ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਰੋਵੇਟ ਵੱਲੋਂ ਭਗਵੰਤ ਮਾਨ ਨਾਲ ਮੁਲਾਕਾਤ, CM ਨੇ ਕੀਤੀ ਇਹ ਮੰਗ
Tuesday, Apr 05, 2022 - 05:45 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੂੰ ਕਿਹਾ ਕਿ ਉਹ ਲੰਡਨ ਤੋਂ ਚੰਡੀਗੜ੍ਹ ਲਈ ਸਿੱਧੀਆਂ ਉਡਾਣਾਂ ਨੂੰ ਪ੍ਰਮੁੱਖ ਤਰਜੀਹ ਦੇ ਆਧਾਰ ’ਤੇ ਸ਼ੁਰੂ ਕਰਨ ਲਈ ਭਾਰਤ ’ਚ ਬ੍ਰਿਟਿਸ਼ ਹਾਈ ਕਮਿਸ਼ਨਰ ਕੋਲ ਮੁੱਦਾ ਉਠਾਉਣ। ਅੱਜ ਦੁਪਹਿਰ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਰਸਮੀ ਮੁਲਾਕਾਤ ਕਰਨ ਮੌਕੇ ਵਿਚਾਰ-ਵਟਾਂਦਰੇ ਦੌਰਾਨ ਕੈਰੋਲਿਨ ਰੋਵੇਟ ਨੇ ਕਿਹਾ ਕਿ ਉਹ ਯਕੀਨੀ ਤੌਰ ’ਤੇ ਉਡਾਣਾਂ ਸ਼ੁਰੂ ਕਰਨ ਦਾ ਇਹ ਮਾਮਲਾ ਬਰਤਾਨਵੀ ਹਾਈ ਕਮਿਸ਼ਨਰ ਕੋਲ ਉਠਾਉਣਗੇ ਤਾਂ ਜੋ ਤਾਂ ਜੋ ਯੂ. ਕੇ. ’ਚ ਵੱਸਦੇ ਪੰਜਾਬੀ ਪ੍ਰਵਾਸੀ ਲੋਕਾਂ ਤੋਂ ਇਲਾਵਾ ਯੂ. ਕੇ. ਦੇ ਗੁਆਂਢੀ ਸੂਬਿਆਂ ’ਚ ਵਸਦੇ ਲੋਕ ਵੀ ਪੰਜਾਬ ਅਤੇ ਯੂ. ਕੇ. ਦੀ ਨਿਰਵਿਘਨ ਯਾਤਰਾ ਕਰ ਸਕਣ। ਉਨ੍ਹਾਂ ਨੇ ਭਗਵੰਤ ਮਾਨ ਨੂੰ ਉਨ੍ਹਾਂ ਦੀ ਅਗਵਾਈ ਹੇਠ ਸੂਬੇ ’ਚ ਸਰਕਾਰ ਬਣਾਉਣ ਲਈ ਭਾਰੀ ਫਤਵਾ ਹਾਸਿਲ ਕਰਨ ਲਈ ਵੀ ਵਧਾਈ ਦਿੱਤੀ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਚੰਡੀਗੜ੍ਹ ਅਤੇ ਲੰਡਨ ਵਿਚਕਾਰ ਤੁਰੰਤ ਸਿੱਧੇ ਹਵਾਈ ਸੰਪਰਕ ਦੀ ਲੋੜ ’ਤੇ ਜ਼ੋਰ ਦਿੰਦਿਆਂ ਭਗਵੰਤ ਮਾਨ ਨੇ ਕੈਰੋਲਿਨ ਰੋਵੇਟ ਨੂੰ ਦੱਸਿਆ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਯੂ. ਟੀ. ਚੰਡੀਗੜ੍ਹ ਤੋਂ ਇਲਾਵਾ ਗੁਆਂਢੀ ਸੂਬਿਆਂ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਵਧਦੀ ਮੰਗ ਨੂੰ ਪੂਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਵਿਖੇ ਬੋਇੰਗ 777 ਵਰਗੇ ਵੱਡੇ ਅਤੇ ਚੌੜੇ ਹਵਾਈ ਜਹਾਜ਼ਾਂ ਨੂੰ ਸੰਭਾਲਣ ਲਈ ਬੁਨਿਆਦੀ ਸਹੂਲਤਾਂ ਕੈਟ-ਆਈ. ਆਈ. ਬੀ. ਇੰਸਟਰੂਮੈਂਟ ਲੈਂਡਿੰਗ ਸਿਸਟਮ ਹੋਣ ਤੋਂ ਇਲਾਵਾ ਅੰਤਰਰਾਸ਼ਟਰੀ ਉਡਾਣਾਂ ਦੇ ਪ੍ਰਬੰਧਨ ਲਈ ਨਵੀਨਤਮ ਹਵਾਈ ਅੱਡਾ ਬੁਨਿਆਦੀ ਢਾਂਚੇ ਨਾਲ ਲੈਸ ਹੈ।
