ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਲਈ ਡੇਰਾ ਬਾਬਾ ਨਾਨਕ ਨਹੀਂ ਬਣ ਸਕਿਆ ਖਿੱਚ ਦਾ ਕੇਂਦਰ

12/20/2019 1:41:29 PM

ਡੇਰਾ ਬਾਬਾ ਨਾਨਕ (ਵਤਨ) - ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲ੍ਹਿਆਂ ਡੇਢ ਕੁ ਮਹੀਨੇ ਦੇ ਕਰੀਬ ਦਾ ਸਮਾਂ ਹੋ ਚੁੱਕ ਹੈ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਸੰਗਤਾਂ ਡੇਰਾ ਬਾਬਾ ਨਾਨਕ ਪਹੁੰਚ ਕੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿ ਸਥਿਤ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਵਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬਣੇ ਧੁੱਸੀ ਬੰਨ੍ਹ ’ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ ਗਏ ਹਨ। ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਦੇ ਵਿਕਾਸ ਸਬੰਧੀ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਇੱਥੋਂ ਤੱਕ ਕਿ ਡੇਰਾ ਬਾਬਾ ਨਾਨਕ ਨੂੰ ਵਿਸ਼ਵ ਪ੍ਰਸਿੱਧ ਕਰਨ ਲਈ ਕਸਬੇ ਦੀ ਦਾਣਾ ਮੰਡੀ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਤੱਕ ਕੀਤੀ ਗਈ ਪਰ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਮਗਰੋਂ ਸਰਕਾਰੀ ਦਾਅਵਿਆਂ ਦੇ ਉਲਟ ਗੁਰੂ ਕੀ ਨਗਰੀ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਨਹੀਂ ਬਣ ਸਕਿਆ।

ਇਸ ਕਰਕੇ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਵੇਰ ਨੂੰ ਡੇਰਾ ਬਾਬਾ ਨਾਨਕ ਰਾਹੀਂ ਕਰਤਾਰਪੁਰ ਸਾਹਿਬ ਜਾਂਦੀ ਹੈ ਅਤੇ ਸ਼ਾਮ ਨੂੰ ਦਰਸ਼ਨ ਕਰ ਕੇ ਵਾਪਸ ਪਰਤ ਜਾਂਦੀ ਹੈ। ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਜਿਸ ਤਰ੍ਹਾਂ ਡੇਰਾ ਬਾਬਾ ਨਾਨਕ ਸੀ, ਹੁਣ ਵੀ ਉਸੇ ਹੀ ਤਰ੍ਹਾਂ ਦਾ ਹੈ, ਤਾਂ ਇਹ ਕਹਿਣਾ ਕੁਝ ਗਲਤ ਨਹੀਂ ਹੋਵੇਗਾ। ਕਾਰ ਸੇਵਾ ਦੇ ਬਾਬਿਆਂ ਵਲੋਂ ਕਸਬੇ ’ਚ ਦੋ ਵਿਰਾਸਤੀ ਸਵਾਗਤੀ ਗੇਟ ਬਣਾਉਣ ਅਤੇ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਨੂੰ ਆਉਂਦੀਆਂ ਸੜਕਾਂ ਨੂੰ ਥੋੜਾ ਚੌੜਾ ਕਰ ਕੇ ਪ੍ਰੀਮਿਕਸ ਪਾ ਦੇਣ ਤੋਂ ਇਲਾਵਾ ਵਿਕਾਸ ਦੇ ਕੰਮਾਂ ’ਚ ਖੜੋਤ ਦਿਖਾਈ ਦੇ ਰਹੀ ਹੈ।

