ਖ਼ੂਬਸੂਰਤ ਦਿੱਖ ਦੀ ਸੜਕ ਅਤੇ ਟਰਮੀਨਲ ਨੇ ਵਧਾਈ ਡੇਰਾ ਬਾਬਾ ਨਾਨਕ ਵਿਖੇ ਲੋਕਾਂ ਦੀ ਉਮੀਦ

Wednesday, Dec 04, 2019 - 11:52 AM (IST)

ਖ਼ੂਬਸੂਰਤ ਦਿੱਖ ਦੀ ਸੜਕ ਅਤੇ ਟਰਮੀਨਲ ਨੇ ਵਧਾਈ ਡੇਰਾ ਬਾਬਾ ਨਾਨਕ ਵਿਖੇ ਲੋਕਾਂ ਦੀ ਉਮੀਦ

ਡੇਰਾ ਬਾਬਾ ਨਾਨਕ (ਹਰਪ੍ਰੀਤ ਸਿੰਘ ਕਾਹਲੋਂ, ਅਮਰੀਕ ਸਿੰਘ ਟੁਰਨਾ) : ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਜਾਂਦੀ 4 ਲੇਨ ਨਵੀਂ ਸੜਕ ਨੇ ਹਜ਼ਾਰਾਂ ਹੋਰ ਸੰਭਾਵਨਾਵਾਂ ਦਾ ਰਾਹ ਬਣਾਇਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਨਵੀਂ ਬਣੀ 4 ਲੇਨ ਸੜਕ ਨੇ ਸਿਰਫ ਕਰਤਾਰਪੁਰ ਦੇ ਲਾਂਘੇ ਲਈ ਰਾਹ ਹੀ ਨਹੀਂ ਬਣਾਇਆ, ਇਸ ਨੇ ਡੇਰਾ ਬਾਬਾ ਨਾਨਕ ਦੇ ਬਾਸ਼ਿੰਦਿਆਂ ਨੂੰ ਨਵੀਂ ਉਮੀਦ ਦਿੱਤੀ ਹੈ। ਦਸੰਬਰ ਦੀ ਧੁੰਦ ਭਰੀ ਸਵੇਰ ਵਿਚਾਲੇ ਡੇਰਾ ਬਾਬਾ ਨਾਨਕ ਦੇ ਜਗਤਾਰ ਸਿੰਘ ਸੈਰ ਕਰਦੇ ਹੋਏ ਮਿਲੇ। ਜਗਤਾਰ ਸਿੰਘ ਕਹਿੰਦੇ ਹਨ ਕਿ ਅੰਦਰ ਇਕ ਅਜਬ ਜਿਹੀ ਖੁਸ਼ੀ ਹੈ ਕਿ ਇਹ ਸਭ ਕੁਝ ਵੀ ਅਸੀਂ ਵੇਖਣਾ ਸੀ। ਡੇਰਾ ਬਾਬਾ ਨਾਨਕ ਤੋਂ ਲੋਕ ਹਮੇਸ਼ਾ ਦੂਜੇ ਸ਼ਹਿਰਾਂ ਨੂੰ ਚਲੇ ਗਏ ਅਤੇ ਵਿਕਾਸ ਪੱਖੋਂ ਵੀ ਇਹ ਹਮੇਸ਼ਾ ਫਾਡੀ ਹੀ ਰਿਹਾ। ਹੁਣ ਉਮੀਦ ਬਣਦੀ ਹੈ ਕਿ ਡੇਰਾ ਬਾਬਾ ਨਾਨਕ ਆਪਣੀ ਨਵੀਂ ਦਿੱਖ ਨਾਲ ਕੁਝ ਬਿਹਤਰ ਹੋਵੇਗਾ।

