ਸਿਹਤ ਵਿਭਾਗ ਨੇ ਸਾਲ 2019-20 ਦੌਰਾਨ ਹਾਈਪਰਟੈਂਸ਼ਨ ਦੇ 1,94,528 ਮਰੀਜ਼ਾਂ ਨੂੰ ਇਲਾਜ ਸੇਵਾਵਾਂ ਕਰਵਾਈਆਂ ਮੁਹੱਈਆ

05/17/2020 7:38:16 PM

ਚੰਡੀਗੜ੍ਹ : ਸਾਲ 2019-20 ਦੌਰਾਨ ਕਰੀਬ 12,64,713 ਵਿਅਕਤੀਆਂ ਦੀ ਗੈਰ-ਸੰਚਾਰੀ ਰੋਗਾਂ ਸਬੰਧੀ ਸਕ੍ਰੀਨਿੰਗ ਪ੍ਰੋਗਰਾਮ ਤਹਿਤ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ ਲਗਭਗ 1,94,528 ਵਿਅਕਤੀ ਹਾਈਪਰਟੈਨਸ਼ਨ ਦੇ ਮਰੀਜ਼ ਸਨ ਅਤੇ ਸਾਰੇ ਮਰੀਜ਼ਾਂ ਨੂੰ ਸਿਹਤ ਵਿਭਾਗ ਵਲੋਂ ਤੁਰੰਤ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਜਾਰੀ ਪ੍ਰੈਸ ਬਿਆਨ ਦੌਰਾਨ ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਰੀਜ਼ਾਂ ਲਈ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਕਿਉਂਕਿ ਹਾਈਪਰਟੈਨਸ਼ਨ ਅਤੇ ਡਾਇਬਟੀਜ਼ (ਸ਼ੂਗਰ) ਕੋਵਿਡ -19 ਦੀ ਲਾਗ ਫੈਲਾਉਣ ਵਿਚ ਵਧੇਰੇ ਖ਼ਤਰਨਾਕ ਸਥਿਤੀਆਂ ਹਨ। ਉਨ੍ਹਾਂ ਕਿਹਾ ਕਿ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਵਿਚ ਮੌਤ ਦੀ ਉੱਚ ਦਰ ਵੇਖੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਐਮ.ਓ. ਅਤੇ ਆਰ. ਐਮ. ਓਜ਼. ਦੀ ਸਲਾਹ ਅਨੁਸਾਰ
ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਇਲਾਜ ਅਧੀਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕੋਵਿਡ -19 ਨਾਲ ਸਬੰਧਤ ਗਤੀਵਿਧੀਆਂ 'ਤੇ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ, ਸਿਹਤ ਦੀਆਂ ਇਨ੍ਹਾਂ ਸਥਿਤੀਆਂ ਤੋਂ ਬਿਮਾਰੀ ਅਤੇ ਮੌਤ ਦਰ ਨੂੰ ਘੱਟ ਕਰਨ ਲਈ ਜ਼ਰੂਰੀ ਦਵਾਈਆਂ ਪ੍ਰਦਾਨ ਕਰਨਾ ਜਾਰੀ ਰੱਖਣਾ ਵੀ ਮਹੱਤਵਪੂਰਨ ਹੈ। ਮੰਤਰੀ ਨੇ ਕਿਹਾ ਕਿ ਪਾਬੰਦੀਸ਼ੁਦਾ ਸਥਿਤੀਆਂ ਦੌਰਾਨ ਫਰੰਟ ਲਾਈਨ ਵਰਕਰਾਂ / ਵਲੰਟੀਅਰਾਂ ਦੁਆਰਾ ਅਜਿਹੇ ਮਰੀਜ਼ਾਂ ਦੇ ਘਰ-ਘਰ ਜਾ ਕੇ ਹਾਈਪਰਟੈਂਸ਼ਨ ਤੇ ਸ਼ੂਗਰ ਦੀਆਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਮਿਊਨਿਟੀ ਸਿਹਤ ਅਧਿਕਾਰੀ ਦਵਾਈਆਂ ਦੀ ਉਪਲੱਬਧਤਾ ਦੇ ਅਧਾਰ 'ਤੇ ਇਕ ਸਮੇਂ ਤੇ ਘੱਟੋ-ਘੱਟ 4 ਹਫ਼ਤਿਆਂ ਲਈ ਅਤੇ ਤਿੰਨ ਮਹੀਨੇ ਤੱਕ ਦੀ ਦਵਾਈ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਦਵਾਈਆਂ ਮਰੀਜ਼ਾਂ ਵਿੱਚ ਇਸ ਢੰਗ ਨਾਲ ਵੰਡੀਆਂ ਜਾ ਰਹੀਆਂ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਾ ਆਵੇ। ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਿਹਤ ਤੰਦਰੁਸਤੀ ਕੇਂਦਰਾਂ ਸਮੇਤ ਸਬ ਸੈਂਟਰ ਪੱਧਰ 'ਤੇ ਪ੍ਰਾਇਮਰੀ ਹੈਲਥਕੇਅਰ ਟੀਮ ਨੂੰ ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਦੇ ਸਟਾਫ ਨੂੰ ਸਿਹਤਮੰਦ, ਘੱਟ ਚਰਬੀ ਅਤੇ ਘੱਟ ਲੂਣ ਯੁਕਤ ਖੁਰਾਕ ਅਤੇ ਕਸਰਤ ਤੇ ਯੋਗਾ ਨੂੰ ਉਤਸ਼ਾਹਤ ਕਰਨ ਲਈ ਸੰਦੇਸ਼ ਦੇਣ ਲਈ ਕਿਹਾ ਗਿਆ ਹੈ।  
ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ- ਆਈ.ਐਚ.ਸੀ.ਆਈ.(ਇੰਡੀਆ ਹਾਈਪਰਟੈਂਸ਼ਨ ਕੰਟਰੋਲ ਇਨੀਸ਼ਿਏਟਿਵ ) ਪ੍ਰੋਜੈਕਟ ਸ਼ਾਮਲ ਹੈ ਜੋ ਪੰਜ ਜ਼ਿਲ੍ਹਿਆਂ (ਬਠਿੰਡਾ, ਗੁਰਦਾਸਪੁਰ, ਹੁਸ਼ਿਆਰਪੁਰ, ਮਾਨਸਾ ਅਤੇ ਪਠਾਨਕੋਟ) ਨੂੰ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।    
 


Deepak Kumar

Content Editor

Related News