ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਸੰਗਤ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਲਾਏ ਗੇਟ
Friday, Oct 11, 2019 - 11:35 AM (IST)

ਡੇਰਾ ਬਾਬਾ ਨਾਨਕ (ਵਤਨ) : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ 'ਚ ਮਸਾਂ ਮਹੀਨਾ ਕੁ ਹੀ ਬਚਿਆ ਹੈ ਅਤੇ ਇਸ ਸਬੰਧੀ ਤਿਆਰੀਆਂ ਅਤੇ ਤਿਆਰੀਆਂ ਦੀਆਂ ਸਮੀਖਿਆ ਨੇ ਕਾਫੀ ਜ਼ੋਰ ਫੜ ਲਿਆ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਮੱਦੇਨਜ਼ਰ ਨੈਸ਼ਨਲ ਹਾਈਵੇ ਅਥਾਰਟੀ ਅਤੇ ਲੈਂਡ ਪੋਰਟ ਅਥਾਰਟੀ ਵਲੋਂ ਸੰਗਤਾਂ ਦੀ ਸਹੂਲਤਾਂ ਅਤੇ ਸੁਰੱਖਿਆ ਤੋਂ ਇਲਾਵਾ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਅਥਾਰਟੀ ਵਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਬਣ ਰਹੇ ਇੰਟੈਗ੍ਰੇਟਿਡ ਚੈੱਕ ਪੋਸਟ ਕੋਲ ਅਤੇ ਪਾਕਿਸਤਾਨ ਨੂੰ ਜੋੜਣ ਵਾਲੇ ਭਾਰਤ ਵਾਲੇ ਪਾਸੇ ਬਣੇ ਪੁਲ ਤੋਂ ਪਹਿਲਾਂ 2 ਨਵੇਂ ਗੇਟਾਂ ਦੀ ਉਸਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਜਤਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਆਉਣ ਵਾਲੀਆਂ ਲੱਖਾਂ ਹੀ ਸੰਗਤਾਂ ਨੂੰ ਕੰਟਰੋਲ ਕਰਨ ਦੇ ਮੰਤਵ ਲਈ ਇਨ੍ਹਾਂ ਗੇਟਾਂ ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਪਹਿਲੀ ਵਾਰ ਅਜਿਹਾ ਕੋਈ ਲਾਂਘਾ ਖੁੱਲ੍ਹਣਾ ਹੈ ਤਾਂ ਲੋਕਾਂ ਵਿਚ ਇਸ ਨੂੰ ਵੇਖਣ ਅਤੇ ਇਸ ਸਥਾਨ 'ਤੇ ਪਹੁੰਚਣ ਦੀ ਉਤਸੁਕਤਤਾ ਹੋਵੇਗੀ ਅਤੇ ਲਾਂਘੇ ਦੇ ਖੁੱਲ੍ਹਣ ਸਮੇਂ ਤਕਰੀਬਨ ਇਕ ਲੱਖ ਲੋਕਾਂ ਨੇ ਇਥੇ ਪਹੁੰਚਣਾ ਹੈ, ਜਿਨ੍ਹਾਂ ਨੂੰ ਕੰਟਰੋਲ ਕਰਨਾ ਔਖਾ ਹੋ ਸਕਦਾ ਹੈ ਅਤੇ ਇਸ ਦੇ ਨਾਲ-ਨਾਲ ਬੀ. ਐੱਸ. ਐੱਫ. ਦੀ ਸਹੂਲਤ ਲਈ ਵੀ ਅਜਿਹਾ ਕੀਤਾ ਗਿਆ ਹੈ ਤਾਂ ਕਿ ਮਿੱਥੇ ਸਮੇਂ ਵਿਚ ਮਿੱਥੀ ਗਿਣਤੀ ਦੇ ਲੋਕ ਹੀ ਇਸ ਗੇਟ ਰਾਹੀਂ ਲੰਘਣ।
ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਸਮੇਂ ਸੀਮਤ ਜਿਹੇ ਲੋਕਾਂ ਨੂੰ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਮਨਜ਼ੂਰੀ ਮਿਲਣੀ ਹੈ ਅਤੇ ਬਾਕੀ ਸੰਗਤ ਨੇ ਧੁੱਸੀ ਬੰਨ੍ਹ 'ਤੇ ਬਣੇ ਦਰਸ਼ਨ ਸਥਲ 'ਤੇ ਖੜ੍ਹੇ ਹੋ ਕੇ ਹੀ ਦਰਸ਼ਨ ਕਰਨੇ ਹਨ ਤਾਂ ਇਸ ਲਈ ਸੰਗਤਾਂ ਦੀ ਭੀੜ ਨੂੰ ਕਾਬੂ ਕਰਨ ਲਈ ਗੇਟਾਂ ਦੀ ਉਸਾਰੀ ਕੀਤੀ ਗਈ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੀਆਂ ਸੰਗਤਾਂ ਦੀ ਰਜਿਸਟ੍ਰੇਸ਼ਨ (ਮਨਜ਼ੂਰੀ) ਹੋਈ ਹੋਵੇਗੀ ਉਹੀ ਇਨ੍ਹਾਂ ਗੇਟਾਂ ਰਾਹੀਂ ਟਰਮੀਨਲ 'ਤੇ ਪਹੁੰਚ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਸਕਣਗੇ ਅਤੇ ਜਿਨ੍ਹਾਂ ਲੋਕਾਂ ਕੋਲ ਰਜਿਸਟ੍ਰੇਸ਼ਨ ਨਹੀਂ ਹੋਵੇਗੀ, ਉਹ ਦਰਸ਼ਨ ਸਥਲ 'ਤੇ ਖੜ੍ਹੇ ਹੋ ਕੇ ਪਹਿਲਾਂ ਦੀ ਤਰ੍ਹਾਂ ਹੀ ਦੂਰਬੀਨ ਰਾਹੀਂ ਦਰਸ਼ਨ ਕਰ ਸਕਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੰਗਤਾਂ ਲਈ ਬਣਾਇਆ ਗਿਆ ਦਰਸ਼ਨ ਸਥੱਲ ਪਹਿਲਾਂ ਦੀ ਤਰ੍ਹਾਂ ਹੀ ਸੰਗਤਾਂ ਲਈ ਖੁੱਲ੍ਹਾ ਰਹੇਗਾ ਅਤੇ ਸੰਗਤਾਂ ਇੱਥੋਂ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣਗੀਆਂ।
ਤਿੰਨ ਸ਼ਿਫਟਾਂ 'ਚ ਚੱਲ ਰਿਹਾ ਉਸਾਰੀ ਦਾ ਕੰਮ
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਇੰਟੈਗ੍ਰੇਟਿਡ ਚੈੱਕ ਪੋਸਟ 'ਚ ਉਸਾਰੀ ਕਾਰਜਾਂ ਲਈ ਤਿੰਨ ਸ਼ਿਫਟਾਂ 'ਚ ਕੰਮ ਚੱਲ ਰਿਹਾ ਹੈ। ਹਰ ਸ਼ਿਫਟ 'ਚ 800 ਵਿਅਕਤੀ (ਇੰਜੀਨੀਅਰ ਅਤੇ ਮਜ਼ਦੂਰ) ਕੰਮ ਕਰ ਰਹੇ ਹਨ। ਦਿਨ-ਰਾਤ 2500 ਵਿਅਕਤੀ ਟਰਮੀਨਲ ਦੀ ਉਸਾਰੀ ਲਈ ਕੰਮ ਕਰ ਰਹੇ ਹਨ । ਆਸ ਹੈ ਕਿ ਮਿੱਥੇ ਸਮੇਂ 'ਤੇ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਮਾਨ ਤੋਂ ਸ਼ੁਰੂ ਹੋਈ ਲਾਂਘੇ ਵਾਲੀ ਸੜਕ ਦੀ ਸਰਵਿਸ ਰੋਡ 'ਤੇ ਪ੍ਰੀਮਿਕਸ ਪੈ ਰਹੀ ਹੈ । ਹੁਣ ਸੜਕ ਦੇ ਵਿਚਕਾਰ ਬਿਜਲੀ ਦੇ ਨਵੇਂ ਖੰਭੇ ਲਾਉਣ ਜਾ ਰਹੇ ਹਾਂ ਅਤੇ ਸੜਕ ਦੀ ਸਜਾਵਟ ਲਈ ਵੀ ਕੰਮ ਸ਼ੁਰੂ ਹੋ ਚੁੱਕਾ ਹੈ।