ਦੂਰਬੀਨ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਦੀਆਂ ਵਧੀਆਂ ਮੁਸ਼ਕਲਾਂ
Tuesday, Oct 29, 2019 - 05:43 PM (IST)
ਡੇਰਾ ਬਾਬਾ ਨਾਨਕ (ਵਤਨ) - ਭਾਰਤ-ਪਾਕਿ ਸਰਹੱਦ 'ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਣ ਰਹੇ ਕੋਰੀਡੋਰ ਦੇ ਨਿਰਮਾਣ ਦਾ ਕੰਮ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਕੁਝ ਕੁ ਦਿਨਾਂ ਬਾਅਦ ਇਸ ਸਰਹੱਦ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਰਸਮੀ ਉਦਘਾਟਨ ਕਰ ਦਿੱਤਾ ਜਾਵੇਗਾ, ਜਿਸ ਦੀ ਵਧ ਰਹੀ ਤਾਂਘ ਕਾਰਨ ਸੰਗਤਾਂ ਵੱਡੀ ਗਿਣਤੀ 'ਚ ਭਾਰਤ-ਪਾਕਿ ਸਰਹੱਦ 'ਤੇ ਪਹੁੰਚ ਰਹੀਆਂ ਹਨ। ਸੰਗਤਾਂ ਦਰਸ਼ਨ ਸਥੱਲ 'ਤੇ ਖੜ੍ਹੇ ਹੋ ਕੇ ਇਕੋ ਦੂਰਬੀਨ ਰਾਹੀਂ ਪਾਕਿ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ ਪਰ ਇਸ ਜਗ੍ਹਾ 'ਤੇ ਲੋੜੀਂਦੀਆਂ ਸਹੂਲਤਾਂ ਨਾ ਮਿਲ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਸ਼ਨ ਸਥੱਲ ਦਾ ਮੁਆਇਨਾ ਕਰਦਿਆਂ ਪੱਤਰਕਾਰ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ 'ਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਇਕੋ ਦੂਰਬੀਨ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ।
ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਧੁੱਸੀ ਬੰਨ੍ਹ 'ਤੇ ਬਣਾਇਆ ਗਿਆ ਦਰਸ਼ਨ ਸਥੱਲ ਮਿੱਟੀ ਦਾ ਹੈ। ਸੰਗਤਾਂ ਦੀ ਵਧਦੀ ਆਮਦ ਨੂੰ ਦੇਖਦੇ ਹੋਏ ਇਸ ਜਗ੍ਹਾ 'ਤੇ ਮਿੱਟੀ ਨੂੰ ਕੱਟ ਕੇ ਕੱਚੀਆਂ ਅਤੇ ਆਰਜੀ ਪੌੜੀਆਂ ਬਣਾਈਆਂ ਗਈਆਂ ਹਨ, ਜਿਸ ਕਾਰਨ ਬਜ਼ੁਰਗਾਂ, ਅੰਗਹੀਨਾਂ ਅਤੇ ਬੱਚਿਆਂ ਨੂੰ ਧੁੱਸੀ ਬੰਨ੍ਹ 'ਤੇ ਚੜ੍ਹ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ 'ਚ ਕਾਫੀ ਮੁਸ਼ਕਲ ਹੋ ਰਹੀ ਹੈ। ਕੁਝ ਸਮਾਂ ਪਹਿਲਾਂ ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਕਿ ਜਿੰਨ੍ਹਾਂ ਕੋਲ ਪਾਸਪੋਰਟ ਹਨ, ਉਹ ਆਨ ਲਾਈਨ ਅਪਲਾਈ ਕਰਕੇ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਦੀਦਾਰ ਕਰ ਸਕਦੇ ਹਨ ਅਤੇ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹਨ, ਉਹ ਇਸ ਸਥਾਨ 'ਤੇ ਬਣੇ ਦਰਸ਼ਨ ਸਥੱਲ 'ਤੇ ਖਲ੍ਹੋ ਕੇ ਦੂਰਬੀਨ ਰਾਹੀਂ ਦਰਸ਼ਨ ਕਰ ਸਕਦੇ ਹਨ। ਲਾਂਘਾ ਖੁੱਲਣ ਮਗਰੋਂ ਦੂਰਬੀਨ ਨਾਲ ਦਰਸ਼ਨ ਕਰਨ ਵਾਲੀ ਸੰਗਤ ਨੂੰ ਪ੍ਰਸ਼ਾਸਨ ਕਿਸ ਤਰਾਂ ਸੰਭਾਲੇਗਾ, ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਇਸ ਸਬੰਧ ਵਿਚ ਜਦੋਂ ਨੈਸ਼ਨਲ ਹਾਈਵੇ ਦੇ ਅਧਿਕਾਰੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਸੰਗਤਾਂ ਨੇ ਦੂਰਬੀਨ ਰਾਹੀਂ ਦਰਸ਼ਨ ਕਰਨੇ ਹਨ, ਉਨ੍ਹਾਂ ਨੂੰ ਸਹੂਲਤਾਂ ਮੁੱਹਈਆਂ ਕਰਵਾਈਆਂ ਜਾਣਗੀਆਂ ਅਤੇ ਨਵੇਂ ਦਰਸ਼ਨ ਸਥੱਲ ਦਾ ਨਿਰਮਾਣ ਵੀ ਕੀਤਾ ਜਾਵੇਗਾ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਦੂਰਬੀਨਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਇਸ ਸਬੰਧ 'ਚ ਜਦੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ। ਇਸ ਦੇ ਸਬੰਧ 'ਚ ਲੈਂਡ ਪੋਰਟ ਅਥਾਰਟੀ ਹੀ ਸਹੀ ਜਾਣਕਾਰੀ ਦੇ ਸਕਦੀ ਹੈ। ਪੱਤਰਕਾਰ ਨੇ ਜਦੋਂ ਲੈਂਡ ਪੋਰਟ ਅਥਾਰਟੀ ਦੇ ਕਰਤਾਰਪੁਰ ਕੋਰੀਡੋਰ ਟਰਮੀਨਲ 'ਤੇ ਤਾਇਨਾਤ ਵੱਖ ਵੱਖ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।