ਮਹਾਨਗਰ ’ਚ ਡੇਂਗੂ ਦਾ ਕਹਿਰ, 236 ਸ਼ੱਕੀ ਮਰੀਜ਼ ਆ ਚੁੱਕੇ ਨੇ ਸਾਹਮਣੇ

Wednesday, Aug 18, 2021 - 12:10 PM (IST)

ਮਹਾਨਗਰ ’ਚ ਡੇਂਗੂ ਦਾ ਕਹਿਰ, 236 ਸ਼ੱਕੀ ਮਰੀਜ਼ ਆ ਚੁੱਕੇ ਨੇ ਸਾਹਮਣੇ

ਲੁਧਿਆਣਾ (ਜ.ਬ.) : ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਕਹਿਰ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ ਹੈ, ਜਦੋਂਕਿ ਡੇਂਗੂ ਦੇ ਕੇਸਾਂ ’ਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ। ਸਿਹਤ ਅਧਿਕਾਰੀਆਂ ਦੀ ਮੰਨੀਏ ਤਾਂ ਜ਼ਿਲ੍ਹੇ ’ਚ ਹੁਣ ਤੱਕ 236 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 33 ਮਰੀਜ਼ ਪਾਜ਼ੇਟਿਵ ਆਏ ਹਨ, ਜਦੋਂਕਿ ਦੂਜੇ ਪਾਸੇ ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਕਾਫੀ ਸਾਹਮਣੇ ਆ ਰਹੀ ਹੈ। ਜ਼ਿਲ੍ਹਾ ਐਪੀਡੈਮਿਓਲਾਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 236 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 220 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਿਨ੍ਹਾਂ ਵਿਚੋਂ 17 ਮਰੀਜ਼ਾਂ ਵਿਚ ਡੇਂਗੂ ਦੀ ਪੁਸ਼ਟੀ ਹੋਈ ਹੈ, ਜਦੋਂਕਿ ਬਾਹਰੀ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਮਰੀਜ਼ਾਂ ’ਚੋਂ 13 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਸ ਤੋਂ ਇਲਾਵਾ 3 ਪਾਜ਼ੇਟਿਵ ਮਰੀਜ਼ ਦੂਜੇ ਸੂਬਿਆਂ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੋਰੀ, ਰਿਵਾਲਵਰ ਵੀ ਲੈ ਗਏ ਚੋਰ

6 ਮਰੀਜ਼ ਆਏ ਕੋਰੋਨਾ ਪਾਜ਼ੇਟਿਵ, 4 ਜ਼ਿਲ੍ਹੇ ਨਾਲ ਸਬੰਧਤ
ਸਿਹਤ ਮਹਿਕਮੇ ਵੱਲੋਂ 10,847 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਸੈਂਪਲਾਂ ਵਿਚੋਂ 9984 ਸਿਹਤ ਵਿਭਾਗ ਵੱਲੋਂ, ਜਦੋਂਕਿ 863 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਜ਼ ਵੱਲੋਂ ਲਏ ਗਏ। ਜ਼ਿਲਾ ਐਪੀਡੈਮਿਓਲਾਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ 6 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ 4 ਜ਼ਿਲੇ ਦੇ, ਜਦੋਂਕਿ 2 ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 4 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ’ਚੋਂ ਇਕ ਸਿੱਧਵਾਂ ਬੇਟ ਵਿਚ ਸਥਿਤ ਸਰਕਾਰੀ ਮਿਡਲ ਸਕੂਲ ਦਾ ਵਿਦਿਆਰਥੀ ਵੀ ਸ਼ਾਮਲ ਹੈ। ਵਰਣਨਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ’ਚ 24 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ। ਜ਼ਿਲ੍ਹੇ ਵਿਚ 87,431 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 2095 ਦੀ ਮੌਤ ਹੋ ਚੁੱਕੀ ਹੈ, ਜਦੋਂਕਿ 85,239 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਤੋਂ ਇਲਾਵਾ ਬਾਹਰੀ ਜ਼ਿਲਿਆਂ ਅਤੇ ਸੂਬਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਦਾਖਲ ਹੋਣ ਵਾਲੇ ਮਰੀਜ਼ਾਂ ’ਚੋਂ 11,645 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ 1048 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 97 ਰਹਿ ਗਈ ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ : ਅਣਪਛਾਤੀ ਲਾਸ਼ ਦੀ ਜੇਬ੍ਹ ’ਚੋ ਮਿਲੇ ਸੁਸਾਇਡ ਨੋਟ ਨੇ ਖੋਲ੍ਹਿਆ ਸਾਰਾ ਭੇਦ, ਤਰਨਤਾਰਨ ਨਿਵਾਸੀ 2 ’ਤੇ ਮੁਕੱਦਮਾ ਦਰਜ

7 ਮਰੀਜ਼ ਹੋਏ ਠੀਕ, 11 ਹਸਪਤਾਲਾਂ ’ਚ ਦਾਖਲ
ਵੱਖ-ਵੱਖ ਹਸਪਤਾਲਾਂ ਅਤੇ ਹੋਮ ਆਈਸੋਲੇਸ਼ਨ ’ਚ ਰਹਿ ਰਹੇ ਪਾਜ਼ੇਟਿਵ ਮਰੀਜ਼ਾਂ ’ਚੋਂ 7 ਮਰੀਜ਼ਾਂ ਨੂੰ ਅੱਜ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ, ਜਦੋਂਕਿ ਹਸਪਤਾਲਾਂ ਵਿਚ 11 ਪਾਜ਼ੇਟਿਵ ਮਰੀਜ਼ ਦਾਖਲ ਹਨ। ਇਨ੍ਹਾਂ ਮਰੀਜ਼ਾਂ ’ਚ 5 ਮਰੀਜ਼ ਦੂਜੇ ਜ਼ਿਲਿਆਂ ਅਤੇ ਸੂਬਿਆਂ ਦੇ ਰਹਿਣ ਵਾਲੇ ਹਨ। ਸਿਹਤ ਅਧਿਕਾਰੀਆਂ ਮੁਤਾਬਕ ਜ਼ਿਲੇ ਵਿਚ ਐਕਟਿਵ ਮਰੀਜ਼ਾਂ ਵਿਚੋਂ 91 ਪਾਜ਼ੇਟਿਵ ਮਰੀਜ਼ ਅਜੇ ਵੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ, ਜਦੋਂਕਿ ਹੋਮ ਕੁਆਰੰਟਾਈਨ ਵਿਚ ਰਹਿਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਕਾਫੀ ਦੱਸੀ ਜਾ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News