ਵਿਰਾਸਤੀ ਹਵੇਲੀ, ਹੈਰੀਟੇਜ ਸਟ੍ਰੀਟ ਤੇ ਫੂਡ ਸਟ੍ਰੀਟ ਵਰਗੇ ਪ੍ਰਾਜੈਕਟਾਂ ਦੀ ਕੋਈ ਉਘ-ਸੁੱਘ ਨਹੀਂ
ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਜ਼ੋਰ-ਸ਼ੋਰ ਨਾਲ ਐਲਾਨ ਕੀਤਾ ਸੀ ਕਿ ਕਸਬੇ ਦੇ ਨਾਲ ਲਗਦੇ ਜੋੜੀਆਂ ਕਲਾਂ ਵਿਖੇ ਵਿਰਾਸਤੀ ਹਵੇਲੀ ਬਣਾਈ ਜਾਵੇਗੀ। ਵਿਰਾਸਤ-ਏ-ਖਾਲਸਾ ਦੀ ਤਰਜ਼ ’ਤੇ ਇਸ ਦਾ ਵਿਸਥਾਰ ਕਰਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ। ਰੰਧਾਵਾ ਨੇ ਕਾਫੀ ਸਮਾਂ ਪਹਿਲਾਂ ਕਸਬੇ ਦੇ ਮੇਨ ਬਾਜ਼ਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਨਾਲ ਲਗਦੀ ਹੈਰੀਟੇਜ ਸਟ੍ਰੀਟ ਦੀ ਤਰਜ਼ ’ਤੇ ਮੇਨ ਬਾਜ਼਼ਾਰ ਨੂੰ ਹੈਰੀਟੇਜ ਸਟ੍ਰੀਟ ਬਣਾਉਣ ਦੀ ਗੱਲ ਕਹੀ ਸੀ। ਇਸ ਯੋਜਨਾ ਨੂੰ ਨੇਪਰੇ ਚਾੜਨ ਲਈ ਸ੍ਰੀ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਵਿਰਾਸਤੀ ਖੋਜ ਕੇਂਦਰ ਦੀ ਮਦਦ ਲਈ ਗਈ।

ਸੂਤਰਾਂ ਅਨੁਸਾਰ ਨਗਰ ਕੌਂਸਲ ਵਲੋਂ ਸਬੰਧਤ ਵਿਭਾਗ ਨੂੰ ਇਸ ਕੰਮ ਲਈ ਰਾਸ਼ੀ ਜਾਰੀ ਕੀਤੀ ਗਈ ਸੀ ਪਰ ਸਾਲ ਦੇ ਕਰੀਬ ਚੱਲੇ ਇਸ ਸਰਵੇ ਦੇ ਕੰਮ ਮਗਰੋਂ ਅਜੇ ਤੱਕ ਮੇਨ ਬਾਜ਼ਾਰ ਨੂੰ ਹੈਰੀਟੇਜ ਸਟ੍ਰੀਟ ਬਣਾਉਣ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ। ਕਸਬੇ ਦੀ ਦਾਣਾ ਮੰਡੀ ਵਿਖੇ ਸ਼ਰਧਾਲੂਆਂ ਦੀ ਖਿੱਚ ਲਈ ਫੂਡ ਸਟ੍ਰੀਟ ਬਣਾਉਣ ਦਾ ਪ੍ਰਾਜੈਕਟ ਸਰਕਾਰ ਵਲੋਂ ਪ੍ਰਚਾਰਿਆ ਗਿਆ ਸੀ ਪਰ ਸਰਕਾਰ ਵਲੋਂ ਇਸ ਸਬੰਧੀ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਲੋਕਾਂ ਦਾ ਕਹਿਣਾ ਹੈ ਕਿ ਜਦ ਡੇਰਾ ਬਾਬਾ ਨਾਨਕ ’ਚ ਸੰਗਤ ਦੇ ਖਿੱਚ ਦਾ ਕੇਂਦਰ ਬਣਨ ਵਾਲੀ ਕੋਈ ਚੀਜ਼ ਨਹੀਂ ਤਾਂ ਸੰਗਤ ਇੱਥੇ ਰਾਤ ਠਹਿਰੇਗੀ ਹੀ ਕਿਉਂ? ਜਦਕਿ ਇਸ ਦੇ ਨਾਲ ਲਗਦੇ ਸ਼ਹਿਰ ਅੰਮ੍ਰਿਤਸਰ ’ਚ ਤਾਂ ਲੋਕਾਂ ਲਈ ਕਈ ਕੁਝ ਵੇਖਣ ਅਤੇ ਰਾਤ ਠਹਿਰਣ ਦੇ ਵਧੀਆ ਇੰਤਜਾਮ ਹਨ।

