ਲਾਂਘਾ ਖੁੱਲ੍ਹੇ ਨੂੰ ਇਕ ਮਹੀਨਾ ਪੂਰਾ, ਜਾਣੋ ਹੁਣ ਤੱਕ ਕਿੰਨੇ ਸ਼ਰਧਾਲੂ ਹੋਏ ਨਤਮਸਤਕ
Monday, Dec 09, 2019 - 11:33 AM (IST)

ਡੇਰਾ ਬਾਬਾ ਨਾਨਕ (ਵਤਨ) : ਦੋ ਦੇਸ਼ਾਂ ਨੂੰ ਧਾਰਮਕ ਆਧਾਰ 'ਤੇ ਜੋੜਣ ਵਾਲਾ ਅਤੇ ਦੋਵਾਂ ਦੇਸ਼ਾਂ ਵਿਚ ਅਮਨ ਸ਼ਾਂਤੀ ਅਤੇ ਵਪਾਰ ਲਈ ਨਵੇਂ ਰਾਹ ਖੋਲ੍ਹਣ ਵਾਲਾ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ ਅੱਜ ਇਕ ਮਹੀਨਾ ਮੁਕੰਮਲ ਹੋ ਗਿਆ ਹੈ। ਕਈ ਤਰ੍ਹਾਂ ਦੇ ਉਤਾਰ-ਚੜ੍ਹਾ ਨਾਲ ਇਸ ਲਾਂਘੇ ਨੇ ਆਪਣਾ ਇਕ ਮਹੀਨੇ ਦਾ ਸਫਰ ਸਫਲਤਾਪੂਰਵਕ ਤਰੀਕੇ ਨਾਲ ਤੈਅ ਕਰ ਲਿਆ ਹੈ ਅਤੇ ਇਕ ਮਹੀਨੇ ਵਿਚ 17,251 ਸ਼ਰਧਾਲੂਆਂ ਨੇ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ ਹਨ। ਭਾਵੇਂ ਦੋਵਾਂ ਦੇਸ਼ਾਂ ਵੱਲੋਂ ਨਿਰਧਾਰਤ 5 ਹਜ਼ਾਰ ਪ੍ਰਤੀ ਦਿਨ ਸ਼ਰਧਾਲੂਆਂ ਦਾ ਅੰਕੜਾ ਅਜੇ ਇਕ ਦਿਨ ਵੀ ਪੂਰਾ ਨਹੀਂ ਹੋਇਆ ਪਰ ਸੰਗਤ ਦੇ ਉਤਸ਼ਾਹ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰੱਖੀਆਂ ਸ਼ਰਤਾਂ ਦੀ ਹੌਲੀ-ਹੌਲੀ ਸੰਗਤ ਨੂੰ ਸਮਝ ਆ ਜਾਣ ਕਾਰਣ ਸੰਗਤਾਂ ਦੀ ਗਿਣਤੀ ਵਿਚ ਵਾਧਾ ਸਾਫ ਦਿਖਾਈ ਦੇ ਰਿਹਾ ਹੈ ਅਤੇ ਆਸ ਹੈ ਕਿ ਅਗਲੇ ਦਿਨਾਂ ਵਿਚ ਸੰਗਤਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ।
ਦੱਸ ਦਈਏ ਕਿ 9 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਭਾਰਤ-ਪਾਕਿ ਸਰਹੱਦ 'ਤੇ ਲੈਂਡ ਪੋਰਟ ਅਥਾਰਟੀ ਵਲੋਂ ਬਣਾਏ ਕਰਤਾਰਪੁਰ ਸਾਹਿਬ ਟਰਮੀਨਲ ਅਤੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬਣਾਈ ਲਗਭਗ 4 ਕਿਲੋਮੀਟਰ ਦੇ ਕਰਤਾਰਪੁਰ ਮਾਰਗ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ. ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਕ ਸਾਂਝਾ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਗਿਆ ਸੀ ਅਤੇ 9 ਨਵੰਬਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਮੀ ਤੌਰ 'ਤੇ ਆਰੰਭ ਹੋ ਗਿਆ ਸੀ। ਇਸ ਦੇ ਨਾਲ-ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਟਵੀਟ ਰਾਹੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਿਨਾਂ ਪਾਸਪੋਰਟ ਤੋਂ ਦਰਸ਼ਨ ਕਰਵਾਉਣ ਦੇ ਬਿਆਨ ਨੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੂੰ ਦੁਵਿਧਾ 'ਚ ਪਾਈ ਰੱਖਿਆ ਅਤੇ ਸੰਗਤਾਂ ਵੱਡੀ ਗਿਣਤੀ 'ਚ ਡੇਰਾ ਬਾਬਾ ਨਾਨਕ ਪਹੁੰਚ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਪਰ ਭਾਰਤ ਸਰਕਾਰ ਵਲੋਂ ਬਣਾਏ ਲਾਂਘੇ ਰਾਹੀਂ ਕਿਸੇ ਨੂੰ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਦੋਵਾਂ ਦੇਸ਼ਾਂ ਵਿਚਕਾਰ ਜੋ ਲਿਖਤੀ ਤੌਰ 'ਤੇ ਸਮਝੌਤਾ ਹੋਇਆ ਸੀ, ਉਸ 'ਚ ਪਾਸਪੋਰਟ ਦੀ ਸ਼ਰਤ ਨੂੰ ਜ਼ਰੂਰੀ ਮੰਨਿਆ ਗਿਆ ਸੀ। ਇਸ ਤੋਂ ਕੁਝ ਸਮਾਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਿਰਫ ਪਾਸਪੋਰਟ ਰਾਹੀਂ ਹੀ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਕਰ ਸਕਦੀ ਹੈ। ਇਸ ਦੇ ਨਾਲ-ਨਾਲ ਭਾਰਤ ਸਰਕਾਰ ਵਲੋਂ ਤਿਆਰ ਵੈੱਬਸਾਈਟ 'ਚ ਸੰਗਤ ਨੂੰ ਕਿਸੇ ਵੀ ਦਿਨ ਦੀ ਰਜਿਸਟ੍ਰੇਸ਼ਨ ਕਰਵਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਦਿੱਤੀ ਗਈ ਸੀ ਜੋ ਕਿ ਬਾਅਦ 'ਚ 12 ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਸ਼ਰਤ 'ਚ ਬਦਲ ਗਈ। ਪੰਜਾਬ ਸਰਕਾਰ ਵਲੋਂ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਤੱਕ ਪੈਦਲ ਚੱਲ ਕੇ ਜਾਣ ਅਤੇ ਇਸ ਸਬੰਧੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਬੱਸ ਸੇਵਾ ਦਾ ਆਰੰਭ ਕੀਤਾ ਗਿਆ ਪਰ ਸੰਗਤਾਂ ਵਲੋਂ ਕਦੇ ਕਦਾਈਂ ਹੀ ਇਸ ਬੱਸ ਸੇਵਾ ਦਾ ਫਾਇਦਾ ਲਿਆ ਗਿਆ ਅਤੇ ਕੁੱਲ ਮਿਲਾ ਕੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਇਹ ਯੋਜਨਾ ਫੇਲ ਹੁੰਦੀ ਦਿਖਾਈ ਦਿੱਤੀ।
ਜ਼ਿਲਾ ਪ੍ਰਸ਼ਾਸਨ ਨੇ ਨਹੀਂ ਕੀਤੇ ਸੰਗਤਾਂ ਲਈ ਕੋਈ ਪ੍ਰਬੰਧ
ਪੰਜਾਬ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਅਤੇ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਆਰਜ਼ੀ ਦਰਸ਼ਨ ਸਥੱਲ 'ਤੇ ਦੂਰੋਂ ਹੀ ਦਰਸ਼ਨ-ਦੀਦਾਰ ਕਰਨ ਵਾਲੀਆਂ ਸੰਗਤਾਂ ਲਈ ਸਹੂਲਤਾਂ ਦੇ ਪ੍ਰਬੰਧਾਂ ਦੇ ਦਾਅਵੇ ਵੀ ਵਫਾ ਨਹੀਂ ਹੋਏ। ਅਜੇ ਤੱਕ ਪੰਜਾਬ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੀ ਸਹੂਲਤ ਸੰਗਤ ਨੂੰ ਨਹੀਂ ਦਿੱਤੀ ਗਈ ਅਤੇ ਨਾ ਹੀ ਲੈਂਡ ਪੋਰਟ ਅਥਾਰਟੀ ਆਫ ਇੰਡੀਆਂ ਵਲੋਂ ਕਰਤਾਰਪੁਰ ਦਰਸ਼ਨ ਸਥੱਲ ਰਾਹੀਂ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ। ਸਰਹੱਦ 'ਤੇ ਬਣਾਏ ਆਰਜ਼ੀ ਦਰਸ਼ਨ ਸਥੱਲ ਦੀ ਹਾਲਤ ਪਹਿਲਾਂ ਦੀ ਤਰ੍ਹਾਂ ਹੀ ਹੈ ਅਤੇ ਕੱਚੇ ਧੁੱਸੀ ਬੰਨ੍ਹ 'ਤੇ ਪਹੁੰਚਣ ਲਈ ਬੱਚਿਆਂ, ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਲੈਂਡ ਪੋਰਟ ਅਥਾਰਟੀ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਪਲੇਠੀਆਂ ਮੀਟਿੰਗਾਂ 'ਚ ਨਵਾਂ ਦਰਸ਼ਨ ਸਥੱਲ ਬਣਾਉਣ ਅਤੇ ਦੂਰਬੀਨਾਂ ਲਾਉਣ ਦੀ ਗੱਲ ਕਹੀ ਗਈ ਸੀ, ਜੋ ਕਿ ਨੇਪਰੇ ਨਹੀਂ ਚੜ੍ਹੀ ਅਤੇ ਸੰਗਤ ਬਿਨਾਂ ਦੂਰਬੀਨ ਅਤੇ ਬਿਨਾਂ ਕਿਸੇ ਸਹੂਲਤ ਦੇ ਆਰਜ਼ੀ ਦਰਸ਼ਨ ਸਥੱਲ 'ਤੇ ਪਹੁੰਚ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਰਹੀ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਪ੍ਰਬੰਧਕਾਂ ਵਲੋਂ ਇਸ ਸਥਾਨ 'ਤੇ ਇਕ ਦੂਰਬੀਨ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਇਸ ਦੂਰਬੀਨ ਨੂੰ ਵੀ ਹੁਣ ਹਟਾ ਲਿਆ ਗਿਆ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਸੰਗਤ ਆਰਜ਼ੀ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਰਹੀ ਹੈ।
ਦਰਸ਼ਨ ਕਰ ਕੇ ਆਈਆਂ ਸੰਗਤਾਂ 'ਤੇ ਪਾਕਿਸਤਾਨ ਸਰਕਾਰ ਦੇ ਪ੍ਰਬੰਧਾਂ ਨੇ ਛੱਡੀ ਗੂੜੀ ਛਾਪ
ਇਕ ਮਹੀਨੇ ਅੰਦਰ ਜਿੰਨੀ ਵੀ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਆਈ, ਉਨ੍ਹਾਂ ਦੇ ਦਿਲਾਂ 'ਤੇ ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤੇ ਪ੍ਰਬੰਧਾਂ ਨੇ ਗੂੜੀ ਛਾਪ ਛੱਡੀ ਹੈ ਜਦਕਿ ਭਾਰਤ ਸਰਕਾਰ ਦੇ ਪ੍ਰਬੰਧਾਂ ਤੋਂ ਸ਼ੁਰੂ-ਸ਼ੁਰੂ ਵਿਚ ਸੰਗਤ ਕਾਫੀ ਨਾਖੁਸ਼ ਦਿੱਖੀ। ਭਾਵੇਂ ਭਾਰਤ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਟਰਮੀਨਲ ਦੇ ਪ੍ਰਬੰਧਾਂ 'ਚ ਜ਼ਰੂਰੀ ਸੁਧਾਰ ਲਿਆਂਦੇ ਗਏ ਹਨ ਪਰ ਪਾਕਿਸਤਾਨ ਵਲੋਂ ਕੀਤੇ ਲਾਮਿਸਾਲ ਪ੍ਰਬੰਧਾਂ ਨੇ ਭਾਰਤ ਸਰਕਾਰ ਦੇ ਪ੍ਰਬੰਧਾਂ ਨੂੰ ਫਿੱਕਿਆਂ ਕਰ ਦਿੱਤਾ ਹੈ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਪਰਤਦੀ ਸੰਗਤ ਨੇ 'ਜਗ ਬਾਣੀ' ਦੇ ਧਿਆਨ 'ਚ ਵਾਰ-ਵਾਰ ਲਿਆਂਦਾ ਹੈ ਕਿ ਜਿੱਥੇ ਉਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰ ਕੇ ਗਦਗਦ ਹੋਏ ਹਨ। ਉੱਥੇ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੀਤੇ ਪ੍ਰਬੰਧਾਂ ਨੇ ਉਨ੍ਹਾਂ ਦੇ ਦਿਲਾਂ 'ਤੇ ਗੂੜੀ ਛਾਪ ਛੱਡ ਦਿੱਤੀ ਹੈ। ਉਹ ਇਨ੍ਹਾਂ ਦਰਸ਼ਨਾਂ ਤੋਂ ਬਾਅਦ ਇੰਝ ਮਹਿਸੂਸ ਕਰ ਰਹੇ ਹਨ ਕਿ ਜਿਵੇਂ ਉਨ੍ਹਾਂ ਨੂੰ ਜਿਊਂਦੇ ਜੀ ਸਭ ਕੁਝ ਮਿਲ ਗਿਆ ਹੋਵੇ।
ਪੰਜਾਬ ਸਰਕਾਰ ਵਲੋਂ ਸੁਵਿਧਾ ਕੇਂਦਰਾਂ 'ਚ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਸੁਵਿਧਾ ਨੂੰ ਸ਼ੁਰੂ ਵੀ ਕਰ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਫੀਸ ਨਾ ਲੈਣ ਦਾ ਸਪੱਸ਼ਟੀਕਰਨ ਦੇਣ ਦਾ ਮਤਲਬ ਸਮਝ 'ਚ ਨਹੀਂ ਆਇਆ, ਸੰਗਤਾਂ ਇਸ ਸਬੰਧੀ ਭਰਮ ਭੁਲੇਖੇ 'ਚ ਹੀ ਰਹੀਆਂ ਜਦਕਿ ਸ਼੍ਰੋਮਣੀ ਕਮੇਟੀ ਵਲੋਂ ਕਰਤਾਰਪੁਰ ਸਾਹਿਬ ਲਈ ਫ੍ਰੀ ਰਜਿਸਟ੍ਰੇਸ਼ਨ ਲਈ ਕੇਂਦਰ ਖੋਲ੍ਹ ਦਿੱਤੇ ਗਏ ਹਨ।
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਪੰਜਾਬ ਅਤੇ ਹਰਿਆਣਾ, ਜਿੱਥੇ-ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰੇ ਹਨ, ਉਨ੍ਹਾਂ 'ਚ 34 ਅਜਿਹੇ ਕੇਂਦਰ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਗੋਲਡਨ ਪਲਾਜ਼ਾ 'ਚ ਵੀ 2 ਅਜਿਹੇ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਸੰਗਤ ਬਿਲਕੁਲ ਮੁਫਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਅਪਲਾਈ ਕਰ ਸਕਦੀ ਹੈ। ਡਾ. ਰੂਪ ਸਿੰਘ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਾਂਘੇ ਤੱਕ ਫ੍ਰੀ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਜੋ ਕਿ ਅੰਮ੍ਰਿਤਸਰ ਤੋਂ ਆਉਣ ਵਾਲੀ ਰੇਲ ਗੱਡੀ ਦੇ ਚਾਰ ਵਾਰ ਲਈ ਹਰ ਵਾਰੀ ਸੰਗਤ ਨੂੰ ਰੇਲਵੇ ਸਟੇਸ਼ਨ ਤੋਂ ਅਤੇ ਬੱਸ ਸਟੈਂਡ ਤੋਂ ਡੇਰਾ ਬਾਬਾ ਨਾਨਕ ਰਾਹੀਂ ਕਰਤਾਰਪੁਰ ਸਾਹਿਬ ਲਾਂਘੇ ਤੱਕ ਲਿਜਾਇਆ ਕਰੇਗੀ ਅਤੇ ਜਿਨ੍ਹਾਂ ਸੰਗਤਾਂ ਨੇ ਦੂਰੋਂ ਹੀ ਕਰਤਾਰਪੁਰ ਦਰਸ਼ਨ ਸਥੱਲ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨੇ ਹਨ, ਉਹ ਵੀ ਇਸ ਬੱਸ ਸੇਵਾ ਦਾ ਲਾਭ ਉਠਾ ਰਹੀਆਂ ਹਨ। ਜਦਕਿ ਪੰਜਾਬ ਸਰਕਾਰ ਵਲੋਂ ਬੱਸ ਸਟੈਂਡ ਤੋਂ ਕਰਤਾਰਪੁਰ ਲਾਂਘੇ ਲਈ 10 ਰੁਪਏ ਪ੍ਰਤੀ ਸਵਾਰੀ ਦਾ ਕਿਰਾਇਆ ਨਿਸ਼ਚਿਤ ਕੀਤਾ ਗਿਆ ਸੀ।
ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਰਾਹੀਂ ਆਪਣੇ ਖਰਚੇ 'ਤੇ ਰੋਜ਼ਾਨਾਂ ਕੀਰਤਨੀ ਜਥੇ ਭੇਜਣ ਜਾ ਰਹੀ ਹੈ, ਉੱਥੇ ਇਕ ਨਵੀਂ ਤਜਵੀਜ਼ ਰਾਹੀਂ ਉਹ ਭਾਰਤ ਸਰਕਾਰ ਨੂੰ ਬੇਨਤੀ ਕਰਨ ਜਾ ਰਹੀ ਹੈ ਕਿ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰ ਬਣਾਉਣ ਲਈ 10 ਦਿਨਾਂ ਦੇ ਵੀਜ਼ੇ 'ਤੇ ਇੱਥੋਂ ਲਾਂਗਰੀ ਭੇਜੇ। ਇਸ ਤਜਵੀਜ਼ ਸਬੰਧੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿਉਂਕਿ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰਾਂ ਦੇ ਪ੍ਰਬੰਧ ਨਾਕਾਫੀ ਹਨ ਅਤੇ ਸ਼੍ਰੋਮਣੀ ਕਮੇਟੀ ਆਪਣੇ ਖਰਚੇ 'ਤੇ ਲਾਂਗਰੀਆਂ ਦਾ ਗਰੁੱਪ ਭੇਜ ਕੇ ਸੰਗਤਾਂ ਨੂੰ ਲੰਗਰ ਦੀ ਸਹੂਲਤ ਪ੍ਰਦਾਨ ਕਰਨਾ ਚਾਹੁੰਦੀ ਹੈ ਅਤੇ ਇਸ ਸਬੰਧੀ ਕੇਂਦਰ ਦੀ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਲਾਂਘਾ ਖੁੱਲ੍ਹਣ ਨਾਲ ਡੇਰਾ ਬਾਬਾ ਨਾਨਕ ਸੰਸਾਰ ਪ੍ਰਸਿੱਧ ਹੋਇਆ ਅਤੇ ਵਧਣ ਲੱਗਾ ਕਾਰੋਬਾਰ
ਕਿਸੇ ਵੇਲੇ ਪਛੜੇ ਅਤੇ ਸਰਹੱਦੀ ਖੇਤਰ 'ਚ ਸ਼ੁਮਾਰ ਕਰਦਾ ਕਸਬਾ ਡੇਰਾ ਬਾਬਾ ਨਾਨਕ ਅੱਜ ਸੰਸਾਰ ਪ੍ਰਸਿੱਧ ਹੋ ਗਿਆ ਹੈ ਅਤੇ ਰੋਜ਼ਾਨਾਂ ਵੱਡੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸੰਗਤ ਇੱਥੇ ਪਹੁੰਚ ਕੇ ਕਸਬੇ ਦੀਆਂ ਰੌਣਕਾਂ ਵਧਾ ਰਹੀ ਹੈ ਅਤੇ ਹੌਲੀ-ਹੌਲੀ ਡੇਰਾ ਬਾਬਾ ਨਾਨਕ ਦਾ ਵਪਾਰ ਵੀ ਵਧਣ ਫੁੱਲਣ ਲੱਗਾ ਹੈ ਪਰ ਭਾਂਵੇ ਅਜੇ ਤਜਵੀਜ਼ ਸ਼ੁਦਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦਰਸ਼ਨ ਕਰਨ ਨਹੀਂ ਆ ਰਹੀ ਪਰ ਹੌਲੀ-ਹੌਲੀ ਸੰਗਤ ਵਧਣ ਨਾਲ ਇਸ ਸਰਹੱਦੀ ਖੇਤਰ ਦੇ ਲੋਕਾਂ ਦੇ ਵਪਾਰ ਵਧਣ ਨਾਲ ਚਿਹਰਿਆਂ 'ਤੇ ਰੌਣਕ ਸਾਫ ਵੇਖਣ ਨੂੰ ਮਿਲ ਰਹੀ ਹੈ।