500 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ ਡੇਰਾ ਬਾਬਾ ਨਾਨਕ ਸਰਵੇ ਮੁਤਾਬਕ ਇੱਥੋਂ ਦੀ ਆਬਾਦੀ 6000 ਸੀ, ਜੋ ਹੁਣ 10000 ਹੈ। ਇੱਥੋਂ ਦੇ ਹੀ ਵਸਨੀਕ ਗੁਰਬਖਸ਼ ਸਿੰਘ ਦੱਸਦੇ ਹਨ ਕਿ ਡੇਰਾ ਬਾਬਾ ਨਾਨਕ ਟਰਮੀਨਲ ਬਣਨ ਕਾਰਣ ਅਤੇ ਟਰਮੀਨਲ ਨੂੰ ਜਾਂਦੀ ਹੋਈ ਇਸ ਵੱਡੀ ਸੜਕ ਕਰ ਕੇ ਡੇਰਾ ਬਾਬਾ ਨਾਨਕ ਨੂੰ ਨਵੀਂ ਦਿੱਖ ਮਿਲੀ ਹੈ। ਉਨ੍ਹਾਂ ਮੁਤਾਬਕ ਵੱਡੀ ਸੜਕ ਹੋਰ ਵਿਕਾਸ ਦਾ ਇਸ਼ਾਰਾ ਹੈ। ਸੜਕ ਦੇ ਨਾਲ ਹੋਈ ਖੂਬਸੂਰਤ ਪਲਾਂਟੇਸ਼ਨ ਇਸ ਨੂੰ ਹੋਰ ਖੂਬਸੂਰਤ ਬਣਾਉਂਦੀ ਹੈ। ਗੁਰਬਖ਼ਸ਼ ਸਿੰਘ ਹੱਸਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੇ ਤਾਂ ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੀਆਂ ਤੰਗ ਅਤੇ ਖਸਤਾ ਹਾਲ ਸੜਕਾਂ ਹੀ ਵੇਖੀਆਂ ਸਨ।

ਕਰਤਾਰਪੁਰ ਕੋਰੀਡੋਰ ਦੀ ਇਸ ਸੜਕ ਦਾ ਨਿਰਮਾਣ 8 ਮਹੀਨਿਆਂ ਦੇ ਸੀਮਤ ਸਮੇਂ ਵਿਚ ਪੂਰਾ ਕਰਨਾ ਸੀ। 90 ਕਰੋੜ ਦੀ ਲਾਗਤ ਨਾਲ ਇਸ ਸੜਕ ਦਾ ਨਿਰਮਾਣ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ। ਪਿਛਲੇ ਦਿਨਾਂ ਵਿਚ ਬੇਮੌਸਮੀ ਮੀਂਹ ਪੈਣ ਕਰ ਕੇ ਸੜਕ ਦੇ ਫੁੱਟਪਾਥ ਉੱਤੇ ਇਕ ਦੋ ਥਾਵਾਂ 'ਤੇ ਮਿੱਟੀ ਖਿਸਕੀ ਸੀ। ਸਬੰਧਤ ਅਧਿਕਾਰੀਆਂ ਮੁਤਾਬਕ ਉਹ ਇਸ ਦਾ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਮੁਤਾਬਕ ਮੀਂਹ ਦੇ ਦੌਰਾਨ ਸੜਕ ਉੱਤੇ ਇਕੱਠੇ ਹੁੰਦੇ ਪਾਣੀ ਨਾਲ ਨਜਿੱਠਣ ਲਈ ਸੜਕ ਦੇ ਨਾਲ ਡਰੇਨ ਅਤੇ ਕਲਵਟ ਪੁਲੀਆਂ ਦਾ ਨਿਰਮਾਣ ਕੀਤਾ ਗਿਆ ਹੈ। ਇਨ੍ਹਾਂ ਕਲਵਟਾਂ ਨੂੰ ਅੱਗੇ 60 ਮੀਟਰ 'ਰਾਈਟ ਆਫ ਵੇਅ' ਨਾਲਿਆਂ ਨਾਲ ਜੋੜਿਆ ਗਿਆ ਹੈ। ਸਬੰਧਤ ਅਧਿਕਾਰੀਆਂ ਮੁਤਾਬਕ ਕੰਸਟਰਕਸ਼ਨ ਦਾ ਕੰਮ ਅਜੇ ਮੁਕੰਮਲ ਨਹੀਂ ਹੋਇਆ ਅਤੇ ਉਹ ਇਸ ਬਾਰੇ ਲਗਾਤਾਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਅਥਾਰਟੀ ਸੜਕ ਅਤੇ ਨਾਲ ਲੱਗੇ ਖੇਤਾਂ ਨੂੰ ਭਾਰੀ ਮੀਂਹ ਦੇ ਨੁਕਸਾਨ ਤੋਂ ਬਚਾਉਣ ਲਈ ਸੜਕਾਂ ਦੇ ਕੰਢੇ ਹਾਰਵੈਸਟਿੰਗ ਬੋਰ ਬਣਾਏ ਜਾਣ ਉੱਤੇ ਵੀ ਵਿਚਾਰ ਕਰ ਰਹੀ ਹੈ।

ਡੇਰਾ ਬਾਬਾ ਨਾਨਕ ਤੋਂ ਕਮਲਦੀਪ ਸਿੰਘ ਅਜੋਕੀ ਸਿਆਸਤ ਬਾਰੇ ਚਰਚਾ ਕਰਦੇ ਆਪਣਾ ਨਜ਼ਰੀਆ ਕੁਝ ਇੰਝ ਪੇਸ਼ ਕਰਦੇ ਹਨ, ''ਸਮਝ ਨਹੀਂ ਆਉਂਦਾ ਕਿ ਮੁੱਖ ਮੰਤਰੀ ਪੰਜਾਬ ਅਜਿਹੇ ਬਿਆਨ ਵਾਰ ਵਾਰ ਕਿਉਂ ਦਿੰਦੇ ਹਨ। ਕਰਤਾਰਪੁਰ ਸਾਹਿਬ ਦਾ ਲਾਂਘਾ ਰੂਹਾਨੀ ਜਲਾਲ ਤਾਂ ਹੈ ਹੀ ਪਰ ਇਸ ਬਹਾਨੇ ਡੇਰਾ ਬਾਬਾ ਨਾਨਕ ਵਰਗੇ ਨਿੱਕੇ ਜਿਹੇ ਸ਼ਹਿਰ ਦੇ ਅੰਦਰ ਵਿਕਾਸ ਦੇ ਕਿੰਨੇ ਰਾਹ ਖੁੱਲ੍ਹ ਰਹੇ ਹਨ ਜਾਂ ਇਸ ਬਾਰੇ ਸਬੰਧਤ ਸਰਕਾਰਾਂ ਕਿੰਨੇ ਹੰਭਲੇ ਮਾਰ ਸਕਦੀਆਂ ਹਨ, ਕੀ ਇਸ ਬਾਰੇ ਵਿਚਾਰ ਨਹੀਂ ਕੀਤਾ ਜਾ ਸਕਦਾ?''

ਉਨ੍ਹਾਂ ਮੁਤਾਬਕ ਡੇਰਾ ਬਾਬਾ ਨਾਨਕ 'ਚ ਕਰਤਾਰ ਚੰਦ ਹਲਵਾਈ ਹਨ। ਉਨ੍ਹਾਂ ਦੀ ਜ਼ੁਬਾਨੀ ਅਸੀਂ ਸੁਣਦੇ ਆਏ ਹਾਂ ਕਿ ਉਹ ਡੇਰਾ ਬਾਬਾ ਨਾਨਕ ਤੋਂ ਗੱਡੀ ਚੜ੍ਹ ਕੇ ਨਾਰੋਵਾਲ ਰੋਜ਼ਾਨਾ ਕਾਰੋਬਾਰ ਕਰਨ ਜਾਇਆ ਕਰਦੇ ਸਨ ਅਤੇ ਵਾਪਸ ਫਿਰ ਡੇਰਾ ਬਾਬਾ ਨਾਨਕ ਪਰਤ ਆਉਂਦੇ ਸਨ। ਆਜ਼ਾਦੀ ਤੋਂ ਬਾਅਦ ਇਹ ਸਿਲਸਿਲਾ ਬੰਦ ਹੋ ਗਿਆ। ਕਾਰੋਬਾਰ ਦੇ ਨਾਲ ਆਪਸੀ ਸਾਂਝਾਂ ਵੀ ਖ਼ਤਮ ਹੋ ਗਈਆਂ। ਇਕ-ਦੂਜੇ ਨਾਲ ਸਾਂਝਾ ਰੱਖਦੇ ਲੋਕ ਬਾਰਡਰ 'ਤੇ ਮਿਲਿਆ ਕਰਦੇ ਸਨ ਅਤੇ 1965 ਦੀ ਜੰਗ ਤੋਂ ਬਾਅਦ ਉਹ ਸਿਲਸਿਲਾ ਵੀ ਖਤਮ ਹੋ ਗਿਆ। ਕਰਤਾਰ ਚੰਦ ਕੋਲ ਪਾਸਪੋਰਟ ਨਹੀਂ ਹੈ ਅਤੇ ਬਜ਼ੁਰਗ ਹੋਣ ਕਾਰਣ ਉਹ ਹੁਣ ਸਫਰ ਵੀ ਨਹੀਂ ਕਰ ਸਕਦੇ ਪਰ ਜਦੋਂ ਲਾਂਘੇ ਬਾਰੇ ਗੱਲ ਤੁਰਦੀ ਹੈ ਤਾਂ ਮੈਂ ਸੋਚਦਾ ਹਾਂ ਇਹ ਦੂਜਾ ਮੌਕਾ ਹੈ ਕਿ ਅਸੀਂ ਡੇਰਾ ਬਾਬਾ ਨਾਨਕ ਨੂੰ ਇਕ ਵੱਡੇ ਵਪਾਰਕ ਕੇਂਦਰ ਵਜੋਂ ਖੜ੍ਹਾ ਕਰ ਸਕਦੇ ਹਾਂ।

