ਸਿਹਤ ਵਿਭਾਗ ਦੇ ਡਾਇਰੈਕਟਰ ਵਲੋਂ ਚਾਰ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ''ਚ ਛਾਪਾ
Sunday, Oct 18, 2020 - 06:30 PM (IST)
ਚੰਡੀਗੜ੍ਹ : ਸੂਬੇ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਐਮਰਜੈਂਸੀ ਸਿਹਤ ਦੇਖਭਾਲ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਚਾਰ ਜ਼ਿਲ੍ਹਿਆਂ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਅਚਨਚੇਤ ਦੌਰਾ ਕੀਤਾ ਅਤੇ ਜ਼ਰੂਰੀ ਨਿਰਦੇਸ਼ ਦਿੱਤੇ। ਇਕ ਪ੍ਰੈਸ ਬਿਆਨ ਰਾਹੀਂ ਨਵ-ਨਿਯੁਕਤ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਮੁਤਾਬਕ ਰੋਪੜ, ਐੱਸ. ਬੀ. ਐੱਸ ਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿਚ ਜ਼ਿਲ੍ਹਾ ਹਸਪਤਾਲਾਂ (ਡੀ.ਐੱਚ.) ਅਤੇ ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ, ਬਲਾਚੌਰ ਵਿਚ ਸਬ-ਡਵੀਜ਼ਨਲ ਹਸਪਤਾਲਾਂ (ਐੱਸ.ਡੀ.ਐੱਚ) ਵਿਖੇ ਕੱਲ ਇਕ ਇਕ-ਰੋਜ਼ਾ ਮੁਹਿੰਮ ਤਹਿਤ ਅਚਨਚੇਤ ਨਿਰੀਖਣ ਕੀਤਾ ਗਿਆ।
ਇਹ ਵੀ ਪੜ੍ਹੋ : ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਕੈਪਟਨ ਨੇ ਲੰਚ 'ਤੇ ਸੱਦੇ ਵਿਧਾਇਕ
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਐਮਰਜੈਂਸੀ ਡਾਕਟਰੀ ਸਹੂਲਤਾਂ ਦੀ ਜਾਂਚ ਕੀਤੀ ਗਈ ਅਤੇ ਵਿਸ਼ੇਸ਼ ਤੌਰ 'ਤੇ ਐਮਰਜੈਂਸੀ ਅਤੇ ਮਦਰ ਐਂਡ ਚਾਈਲਡ ਹਸਪਤਾਲ (ਐੱਮ.ਸੀ.ਐੱਚ) ਦੇ ਵਾਰਡਾਂ ਵਿਚ ਜ਼ਰੂਰੀ ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਉਪਲੱਬਧਤਾ ਸਬੰਧੀ ਜਾਂਚ ਕੀਤੀ ਗਈ। ਵੱਖ-ਵੱਖ ਹਸਪਤਾਲਾਂ ਵਿਚ ਕੋਵਿਡ-19 ਟੈਸਟਿੰਗ ਸਬੰਧੀ ਨਮੂਨੇ ਲੈਣ ਦੀ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ ਗਿਆ। ਇਹ ਮੁਹਿੰਮ ਲਗਭਗ 16 ਘੰਟੇ ਚੱਲੀ । ਉਨ੍ਹਾਂ ਅੱਗੇ ਕਿਹਾ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਅਟੈਂਡੰਟਾਂ ਨੂੰ ਹਸਪਤਾਲਾਂ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਇਲਾਜ ਸਹੂਲਤਾਂ ਬਾਰੇ ਪੁੱਛਗਿੱਛ ਕੀਤੀ ਗਈ। ਮੁਹਿੰਮ ਦੌਰਾਨ ਕੁਝ ਥਾਵਾਂ 'ਤੇ ਕੁਝ ਊਣਤਾਈਆਂ ਵੀ ਪਾਈਆਂ ਗਈਆਂ ਜਿਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਦਰੁਸਤ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧ ਵਿਚ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਾਂਚ ਦੌਰਾਨ ਉਨ੍ਹਾਂ ਨੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਡਾਕਟਰੀ ਉਪਕਰਣ ਕਾਰਜਸ਼ੀਲ ਹੋਣੇ ਚਾਹੀਦੇ ਹਨ ਅਤੇ ਜੇਕਰ ਕੋਈ ਨੁਕਸ ਹੋਵੇ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ।
