...ਤਾਂ ਇਹ ਸੀ 'ਫਤਿਹਵੀਰ' ਦੀ ਇੱਛਾ (ਵੀਡੀਓ)
Thursday, Jun 13, 2019 - 04:27 PM (IST)
ਜਲੰਧਰ (ਵੈੱਬ ਡੈਸਕ) : ਸੰਗਰੂਰ ਦੇ ਭਗਵਾਨਪੁਰਾ ਪਿੰਡ 'ਚ ਵੀਰਵਾਰ ਦੀ ਸ਼ਾਮ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 2 ਸਾਲਾ ਫਤਿਹਵੀਰ ਸਿੰਘ ਆਖਿਰ 109 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ ਸੀ। ਮੰਗਲਵਾਰ ਤੜਕੇ 5 ਵਜੇ ਬੋਰਵੈੱਲ 'ਚੋਂ ਕੱਢੇ ਫਤਿਹਵੀਰ ਦਾ ਸੋਮਵਾਰ (10 ਜੂਨ) ਨੂੰ ਜਨਮ ਦਿਨ ਸੀ। ਬੋਰਵੈੱਲ ਦੇ ਬਰਾਬਰ ਖੱਡਾ ਬਣਾ ਕੇ ਅਤੇ ਫਿਰ ਦੋਹਾਂ ਵਿਚਕਾਰ ਸੁਰੰਗ ਬਣਾ ਕੇ ਬੱਚੇ ਨੂੰ ਬਚਾਉਣ ਦਾ ਯਤਨ ਕਰੀਬ 5 ਦਿਨਾਂ ਤਕ ਜਾਰੀ ਰਿਹਾ। ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਸੀ ਕਿ ਫਤਿਹਵੀਰ ਦੀ ਜ਼ਿੰਦਗੀ ਨੂੰ ਕੋਈ ਬਚਾ ਕਿਉਂ ਨਹੀਂ ਸਕਿਆ, ਹਰ ਦਿਲ ਤੋਂ ਸਿਸਕੀ ਨਿਕਲ ਰਹੀ ਸੀ, ਗਰਦਨ ਝੁਕੀ ਹੋਈ ਸੀ। ਭਗਵਾਨਪੁਰਾ ਪਿੰਡ 'ਚ ਆਲੇ-ਦੁਆਲੇ ਦੇ ਪਿੰਡਾਂ ਅਤੇ ਬਹੁਤ ਦੂਰ-ਦੂਰ ਤੋਂ ਲੋਕ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। ਆਪਣੇ ਇਕਲੌਤੇ ਪੁੱਤਰ, ਜਿਸ ਨੂੰ ਪਰਿਵਾਰ ਨੇ ਕਿੰਨੀਆਂ ਮੰਨਤਾਂ ਤੋਂ ਬਾਅਦ ਲਿਆ ਸੀ, ਨੂੰ ਮ੍ਰਿਤਕ ਦੇਖ ਕੇ ਪਰਿਵਾਰ ਦੇ ਵਿਰਲਾਪ ਨੇ ਹਰ ਰੂਹ ਨੂੰ ਹਿਲਾ ਦਿੱਤਾ ਸੀ। ਮਾਤਾ ਗਗਨਦੀਪ ਕੌਰ ਦੇ ਵਿਰਲਾਪ ਨੇ ਮਾਹੌਲ ਨੂੰ ਬੇਹੱਦ ਗਮਗੀਨ ਬਣਾ ਦਿੱਤਾ। ਫਤਿਹਵੀਰ ਸਿੰਘ ਦੇ ਪਿਤਾ ਵਿੱਕੀ ਸਿੰਘ ਦੀਆਂ ਅੱਖਾਂ ਦੇ ਹੰਝੂ ਉਸ ਦੇ ਦਰਦ ਦੀ ਗਹਿਰਾਈ ਨੂੰ ਦੱਸ ਰਹੇ ਸਨ। ਫਤਿਹਵੀਰ ਦੀ ਚਿਖਾ ਤੋਂ ਇੰਝ ਲਗਦਾ ਸੀ ਕਿ ਜਿਵੇਂ ਕਹਿ ਰਹੀ ਹੋਵੇ ਕਿ ਮੈਂ ਤਾਂ ਚੱਲਿਆਂ ਮਾਂ ਪਰ ਕੋਈ ਹੋਰ ਫਤਿਹਵੀਰ ਸਿਸਟਮ ਦੀ ਨਾਲਾਇਕੀ ਦੀ ਬਲੀ ਨਾ ਚੜ੍ਹ ਜਾਵੇ। ਇੰਝ ਲੱਗ ਰਿਹਾ ਸੀ ਜਿਵੇਂ ਫਤਿਹ ਕਹਿ ਰਿਹਾ ਹੋਵੇ ਕਿ ਮਾਂ ਮੈਂ ਅਜੇ ਹੋਰ ਜਿਉਣਾ ਚਾਹੁੰਦਾ ਸੀ ਪਰ ਸਿਰਫ ਇੰਨ੍ਹੀਂ ਹੀ ਦੇਰ ਮੈਨੂੰ ਤੇਰੀ ਕੁੱਖ ਦਾ ਸੁੱਖ ਮਿਲਣਾ ਸੀ। ਤੁਸੀਂ ਵੀ ਪੜ੍ਹੋ ਫਤਿਹਵੀਰ ਸਿੰਘ ਲਈ ਲਿਖੀ ਗਈ ਕਵਿਤਾ ਨੂੰ :
ਮਾਂ ਤੇਰੀ ਗੋਦ ਦੇ ਵਿਚ, ਮੈਂ ਕਿੰਨੇਂ ਲਾਡ ਲਡਾਉਣੇ ਸੀ
ਇਹ ਤਾਂ ਦੂਜਾ ਜਨਮ ਦਿਨ ਸੀ, ਦਿਨ ਹੋਰ ਬੜੇ ਮੈਂ ਜਿਊਣੇ ਸੀ
ਜਦ ਮੈਂ ਦੁਨੀਆ 'ਤੇ ਆਇਆ, ਪਾਪਾ ਲਾਡ ਸੀ ਬੜਾ ਲਡਾਇਆ
ਕਦੇ ਵੀ ਨਹੀਂ ਭੁੱਲਣਾ ਮੈਨੂੰ, ਦਾਦੇ-ਦਾਦੀ ਨੇ ਚੁੱਕ ਖਿਡਾਇਆ
ਮੈਨੂੰ ਯਾਦ ਪਹਿਲਾ ਜਨਮ ਦਿਨ ਮੇਰਾ, ਤੁਸੀਂ ਚਾਵਾਂ ਨਾਲ ਮਨਾਇਆ ਸੀ
ਮੈਨੂੰ ਸੁੱਖਾਂ ਸੁੱਖ ਮੰਗਿਆ ਤੁਸੀਂ, 7 ਸਾਲਾਂ ਬਾਅਦ ਮੈਂ ਆਇਆ ਸੀ।
ਬੱਸ ਇੰਨਾ ਹੀ ਲਿਖਿਆ ਸੀ, ਮਾਂ ਤੇਰੀ ਗੋਦ ਦਾ ਸੁਖ
ਦੁਨੀਆ ਤਾਂ ਮੈਨੂੰ ਭੁੱਲ ਜਾਏਗੀ, ਪਰ ਮੈਂ ਭੁਲਾਂਗਾ ਕਿੰਝ ਤੇਰੀ ਕੁੱਖ
ਮਾਂ ਮੇਰੀ ਨੂੰ ਆਖੋ ਕੋਈ, ਉਹ ਰੱਬ ਤੋਂ ਫਿਰ ਮੈਨੂੰ ਮੰਗ ਲਿਆਵੇ,
ਬੰਦ ਕਰੋ ਇਹ ਮੌਤ ਦੇ ਬੋਰ, ਕੋਈ ਫਤਿਹਵੀਰ ਨਾ ਇਦਾ ਜਾਵੇ
ਕੋਈ ਫਤਿਹਵੀਰ ਨਾ ਇਦਾ ਜਾਵੇ, ਕੋਈ ਫਤਿਹਵੀਰ ਨਾ ਇਦਾ ਜਾਵੇ।
ਕਲਮ: ਕੁਲਵਿੰਦਰ ਮਾਹੀ