ਡੇਰਾ ਬਾਬਾ ਨਾਨਕ ਤੋਂ ਪਰਮਜੀਤ ਕੌਰ ਕਹਿੰਦੇ ਹਨ ਕਿ ਇਸ ਵੱਡੀ ਸੜਕ ਦੀਆਂ ਰੁਸ਼ਨਾਉਂਦੀਆਂ ਲਾਈਟਾਂ ਸਾਨੂੰ ਇਸ ਸ਼ਹਿਰ ਦੇ ਚੱਤੋ ਪਹਿਰ ਜਾਗਦੇ ਰਹਿਣ ਨੂੰ ਮਹਿਸੂਸ ਕਰਵਾਉਂਦੀਆਂ ਹਨ। ਇਹ ਸੜਕ 'ਤੇ ਦੇਰ ਸਵੇਰ ਸੈਰ ਕਰਦਿਆਂ ਹੁਣ ਖੌਫ ਮਹਿਸੂਸ ਨਹੀਂ ਹੁੰਦਾ ਅਤੇ ਜ਼ਹਿਨੀ ਤੌਰ 'ਤੇ ਅੰਦਰ ਦਾ ਡਰ ਖ਼ਤਮ ਹੋਇਆ ਹੈ ਕਿ ਇੱਥੇ ਜੰਗ ਨਹੀਂ ਲੱਗੇਗੀ।

ਡੇਰਾ ਬਾਬਾ ਨਾਨਕ ਵਿਖੇ ਲੋਕ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਂਦੀ ਸੜਕ ਦੀਆਂ ਤਾਰੀਫਾਂ ਕਰ ਰਹੇ ਹਨ। ਇਹ ਸੜਕ ਉੱਤੇ ਰੌਸ਼ਨ ਲਾਈਟਾਂ ਦੀ ਜਗਮਗ ਅਤੇ ਖੂਬਸੂਰਤ ਪਲਾਂਟੇਸ਼ਨ ਨੂੰ ਵੇਖਦਿਆਂ ਜੇ ਲੋਕਾਂ ਅੰਦਰ ਜੰਗ ਦਾ ਖੌਫ ਖਤਮ ਹੁੰਦਾ ਹੈ ਅਤੇ ਦੋ ਦੇਸ਼ਾਂ ਦੇ ਦਰਮਿਆਨ ਆਪਸੀ ਮੁਹੱਬਤੀ ਸਾਂਝਾਂ ਵਧਦੀਆਂ ਹਨ ਤਾਂ ਇਹ ਇਸ ਦੌਰ ਦੀ ਸਭ ਤੋਂ ਵੱਡੀ ਉਮੀਦ ਭਰੀ ਸੜਕ ਹੈ, ਜਿਸ ਨੂੰ ਅਸੀਂ 'ਰੋਡ ਟੂ ਸੰਗਮ' ਕਹਿ ਸਕਦੇ ਹਾਂ।


author

Baljeet Kaur

Content Editor

Related News