ਡੇਰਾ ਬਾਬਾ ਨਾਨਕ ਦਾ ਆਲੀਸ਼ਾਨ ਪਾਰਕ ਅੱਧ ਵਿਚਕਾਰ ਲਟਕਿਆ
ਕਸਬੇ ਦੇ 4 ਏਕੜ ’ਚ ਬਣਨ ਵਾਲਾ ਅਤੇ ਸੁਖਜਿੰਦਰ ਰੰਧਾਵਾ ਦੇ ਡਰੀਮ ਪ੍ਰਾਜੈਕਟ ਦੇ ਨਾਂ ਨਾਲ ਜਾਣਿਆਂ ਜਾਂਦਾ ਪਾਰਕ ਨਾ ਬਣਨ ਕਾਰਨ ਵਿਵਾਦਾਂ ’ਚ ਘਿਰਦਾ ਨਜ਼ਰ ਆਇਆ। ਇਸ ਦੇ ਨਿਰਮਾਣ ਕਾਰਜਾਂ ਨੂੰ ਲੈ ਕੇ ਇਨਕੁਆਰੀ ਤੱਕ ਹੋ ਗਈ ਪਰ ਮੁੜ ਸ਼ੁਰੂ ਹੋਏ ਕੰਮ ’ਤੇ ਅਚਾਨਕ ਬ੍ਰੇਕਾਂ ਲੱਗ ਗਈਆਂ ਹਨ 

ਨਗਰ ਕੌਂਸਲ ਵਲੋਂ ਜਾਰੀ ਟੈਂਡਰਾਂ ’ਤੇ ਸ਼ੁਰੂ ਨਹੀਂ ਹੋ ਸਕਿਆ ਕੰਮ
ਕਸਬੇ ਦੀ ਨਗਰ ਕੌਂਸਲ ਵਲੋਂ ਸ਼ੁਰੂ ਕੀਤੇ ਕਰੋੜਾਂ ਦੇ ਕੰਮਾਂ ’ਚੋਂ ਟੈਂਡਰ ਪਾਸ ਹੋ ਜਾਣ ਦੇ ਬਾਵਜੂਦ ਕਸਬੇ ਦੇ ਵਿਕਾਸ ਲਈ ਕਿਸੇ ਕੰਮ ਦੀ ਸ਼ੁਰੂਆਤ ਨਹੀਂ ਹੋ ਸਕੀ। ਦੱਸ ਦਈਏ ਕਿ ਇਨ੍ਹਾਂ ਟੈਂਡਰਾਂ ਰਾਹੀਂ ਕਸਬੇ ਦੀਆਂ ਸਾਰੀਆਂ ਗਲੀਆਂ ਨਾਲੀਆਂ ਅਤੇ ਬਾਜ਼ਾਰ ਨਵੇ ਬਣਨੇ ਹਨ ਪਰ ਟੈਂਡਰ ਪਾਸ ਹੋਏ ਨੂੰ ਮਹੀਨੇ ਤੋਂ ਵਧ ਦਾ ਸਮਾਂ ਹੋ ਗਿਆ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵਲੋਂ ਇਨ੍ਹਾਂ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਦਿੱਤੇ ਜਾਣ ਦੇ ਬਾਵਜੂਦ ਵੀ ਡੇਰਾ ਬਾਬਾ ਨਾਨਕ ’ਚ ਅਜੇ ਤੱਕ ਕੋਈ ਵਿਕਾਸ ਕਾਰਜ ਸ਼ੁਰੂ ਨਹੀਂ ਹੋਇਆ।


rajwinder kaur

Content Editor

Related News