ਡੀ. ਸੀ. ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ

01/20/2018 2:23:59 PM

ਕਪੂਰਥਲਾ (ਗੁਰਵਿੰਦਰ ਕੌਰ, ਮਲਹੋਤਰਾ)— ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਕਾਨ ਮਾਲਕਾਂ ਜਾਂ ਮਕਾਨਾਂ 'ਚ ਰਹਿੰਦੇ ਕਿਰਾਏਦਾਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣੇ ਘਰਾਂ 'ਚ ਪੂਰਨ ਤੌਰ ਜਾਂ ਅੰਸ਼ਿਕ ਤੌਰ 'ਤੇ ਕੰਮ ਕਰਦੇ ਨੌਕਰਾਂ, ਨੌਕਰਾਣੀਆਂ ਤੇ ਘਰੇਲੂ ਨੌਕਰਾਂ ਆਦਿ ਦੀ ਪੂਰੀ ਜਾਣਕਾਰੀ ਰੱਖਣ। 
ਡੀ. ਸੀ. ਨੇ ਇਹ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਜਾਣਕਾਰੀ ਰੱਖਣ ਲਈ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੰਸ ਜਾਂ ਕਿਸੇ ਸਰਕਾਰੀ, ਅਰਧ ਸਰਕਾਰੀ ਸੰਸਥਾ, ਸਰਕਾਰ ਵੱਲੋਂ ਮਨਜ਼ੂਰਸ਼ੁਦਾ ਅਦਾਰੇ ਵੱਲੋਂ ਜਾਰੀ ਪਛਾਣ ਪੱਤਰ, ਜਿਸ 'ਚ ਉਸ ਵਿਅਕਤੀ ਦਾ ਨਾਂ, ਪੱਕਾ ਪਤਾ, ਫੋਟੋ ਆਦਿ ਹੋਵੇ, ਲੈ ਕੇ ਉਸ ਦੀ ਆਪਣੇ ਨਜ਼ਦੀਕੀ ਪੁਲਸ ਥਾਣੇ, ਚੌਕੀ 'ਚ ਦਰਜ ਕਰਵਾਉਣ ਅਤੇ ਉਨ੍ਹਾਂ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣੀ ਯਕੀਨੀ ਬਣਾਉਣ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਘਰਾਂ 'ਚ ਪੂਰੇ ਤੌਰ ਜਾਂ ਅੰਸ਼ਿਕ ਤੌਰ 'ਤੇ ਕੰਮ ਕਰਦੇ ਨੌਕਰਾਂ ਦਾ ਸਥਾਈ ਪਤਾ, ਰਿਕਾਰਡ ਨਹੀਂ ਰੱਖਿਆ ਜਾਂਦਾ, ਜਿਸ ਨਾਲ ਜੁਰਮ ਹੋਣ 'ਤੇ ਅਜਿਹੇ ਦੋਸ਼ੀਆਂ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਜਿਸ ਨਾਲ ਅਮਨ ਤੇ ਕਾਨੂੰਨ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। 
ਇਸੇ ਤਰ੍ਹਾਂ ਇਕ ਹੋਰ ਜਾਰੀ ਹੁਕਮ 'ਚ ਜ਼ਿਲਾ ਕਪੂਰਥਲਾ 'ਚ ਹੋਟਲ/ਰੈਸਟੋਰੈਂਟ ਤੇ ਹੁੱਕਾ ਬਾਰਾਂ ਆਦਿ 'ਚ ਤੰਬਾਕੂ ਤੇ ਨਿਕੋਟੀਨ ਵਰਗੇ ਨਸ਼ੀਲੇ ਪਦਾਰਥਾਂ ਤੋਂ ਬਣੀਆਂ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਜਾਂ ਕਿਸੇ ਹੋਰ ਢੰਗ ਨਾਲ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ ਆਦਿ 'ਚ ਤਿਆਰ ਕਰ ਕੇ ਆਉਣ ਵਾਲੇ ਗਾਹਕਾਂ ਨੂੰ ਵੇਚਣ ਜਾਂ ਸਰਵ ਕਰਨ 'ਤੇ ਪੂਰਨ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। 
ਉਨ੍ਹਾਂ ਨੇ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਹੋਟਲ, ਰੈਸਟੋਰੈਂਟ ਅਤੇ ਹੁੱਕਾ ਬਾਰਾਂ ਆਦਿ 'ਚ ਤੰਬਾਕੂ ਤੇ ਨਿਕੋਟੀਨ ਵਰਗੇ ਨਸ਼ੀਲੇ ਪਦਾਰਥਾਂ ਤੋਂ ਬਣੀਆਂ ਵੱਖ-ਵੱਖ ਖਾਣ-ਪੀਣ ਦੀਆਂ ਵਸਤੂਆਂ ਜਾਂ ਕਿਸੇ ਹੋਰ ਢੰਗ ਨਾਲ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ ਆਦਿ ਵਿਚ ਤਿਆਰ ਕਰਕੇ ਆਉਣ ਵਾਲੇ ਗਾਹਕਾਂ ਨੂੰ ਵੇਚਿਆ ਜਾਂਦਾ ਹੈ ਜਾਂ ਸਰਵ ਕੀਤਾ ਜਾਂਦਾ ਹੈ, ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ ਤੇ ਕਈ ਤਰ੍ਹਾਂ ਦੀਆਂ ਘਾਤਕ ਬੀਮਾਰੀਆਂ ਦਾ ਕਾਰਨ ਬਣਦੇ ਹਨ, ਜਿਨ੍ਹਾਂ 'ਤੇ ਲੋਕਹਿੱਤ 'ਚ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪਾਬੰਦੀ ਦੇ ਉਪਰੋਕਤ ਹੁਕਮ 20 ਮਾਰਚ 2018 ਤਕ ਲਾਗੂ ਰਹਿਣਗੇ।


Related News