ਮੁੱਖ ਮੰਤਰੀ ਨੂੰ ਪਰਾਲੀ ਸਾੜਨ ਅਤੇ ਬਾਇਓਮਾਸ ਪ੍ਰਬੰਧਨ ਦੇ ਖਤਰੇ ਨਾਲ ਨਜਿੱਠਣ ਲਈ ਨਵੀਨਤਮ ਤਕਨਾਲੋਜੀਆਂ ਬਾਰੇ ਜਾਣੂ ਕਰਵਾਉਂਦਿਆਂ ਕੈਰੋਲੀਨ ਰੋਵੇਟ ਨੇ ਇਨ੍ਹਾਂ ਖੇਤਰਾਂ ’ਚ ਤਕਨਾਲੋਜੀ ਪ੍ਰਦਾਨ ਕਰਨ ਲਈ ਡੂੰਘੀ ਦਿਲਚਸਪੀ ਜ਼ਾਹਿਰ ਕੀਤੀ ਕਿਉਂਕਿ ਯੂ. ਕੇ. ਕੋਲ ਇਨ੍ਹਾਂ ਅਹਿਮ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਭ ਤੋਂ ਉੱਨਤ ਮੁਹਾਰਤ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਇਹ ਵੀ ਦੱਸਿਆ ਕਿ ਯੂ. ਕੇ. ’ਚ ਕੁਝ ਉੱਨਤ ਪੀ. ਜੀ. ਕੋਰਸ ਹਨ, ਜੋ ਕੁਝ ਸਥਾਨਕ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਦੀਆਂ ਵੱਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਚਲਾਏ ਜਾ ਸਕਦੇ ਹਨ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਵਿਸ਼ਵ ਭਰ ’ਚ ਲਾਹੇਵੰਦ ਰੁਜ਼ਗਾਰ ਦੇ ਯੋਗ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ : ਕੇਂਦਰ ਦੀ ਸੂਬਾਈ ਮਾਮਲਿਆਂ ’ਚ ਦਖਲਅੰਦਾਜ਼ੀ ਦਾ ਜਵਾਬ ਦੇਣ ਲਈ CM ਮਾਨ ਸੱਦਣ ਸਰਬ ਪਾਰਟੀ ਮੀਟਿੰਗ : SAD
ਇਸੇ ਤਰ੍ਹਾਂ ਉਨ੍ਹਾਂ ਨੇ ਸੂਬਾ ਖੇਡ ਯੂਨੀਵਰਸਿਟੀ ਨਾਲ ਆਪਸੀ ਆਧਾਰ ’ਤੇ ਕੁਝ ਨਵੇਂ ਕੋਰਸ ਸ਼ੁਰੂ ਕਰਨ ਲਈ ਆਪਣੀ ਇੱਛਾ ਜ਼ਾਹਿਰ ਕੀਤੀ ਤਾਂ ਜੋ ਦੋਵਾਂ ਪਾਸਿਆਂ ਦੇ ਵਿਦਿਆਰਥੀਆਂ ਨੂੰ ਵਧੀਆ ਅੰਤਰਰਾਸ਼ਟਰੀ ਅਭਿਆਸਾਂ ਰਾਹੀਂ ਖੇਡ ਵਿਗਿਆਨ ਨੂੰ ਅਪਣਾ ਕੇ ਖੇਡ ਸਿੱਖਿਆ, ਖੇਡ ਤਕਨਾਲੋਜੀ, ਖੇਡ ਪ੍ਰਬੰਧਨ ਅਤੇ ਖੇਡ ਕੋਚਿੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਖੇਡਾਂ ਦੇ ਉੱਨਤ ਕੋਰਸਾਂ ਨਾਲ ਲੈਸ ਕੀਤਾ ਜਾ ਸਕੇ। ਭਗਵੰਤ ਮਾਨ ਨੇ ਦੌਰੇ ’ਤੇ ਆਏ ਵਫ਼ਦ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਸਾਰਥਕ ਢੰਗ ਨਾਲ ਪੰਜਾਬ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਪਹਿਲਕਦਮੀਆਂ ਦਾ ਸਵਾਗਤ ਕਰੇਗੀ। ਮੁੱਖ ਮੰਤਰੀ ਅਤੇ ਕੈਰੋਲਿਨ ਰੋਵੇਟ ਦੋਵਾਂ ਨੇ ਆਪਸੀ ਹਿੱਤ ਦੇ ਕਈ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ। ਮੀਟਿੰਗ ’ਚ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਤੋਂ ਇਲਾਵਾ ਮਿਸ਼ਨ ਦੇ ਉਪ ਮੁਖੀ ਅਮਨਦੀਪ ਗਰੇਵਾਲ ਵੀ ਸ਼ਾਮਲ ਸਨ।