੱਸਿਆ।


shivani attri

Content Editor

Related News