ਪੰਜਾਬ ਪੁਲਸ ਨੂੰ ਨਵੇਂ ਸਾਲ ਦਾ ਤੋਹਫਾ, 8 ਘੰਟੇ ਡਿਊਟੀ ਤੇ ਮਿਲੇਗੀ ਹਫਤਾਵਰੀ ਛੁੱਟੀ

Wednesday, Jan 01, 2020 - 06:43 PM (IST)

ਪੰਜਾਬ ਪੁਲਸ ਨੂੰ ਨਵੇਂ ਸਾਲ ਦਾ ਤੋਹਫਾ, 8 ਘੰਟੇ ਡਿਊਟੀ ਤੇ ਮਿਲੇਗੀ ਹਫਤਾਵਰੀ ਛੁੱਟੀ

ਚੰਡੀਗੜ੍ਹ : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਪੁਲਸ ਮੁਖੀ ਦਾ ਅਹੁਦਾ ਸੰਭਾਲਿਆ ਲਗਭਗ 11 ਮਹੀਨਿਆਂ ਦਾ ਸਮਾਂ ਹੋ ਗਿਆ ਹੈ। ਡੀ. ਜੀ. ਪੀ. ਦਾ ਕਹਿਣਾ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਗੈਂਗਸਟਰਾਂ 'ਤੇ ਸਖਤੀ ਨਾਲ ਨੱਥ ਪਾਈ ਗਈ ਹੈ। ਡੀ. ਜੀ. ਪੀ. ਮੁਤਾਬਕ ਪੰਜਾਬ ਵਿਚ ਹੁਣ ਸਿਰਫ ਉਂਗਲਾ ਦੇ ਪੋਟਿਆਂ 'ਤੇ ਗਿਣੇ ਜਾ ਸਕਣ ਜਿੰਨੇ ਹੀ ਗੈਂਗਸਟਰ ਬਾਕੀ ਬਚੇ ਹਨ। ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਦਿਨਕਰ ਗੁਪਤਾ ਨੇ ਆਖਿਆ ਕਿ ਮਾਰਚ 2017 ਤੋਂ ਕੈਪਟਨ ਸਰਕਾਰ ਆਉਣ ਤੋਂ ਬਾਅਦ 2,322 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਅੱਗੇ ਬੋਲਦੇ ਹੋਏ ਪੁਲਸ ਮੁਖੀ ਨੇ ਦੱਸਿਆ ਕਿ ਨਵੇਂ ਸਾਲ ਮੌਕੇ 80000 ਜਵਾਨ ਪੁਲਸ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਹੁਣ ਸਿਰਫ 8 ਘੰਟੇ ਹੀ ਡਿਊਟੀ ਦੇਣੀ ਪਿਆ ਕਰੇਗੀ ਅਤੇ ਉਨ੍ਹਾਂ ਨੂੰ ਹਫਤਾਵਰੀ ਛੁੱਟੀ ਵੀ ਮਿਲੇਗੀ। 

ਗੈਂਗਵਾਰ ਦੀਆਂ ਘਟਨਾਵਾਂ ਅਤੇ ਜੇਲ ਵਿਚ ਬੰਦ ਇਕ ਗੈਂਗਸਟਰ ਦੇ ਇਕ ਮੰਤਰੀ ਨਾਲ ਸੰਬੰਧ ਹੋਣ ਦੇ ਦੋਸ਼ ਲਗਾਉਣ ਤੋਂ ਬਾਅਦ ਸਾਬਕਾ ਅਕਾਲੀ ਮੰਤਰੀ ਨੂੰ ਮਿਲੀਆਂ ਧਮਕੀਆਂ 'ਤੇ ਬੋਲਦਿਆਂ ਗੁਪਤਾ ਨੇ ਕਿਹਾ ਕਿ ਪੁਲਸ ਕਾਨੂੰਨ ਅਨੁਸਾਰ ਆਪਣਾ ਕੰਮ ਕਰ ਰਹੀ ਹੈ। ਗੈਂਗਸਟਰਾਂ ਨੂੰ ਜੇਲਾਂ ਵਿਚ ਸਿਆਸੀ ਸਰਪ੍ਰਸਤੀ ਦੇਣ ਦੇ ਲੱਗ ਰਹੇ ਦੋਸ਼ਾਂ 'ਤੇ ਉਨ੍ਹਾਂ ਕਿਹਾ ਕਿ ਫਿਲਹਾਲ ਅਜੇ ਤਕ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ ਜਿਸ ਨਾਲ ਸਿਆਸੀ ਲੀਡਰ ਅਤੇ ਗੈਂਗਸਟਰ ਦੇ ਸੰਬੰਧਾਂ ਦਾ ਖੁਲਾਸਾ ਹੋ ਸਕੇ।


author

Gurminder Singh

Content Editor

Related News