ਡੇਰਾ ਪ੍ਰੇਮੀਆਂ ਨੇ ਸੌਂਪਿਆ ਪ੍ਰਸ਼ਾਸਨ ਨੂੰ ਮੰਗ-ਪੱਤਰ

06/12/2018 4:05:28 PM

ਬਠਿੰਡਾ (ਬਲਵਿੰਦਰ)-ਬਰਗਾੜੀ ਮੋਰਚੇ ਤੋਂ ਬਾਅਦ ਪੁਲਸ ਵੱਲੋਂ ਬਹੁਤ ਸਾਰੇ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਹੁਣ ਜ਼ਿਲਾ ਫਰੀਦਕੋਟ ਦੇ ਕੁਝ ਡੇਰਾ ਪ੍ਰੇਮੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕਰ ਕੇ ਡੇਰਾ ਮੁਖੀ ਦੀ ਗ੍ਰਿਫ਼ਤਾਰ ਤੋਂ ਬਾਅਦ ਚੁੱਪ ਬੈਠੇ ਡੇਰਾ ਪ੍ਰੇਮੀ ਮੁੜ ਸਰਗਰਮ ਹੋ ਗਏ ਹਨ, ਜਿਨ੍ਹਾਂ ਅੱਜ ਡੀ. ਸੀ. ਬਠਿੰਡਾ ਰਾਹੀਂ ਮੁੱਖ ਮੰਤਰੀ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਹੈ ਕਿ ਡੇਰਾ ਪ੍ਰੇਮੀਆਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕੀਤਾ ਜਾਵੇ।
ਡੇਰਾ ਪ੍ਰੇਮੀਆਂ ਦਾ ਕਹਿਣਾ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਸਾਰੇ ਧਰਮਾਂ ਦਾ ਪੂਰਾ ਮਾਣ-ਸਤਿਕਾਰ ਕਰਦੇ ਹਨ। ਸ੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਉਨ੍ਹਾਂ ਨੂੰ ਸਿੱਖਾਂ ਦੇ ਬਰਾਬਰ ਹੀ ਦੁੱਖ ਹੋਇਆ ਸੀ। ਇਸ ਲਈ ਸਿੱਖਾਂ ਨਾਲ ਹਮਦਰਦੀ ਵੀ ਪ੍ਰਗਟਾਉਂਦੇ ਹਨ। ਪਰ ਕੁਝ ਸ਼ਰਾਰਤੀ ਅਨਸਰ ਆਪਣੀ ਰਾਜਨੀਤੀ ਚਮਕਾਉਣ ਲਈ ਸਿੱਖਾਂ ਨੂੰ ਡੇਰਾ ਪ੍ਰੇਮੀਆਂ ਵਿਰੁੱਧ ਭੜਕਾਅ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਦਾ ਬੇਅਦਬੀ 'ਚ ਬਿਲਕੁਲ ਵੀ ਹੱਥ ਨਹੀਂ ਹੈ, ਇਨ੍ਹਾਂ ਨੂੰ ਬਿਨਾਂ ਕਾਰਨ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਡੇਰਾ ਪ੍ਰੇਮੀਆਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਵਫਦ 'ਚ ਅਸ਼ਵਨੀ ਕੁਮਾਰ, ਰਜਿੰਦਰ ਕੁਮਾਰ, ਅਜੇ ਕੁਮਾਰ ਆਦਿ ਡੇਰਾ ਪ੍ਰੇਮੀ ਸ਼ਾਮਲ ਸਨ।  


Related News