ਧੁੰਦ ਤੋਂ ਅਜੇ ਨਹੀਂ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Saturday, Jan 18, 2025 - 01:29 PM (IST)
ਚੰਡੀਗੜ੍ਹ (ਪਾਲ) : ਸ਼ਹਿਰ 'ਚ ਬੀਤੀ ਦੇਰ ਰਾਤ ਇਕ ਵਾਰ ਫਿਰ ਸੰਘਣੀ ਧੁੰਦ ਦਰਜ ਹੋਈ, ਜੋ ਸਵੇਰ ਤੱਕ ਛਾਈ ਰਹੀ। ਸਵੇਰ 10 ਵਜੇ ਤੋਂ ਬਾਅਦ ਮੌਸਮ ਸਾਫ਼ ਹੋਇਆ। ਸਵੇਰੇ ਸੀਜ਼ਨ ਦੀ ਇਸ ਸਾਲ ਦੀ ਸਭ ਤੋਂ ਘੱਟ ਦਿਸਣ ਹੱਦ 40 ਮੀਟਰ ਦਰਜ ਹੋਈ। ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ ਤਾਂ 20 ਜਨਵਰੀ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ।
ਇਸ ਕਾਰਨ 21 ਤੋਂ 23 ਜਨਵਰੀ ਤੱਕ ਬਾਰਸ਼ ਦੀ ਸੰਭਾਵਨਾ ਹੈ। ਤਿੰਨ ਦਿਨ ਭਾਵ 18 ਤੋਂ 20 ਜਨਵਰੀ ਤੱਕ ਤਾਪਮਾਨ 'ਚ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਦਿਨ ਦੇ ਤਾਪਮਾਨ ਵਿਚ ਥੋੜ੍ਹਾ ਵਾਧਾ ਹੋ ਸਕਦਾ ਹੈ। ਡਾਇਰੈਕਟਰ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਸਰਗਰਮ ਹੋਣ ਨਾਲ ਪਹਿਲੇ ਦਿਨ ਅਤੇ ਰਾਤ ਦੇ ਪਾਰੇ 'ਚ ਵਾਧਾ ਹੁੰਦਾ ਹੈ, ਪਰ ਸਰਗਰਮ ਹੋਣ ਤੋਂ ਬਾਅਦ ਅਗਲੇ ਹਫ਼ਤੇ ਤੋਂ ਤਾਪਮਾਨ 'ਚ ਗਿਰਾਵਟ ਆਵੇਗੀ। ਅਗਲੇ ਕੁੱਝ ਦਿਨ ਧੁੰਦ ਤੋਂ ਰਾਹਤ ਨਹੀਂ ਦਿਖ ਰਹੀ ਹੈ। ਵਿਭਾਗ ਨੇ 2 ਦਿਨ ਦੇ ਲਈ ਆਰੇਂਜ ਅਲਰਟ ਵਧਾ ਦਿੱਤਾ ਹੈ। ਧੁੰਦ ਦੇ ਰਹਿਣ ਦੀ ਸੰਭਾਵਨਾ ਹੈ। ਕੇਂਦਰ ਨੇ ਸ਼ੁੱਕਰਵਾਰ ਨੂੰ ਵੀ ਸ਼ਹਿਰ ਵਿਚ ਸੰਘਣੀ ਧੁੰਦ ਦਰਜ ਕੀਤੀ ਹੈ।