ਆਨਲਾਈਨ ਗੇਮ 'ਚ ਕੰਪਨੀ ਦੇ ਪੈਸੇ ਹਾਰ ਗਿਆ ਡਲਿਵਰੀ ਬੁਆਏ, ਕੰਟਰੋਲ ਰੂਮ ’ਚ ਫੋਨ ਕਰ ਕਿਹਾ- 'ਲੁੱਟ ਹੋ ਗਈ'

Wednesday, Sep 28, 2022 - 05:34 AM (IST)

ਆਨਲਾਈਨ ਗੇਮ 'ਚ ਕੰਪਨੀ ਦੇ ਪੈਸੇ ਹਾਰ ਗਿਆ ਡਲਿਵਰੀ ਬੁਆਏ, ਕੰਟਰੋਲ ਰੂਮ ’ਚ ਫੋਨ ਕਰ ਕਿਹਾ- 'ਲੁੱਟ ਹੋ ਗਈ'

ਜਲੰਧਰ (ਵਰੁਣ) : ਆਨਲਾਈਨ ਗੇਮ 'ਚ ਕੰਪਨੀ ਦੇ ਸਾਰੇ ਪੈਸੇ ਹਾਰਨ ਤੋਂ ਬਾਅਦ ਫਲਿੱਪਕਾਰਟ ਕੰਪਨੀ ਦੇ ਡਲਿਵਰੀ ਬੁਆਏ ਨੇ ਕੰਟਰੋਲ ਰੂਮ 'ਚ ਝੂਠੀ ਲੁੱਟ ਦੀ ਸ਼ਿਕਾਇਤ ਦੇ ਦਿੱਤੀ। ਨੌਜਵਾਨ ਨੇ ਦਾਅਵਾ ਕੀਤਾ ਕਿ ਮੋਟਰਸਾਈਕਲ ਸਵਾਰ ਲੁਟੇਰੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ ਕੰਪਨੀ ਦੇ 24 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਪਰ ਜਦੋਂ ਉਸ ਦੇ ਮੋਬਾਇਲ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕੰਪਨੀ ਦੇ 24 ਹਜ਼ਾਰ ਰੁਪਏ ਉਹ ਆਨਲਾਈਨ ਬੈੱਟ ਲਾ ਕੇ ਹਾਰ ਗਿਆ ਸੀ। ਕੰਪਨੀ ਦੇ ਮੈਨੇਜਰ ਨੇ ਇਸ ਸਬੰਧੀ ਫੋਕਲ ਪੁਆਇੰਟ ਚੌਕੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਡਲਿਵਰੀ ਬੁਆਏ ਮੁਨੀਸ਼ ਕੁਮਾਰ ਪੁੱਤਰ ਨੱਥਾ ਰਾਮ ਵਾਸੀ ਗੋਪਾਲ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ: US ਅੰਬੈਸੀ 'ਚ ਸਾਰੇ ਵਰਗਾਂ ਲਈ ਵੀਜ਼ਾ ਅਪੁਆਇੰਟਮੈਂਟ ਖੁੱਲ੍ਹੀਆਂ

ਥਾਣਾ ਨੰਬਰ 8 ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ 26 ਸਤੰਬਰ ਦੀ ਰਾਤ ਨੂੰ ਕੰਟਰੋਲ ਰੂਮ ’ਤੇ ਮੁਨੀਸ਼ ਨੇ ਫੋਨ ਕਰਕੇ ਸੂਚਨਾ ਦਿੱਤੀ ਸੀ ਕਿ ਉਹ ਰਾਮ ਨਗਰ ਵਿਚ ਪਾਰਸਲ ਡਲਿਵਰ ਕਰਕੇ ਮੁੜ ਰਿਹਾ ਸੀ ਕਿ ਰਸਤੇ 'ਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਦਾਤ ਦਿਖਾ ਕੇ ਕੰਪਨੀ ਦੇ ਪਾਰਸਲ ਦੇ ਕੇ ਇਕੱਠੇ ਕੀਤੇ 24 ਹਜ਼ਾਰ ਰੁਪਏ ਲੁੱਟ ਲਏ। ਇਹੀ ਦਾਅਵਾ ਉਸ ਨੇ ਆਪਣੇ ਕੈਸ਼ੀਅਰ ਅੱਗੇ ਵੀ ਕੀਤਾ। ਇਸ ਮਾਮਲੇ ਦੀ ਜਾਂਚ ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਸ਼ੁਰੂ ਕੀਤੀ। ਪੁਲਸ ਨੂੰ ਮਾਮਲਾ ਸ਼ੱਕੀ ਜਾਪ ਰਿਹਾ ਸੀ ਪਰ ਇਸੇ ਵਿਚਾਲੇ ਕੰਪਨੀ ਦੇ ਮੈਨੇਜਰ ਹਰਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮਾਣਕੋ (ਆਦਮਪੁਰ) ਨੇ ਸੂਚਨਾ ਦਿੱਤੀ ਕਿ ਮੁਨੀਸ਼ ਵੱਲੋਂ ਦਿੱਤੀ ਸ਼ਿਕਾਇਤ ਝੂਠੀ ਹੈ।

ਇਹ ਵੀ ਪੜ੍ਹੋ : ਵੱਡੀ ਲਾਪ੍ਰਵਾਹੀ: ਛੋਟੇ ਬੱਚਿਆਂ ਨੂੰ ਬਾਰਿਸ਼ ਦੇ ਪਾਣੀ 'ਚ ਇਕੱਲਾ ਛੱਡ ਗਿਆ ਸਕੂਲ ਵੈਨ ਚਾਲਕ

ਮੈਨੇਜਰ ਹਰਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਉਸ ਨੇ ਆਪਣੇ ਕੈਸ਼ੀਅਰ ਨੂੰ ਸੂਚਨਾ ਦਿੱਤੀ ਸੀ, ਉਸੇ ਤਰ੍ਹਾਂ ਪੁਲਸ ਨੂੰ ਵੀ ਝੂਠੀ ਸੂਚਨਾ ਦਿੱਤੀ ਗਈ। ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਜਦੋਂ ਮੁਨੀਸ਼ ਇੰਡਸਟਰੀਅਲ ਏਰੀਆ ਸਥਿਤ ਦਫ਼ਤਰ ਵਿਚ ਆਇਆ ਤਾਂ ਉਸ ਨੇ ਲੁੱਟ ਦੀ ਝੂਠੀ ਕਹਾਣੀ ਸੁਣਾਈ ਪਰ ਸ਼ੱਕ ਪੈਣ ’ਤੇ ਜਦੋਂ ਉਸ ਦਾ ਮੋਬਾਇਲ ਚੈੱਕ ਕੀਤਾ ਤਾਂ ਦੇਖਿਆ ਤਾਂ ਉਹ 24 ਹਜ਼ਾਰ ਰੁਪਏ ਆਨਲਾਈਨ ਬੈੱਟ ਵਿਚ ਹਾਰਿਆ ਸੀ। ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਮੁਨੀਸ਼ ਨੇ ਕਬੂਲ ਵੀ ਲਿਆ, ਜਿਸ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਮੁਨੀਸ਼ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News