ਗੁਰਦੁਆਰਾ ਸਾਹਿਬ ਦੀਆਂ ਕੁਰਸੀਆਂ ਨੂੰ ਅੱਗ ਲਾਉਣ ਦੇ ਮਾਮਲੇ ‘ਤੇ ਬੋਲੇ SGPC ਪ੍ਰਧਾਨ ਧਾਮੀ, ਜਾਣੋ ਕੀ ਕਿਹਾ
Wednesday, Dec 14, 2022 - 10:59 PM (IST)
ਜਲੰਧਰ (ਬਿਊਰੋ) : ਜਲੰਧਰ ਦੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ’ਚੋਂ ਕੱਲ੍ਹ ਕੁਰਸੀਆਂ ਬਾਹਰ ਕਢਵਾ ਕੇ ਅੱਗ ਲਗਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਸਨ। ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਜਾਇਜ਼ਾ ਲਿਆ ਕਿ ਆਖਿਰਕਾਰ ਸਥਿਤੀ ਕੀ ਹੈ ਤੇ ਕਿਸ ਤਰੀਕੇ ਨਾਲ ਇਥੇ ਕੁਰਸੀਆਂ ਲੱਗੀਆਂ ਹੋਈਆਂ ਸਨ। ਜਿਨ੍ਹਾਂ ਕੁਰਸੀਆਂ ਨੂੰ ਗੁਰਦੁਆਰਾ ਸਾਹਿਬ ’ਚੋਂ ਕੱਢ ਕੇ ਅੱਗ ਲਗਾਈ ਗਈ ਸੀ, ਕੀ ਸੱਚਮੁੱਚ ਮਰਿਆਦਾ ਦੇ ਉਲਟ ਰੱਖੀਆਂ ਗਈਆਂ ਸਨ। ਇਨ੍ਹਾਂ ਸਭ ਗੱਲਾਂ ਦੇ ਮੱਦੇਨਜ਼ਰ ਪ੍ਰਧਾਨ ਧਾਮੀ ਨੇ ਅੱਜ ਜਲੰਧਰ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਪੰਜਾਬ ਦੀ ਅਪਰਾਧ ਦਰ ਹੋਰ ਰਾਜਾਂ ਨਾਲੋਂ ਬਿਹਤਰ, MP ਸੰਜੀਵ ਅਰੋੜਾ ਵੱਲੋਂ ਗਏ ਪੁੱਛੇ ਸਵਾਲ ਦਾ ਮਿਲਿਆ ਜਵਾਬ
ਬੀਤੇ ਕੱਲ੍ਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਸਨ ਕਿ ਸਾਡੇ ਵੱਲੋਂ ਜੋ ਕੁਰਸੀਆਂ ਰੱਖੀਆਂ ਗਈਆਂ ਸਨ, ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ’ਚ ‘ਖਾਲਸਾ ਵਹੀਰ’ ਵੱਲੋਂ ਚੁਕਵਾ ਦਿੱਤਾ ਗਿਆ ਤੇ ਕੁਰਸੀਆਂ ਨੂੰ ਅੱਗ ਲਗਾ ਦਿੱਤੀ ਗਈ। ਇਸ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਵਾਂਗੇ ਤੇ ਉਨ੍ਹਾਂ ਨੂੰ ਬੇਨਤੀ ਕਰਾਂਗੇ ਕਿ ਇਸ ਗੱਲ ਦੀ ਸੱਚਾਈ ਬਾਹਰ ਲਿਆਂਦੀ ਜਾਵੇ ਕਿ ਕੀ ਵਾਕਈ ਇਹ ਮਰਿਆਦਾ ਦੇ ਹਿਸਾਬ ਨਾਲ ਠੀਕ ਹੈ ਜਾਂ ਨਹੀਂ। ਇਸ ਸਭ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਪਹੁੰਚੇ ਸਨ। ਇਸ ਮੌਕੇ ਪ੍ਰਧਾਨ ਧਾਮੀ ਨੇ ਕਿਹਾ ਕਿ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਾਰ ਸੁਣ ਲਏ ਹਨ ਅਤੇ ਅੱਗੋਂ ਵਿਚਾਰ ਕਰਕੇ ਜੋ ਵੀ ਫ਼ੈਸਲਾ ਹੋਵੇਗਾ, ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।