ਡੇਂਗੂ ਨਾਲ ਨਜਿੱਠਣ ਲਈ ਉਪ ਮੁੱਖ ਮੰਤਰੀ ਸੋਨੀ ਵਲੋਂ ਦਿਸ਼ਾ-ਨਿਰਦੇਸ਼ ਜਾਰੀ
Monday, Oct 11, 2021 - 05:20 PM (IST)
ਅੰਮ੍ਰਿਤਸਰ ( ਵਿਪਨ ਅਰੋੜਾ) : ਸ਼ਹਿਰ ਵਿਚ ਵੱਧ ਰਹੇ ਡੇਂਗੂ ਦੇ ਕੇਸਾਂ ਨਾਲ ਨਿਜੱਠਣ ਲਈ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਿਹਤ ਵਿਭਾਗ ਨਾਲ ਕੀਤੀ ਮੀਟਿੰਗ ’ਚ ਹਦਾਇਤ ਕੀਤੀ ਕਿ ਡੇਂਗੂ ਨਾਲ ਕੋਰੋਨਾ ਦੀ ਤਰ੍ਹਾਂ ਹੀ ਦਿਨ-ਰਾਤ ਇਕ ਕਰਕੇ ਨਿਪਟਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਿਹਤ ਵਿਭਾਗ ਦੇ ਅਮਲੇ ਦੀ ਕੋਈ ਕਮੀ ਨਹੀਂ, ਹਸਪਤਾਲਾਂ ਅਤੇ ਦਵਾਈਆਂ ਦੀ ਕਮੀ ਨਹੀਂ, ਫਿਰ ਡੇਂਗੂ ਦਾ ਡੰਗ ਸਾਡੇ ਲੋਕਾਂ ਨੂੰ ਕਿਉਂ ਤੰਗ ਕਰੇ? ਸੋਨੀ ਨੇ ਸਿਹਤ ਵਿਭਾਗ ਦੇ ਅਮਲੇ ਨੂੰ ਹਿਦਾਇਤ ਕੀਤੀ ਕਿ ਸਵੇਰੇ 8 ਵਜੇ ਹਸਪਤਾਲ ਪਹੁੰਚਣਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕਿਧਰੇ ਕੋਈ ਕੁਤਾਹੀ ਹੋਈ ਤਾਂ ਉਹ ਆਪ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਹਸਪਤਾਲ ਦੀ ਜਾਂਚ ਕਰਾਂਗਾ ਅਤੇ ਜੇਕਰ ਕਿਧਰੇ ਭ੍ਰਿਸ਼ਟਾਚਾਰ ਦੀ ਬੋਅ ਆਈ ਤਾਂ ਸਬੰਧਤ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਵੇਂ ਅੰਮ੍ਰਿਤਸਰ ’ਚ 700 ਦੇ ਕਰੀਬ ਡੇਂਗੂ ਦੇ ਕੇਸ ਰਿਕਾਰਡ ਹੋਏ ਹਨ ਪਰ ਇਹ ਰਫਤਾਰ ਰੋਕਣ ਦੀ ਲੋੜ ਹੈ। ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਇਸ ਵੇਲੇ ਡੇਂਗੂ ਦੇ ਕੇਸਾਂ ਵਿਚ ਪੰਜਾਬ ’ਚੋਂ ਤੀਸਰੇ ਨੰਬਰ ’ਤੇ ਚੱਲ ਰਿਹਾ ਹੈ ਅਤੇ ਇਸ ਕੜੀ ਨੂੰ ਤੋੜਨ ਲਈ ਟੀਮ ਦੀ ਤਰ੍ਹਾਂ ਕੰਮ ਕਰੋ ਅਤੇ ਡੇਂਗੂ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਸ ਦਾ ਲਾਰਵਾ ਖਤਮ ਕਰੋ।
ਇਹ ਵੀ ਪੜ੍ਹੋ : ਈ. ਡੀ. ਵੱਲੋਂ ਵੱਡੀ ਕਾਰਵਾਈ : ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ ਦੌਰਾਨ ਵਿਦੇਸ਼ੀ ਕਰੰਸੀ ਜ਼ਬਤ
ਇਸ ਮੌਕੇ ਸਿਵਲ ਸਰਜਨ ਦੇ ਦੱਸਿਆ ਕਿ ਸ਼ਹਿਰ ਵਿਚ 40 ਅਜਿਹੇ ਇਲਾਕਿਆਂ ਦੀ ਸ਼ਨਾਖਤ ਹੋਈ ਹੈ, ਜਿੱਥੋਂ ਡੇਂਗੂ ਦੇ ਵੱਧ ਕੇਸ ਆ ਰਹੇ ਹਨ ਅਤੇ ਅਸੀਂ ਇੰਨਾਂ ਇਲਾਕਿਆਂ ਦੀ ਜਾਂਚ ਲਈ ਟੀਮਾਂ ਗਠਿਤ ਕੀਤੀਆਂ ਹਨ, ਜੋ ਕਿ ਬਿਨਾਂ ਕਿਸੇ ਛੁੱਟੀ ਹਰੇਕ ਇਲਾਕੇ ’ਚ ਘਰ-ਘਰ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 844 ਅਜਿਹੇ ਲੋਕਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ਦੇ ਘਰਾਂ ਜਾਂ ਦੁਕਾਨਾਂ ’ਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨ੍ਹਾਂ ਉਪ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਡੇਂਗੂ ਦੇ ਕੇਸ ਘਟਦੇ ਹੋਏ ਮਿਲਣਗੇ। ਇਸ ਮੌਕੇ ਸਿਹਤ ਵਿਭਾਗ ਦੇ ਡਾਇਰੈਕਟਰ ਆਦੇਸ਼ ਕੰਗ, ਵਧੀਕ ਡਿਪਟੀ ਕਮਿਸ਼ਨਰ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਏ. ਡੀ. ਸੀ. ਪੀ. ਹਰਜੀਤ ਸਿੰਘ, ਸਿਵਲ ਸਰਜਨ ਚਰਨਜੀਤ ਸਿੰਘ, ਜ਼ਿਲ੍ਹੇ ਦੇ ਸਾਰੇ ਐੱਸ. ਐੱਮ. ਓ. ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : ਰਾਣਾ ਕੇ. ਪੀ. ਦੀ ਮੰਗ, ਪੰਜਾਬ ਦੇ ਲੋਕਾਂ ਤੇ ਵਪਾਰੀਆਂ ਨੂੰ ਵੀ ਬਿਜਲੀ ਦੀਆਂ ਦਰਾਂ ’ਚ ਦਿੱਤੀ ਜਾਵੇ ਰਾਹਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