ਲੁਧਿਆਣਾ ਗੈਂਗਰੇਪ ਮਾਮਲੇ 'ਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕੀਤੇ ਵੱਡੇ ਖੁਲਾਸੇ (ਵੀਡੀਓ)
Thursday, Feb 14, 2019 - 04:11 PM (IST)
ਲੁਧਿਆਣਾ/ਮੁੱਲਾਂਪੁਰ ਦਾਖਾ (ਰਿਸ਼ੀ, ਕਾਲੀਆ) - ਬੀਤੇ ਸ਼ਨੀਵਾਰ ਨੂੰ ਪਿੰਡ ਈਸੇਵਾਲ 'ਚ 20 ਸਾਲਾ ਲੜਕੀ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਨੂੰ ਲੁਧਿਆਣਾ, ਜਗਰਾਓਂ ਤੇ ਖੰਨਾ ਪੁਲਸ ਦੀਆਂ ਟੀਮਾਂ ਨੇ 4 ਦਿਨਾਂ 'ਚ ਸੁਲਝਾ ਲਿਆ ਹੈ। ਪੁਲਸ ਨੇ ਅੰਮ੍ਰਿਤਸਰ ਦੀ ਟੀਮ ਤੋਂ ਬਣਵਾਏ ਗਏ ਸਕੈੱਚਾਂ ਦੇ ਆਧਾਰ 'ਤੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਕੋਲੋਂ ਵਾਰਦਾਤ 'ਚ ਵਰਤੇ ਗਏ 3 ਵਾਹਨ ਤੇ ਪੀੜਤਾ ਦੇ ਦੋਸਤ ਦੀ ਕਾਰ 'ਚੋਂ ਚੋਰੀ ਕੀਤਾ ਗਿਆ ਸਾਮਾਨ ਬਰਾਮਦ ਕੀਤਾ ਹੈ। ਫੜਿਆ ਗਿਆ ਇਕ ਮੁਲਜ਼ਮ ਨਾਬਾਲਗ ਹੈ, ਜੋ 11 ਵੀਂ ਕਲਾਸ ਦਾ ਵਿਦਿਆਰਥੀ ਹੈ। ਉਪਰੋਕਤ ਜਾਣਕਾਰੀ ਪੰਜਾਬ ਦੇ ਨਵੇਂ ਬਣੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਲੁਧਿਆਣਾ 'ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਆਈ. ਜੀ. ਰੋਪੜ ਨੀਰਜਾ (ਮਹਿਲਾ ਅਧਿਕਾਰੀ) ਦੀ ਸੁਪਰਵਿਜ਼ਨ 'ਚ ਡੀ. ਐੱਸ. ਪੀ. ਦਾਖਾ ਹਰਕਮਲ ਕੌਰ (ਮਹਿਲਾ ਅਧਿਕਾਰੀ) 60 ਦਿਨਾਂ 'ਚ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਪੂਰੀ ਕਰੇਗੀ। ਜਾਂਚ ਲਈ ਸਪੈਸ਼ਲ ਟਰੇਂਡ ਟੀਮ ਹੋਵੇਗੀ। ਪੁਲਸ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਜਾਂਚ ਪੂਰੀ ਹੋਣ ਤੋਂ 30 ਦਿਨਾਂ ਦੇ ਅੰਦਰ ਸਾਰੇ ਮੁਲਜ਼ਮਾਂ ਨੂੰ ਸਜ਼ਾ ਹੋਵੇ। ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਦੀ ਗਿਣਤੀ ਦਾ ਰਾਜ ਬਰਕਰਾਰ ਹੈ। ਪੁਲਸ ਅਨੁਸਾਰ ਪੀੜਤਾ ਨੇ ਹੁਣ ਸਿਰਫ 6 ਹੀ ਸਕੈੱਚ ਬਣਵਾਏ ਹਨ, ਹਾਲਾਂਕਿ ਪੀੜਤਾ ਨੇ ਪਹਿਲਾਂ ਮੁਲਜ਼ਮਾਂ ਦੀ ਗਿਣਤੀ 6 ਤੋਂ ਜ਼ਿਆਦਾ ਹੋਣ ਦੀ ਗੱਲ ਕਹੀ ਸੀ। ਉਥੇ ਪੁਲਸ ਵੀ ਫੜੇ ਗਏ ਮੁਲਜ਼ਮਾਂ ਤੇ ਉਨ੍ਹਾਂ ਦੇ ਕੁਝ ਸਾਥੀਆਂ ਦੇ ਬਾਰੇ ਵੀ ਹੁਣ ਤੱਕ ਪਤਾ ਨਹੀਂ ਲਵਾ ਸਕੀ ਹੈ। ਡੀ. ਜੀ. ਪੀ. ਗੁਪਤਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਪੁਲਸ ਨਿਰਪੱਖ ਜਾਂਚ ਕਰ ਰਹੀ ਹੈ। ਜੇਕਰ ਕਿਸੇ ਹੋਰ ਦਾ ਨਾਂ ਸਾਹਮਣੇ ਆਇਆ ਤਾਂ ਉਸ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।
ਕੈਪਟਨ ਚੀਫ ਜਸਟਿਸ ਇੰਡੀਆ ਨੂੰ ਮਿਲਣਗੇ
ਡੀ. ਜੀ. ਪੀ. ਗੁਪਤਾ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਉਨ੍ਹਾਂ ਨੂੰ ਸਾਰੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੇ ਆਰਡਰ ਕੀਤੇ ਸਨ, ਉਥੇ ਮੁਲਜ਼ਮਾਂ ਨੂੰ ਜਲਦ ਸਜ਼ਾ ਦਿਵਾਉਣ ਲਈ ਉਹ ਚੀਫ ਜਸਟਿਸ ਆਫ ਇੰਡੀਆ ਨੂੰ ਮਿਲਣਗੇ ਤਾਂ ਜੋ ਫਾਸਟ ਟ੍ਰੈਕ ਕੋਰਟ 'ਚ ਕੇਸ ਚਲਾ ਕੇ ਪੀੜਤਾ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾ ਸਕੇ।
ਫੜੇ ਗਏ ਮੁਲਜ਼ਮਾਂ ਦੀ ਪਛਾਣ
ਸਾਦਿਕ ਅਲੀ, ਸੋਰਮਾ, ਜਗਰੂਪ, ਸੈਫ ਅਲੀ ਖਾਨ, ਅਜੇ ਕੁਮਾਰ ਨਾਬਾਲਗ।