ਇਹ ਵੀ ਪੜ੍ਹੋ : 'ਆਪ' ਵਲੋਂ ਸੂਬਾ ਅਤੇ ਜ਼ਿਲ੍ਹਾ ਪੱਧਰੀ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ
ਡਾ. ਮਨਜੀਤ ਨੇ ਕਿਹਾ ਕਿ ਸਾਡਾ ਟੀਚਾ ਸੂਬੇ ਵਿਚ ਸਰਬੋਤਮ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਾ ਹੈ ਜਿਸ ਲਈ ਸਾਰੇ ਸਿਹਤ ਅਮਲੇ ਦਾ ਸਹਿਯੋਗ ਅਤੇ ਸਹਾਇਤਾ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਜ਼ਰੂਰੀ ਦਵਾਈਆਂ ਐਮਰਜੈਂਸੀ ਵਾਰਡ ਵਿਚ ਉਪਲੱਬਧ ਹੋਣੀਆਂ ਚਾਹੀਦੀਆਂ ਹਨ ਅਤੇ ਮਰੀਜ਼ਾਂ ਦੇ ਅਟੈਂਡੰਟਾਂ ਨੂੰ ਕੋਈ ਵੀ ਦਵਾਈ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਾ ਪਵੇ। ਉਨਾਂ ਖ਼ਬਰਦਾਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਡਾਕਟਰੀ ਸਹੂਲਤਾਂ ਵਿੱਚ ਕਿਸੇ ਕਿਸਮ ਦੀ ਢਿੱਲ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਸਪਤਾਲ ਅੰਦਰ ਅਤੇ ਵਾਰਡਾਂ ਵਿਚ ਸਫਾਈ ਪ੍ਰਬੰਧਾਂ ਨੂੰ ਹੋਰ ਬਿਹਤਰ ਬਨਾਉਣ ਸਬੰਧੀ ਨਿਰਦੇਸ਼ ਵੀ ਦਿੱਤੇ।
ਇਹ ਵੀ ਪੜ੍ਹੋ : ਪੰਜਾਬ ਭਾਜਪਾ 'ਚ ਵੱਡੀ ਬਗਾਵਤ, ਹੁਣ ਮਹਾਮੰਤਰੀ ਮਲਵਿੰਦਰ ਕੰਗ ਨੇ ਦਿੱਤਾ ਅਸਤੀਫ਼ਾ
ਡਾ. ਮਨਜੀਤ ਸਿੰਘ ਨੇ ਡਾਕਟਰਾਂ ਨੂੰ ਮਰੀਜ਼ਾਂ ਨਾਲ ਪਿਆਰ ਤੇ ਹਮਦਰਦੀ ਨਾਲ ਪੇਸ਼ ਆਉਣ ਅਤੇ ਅਣ-ਸੁਖਾਵੇਂ ਹਾਲਾਤ ਹੋਣ 'ਤੇ ਵੀ ਆਪਣਾ ਆਪਾ ਨਾ ਗਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਡਾਕਟਰ-ਮਰੀਜ਼ ਦਾ ਰਿਸ਼ਤਾ ਬਹੁਤ ਮਹੱਤਵਪੂਰਣ ਹੁੰਦਾ ਹੈ ਕਿਉਂਕਿ ਡਾਕਟਰ ਅਤੇ ਮਰੀਜ਼ ਵਿਚਾਲੇ ਚੰਗੇ ਸੰਬੰਧਾਂ ਨਾਲ ਹੀ ਮਰੀਜ਼ ਦੀ ਬਿਮਾਰੀ, ਮਿਆਰੀ ਇਲਾਜ ਸਬੰਧੀ ਜਾਣਕਾਰੀ ਅਤੇ ਮਰੀਜ਼ ਦੀ ਬਿਹਤਰ ਦੇਖਭਾਲ ਦਾ ਰਾਹ ਪੱਧਰਾ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇ ਡਾਕਟਰ ਮਰੀਜ਼ਾਂ ਪ੍ਰਤੀ ਹਮਦਰਦੀ ਦਿਖਾਉਣ ਤਾਂ ਵਧੀਆ ਨਤੀਜੇ ਪ੍ਰਾਪਤ ਹੋਣਗੇ। ਮਰੀਜ਼ਾਂ ਨੂੰ ਦਿੱਤੇ ਜਾ ਰਹੇ ਇਲਾਜ ਤੋਂ ਸੰਤੁਸ਼ਟ ਹੋਣਾ ਚਾਹੀਦਾ ਹੈ। ਮੁਹਿੰਮ ਦੌਰਾਨ ਡਾ. ਹਰਮਿੰਦਰਜੀਤ ਸਿੰਘ ਚੀਮਾ ਅਤੇ ਸਿਹਤ ਇੰਸਪੈਕਟਰ ਭੁਪਿੰਦਰ ਸਿੰਘ ਦਹਿਰੀ ਵੀ ਉਨ੍ਹਾਂ ਦੇ ਨਾਲ ਸਨ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ 2017 ਦੇ ਮੰਡੀਕਰਣ ਐਕਟ ਵਿਰੁੱਧ ਬਿੱਲ ਪੇਸ਼