ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰੂਹਾਨੀ ਪ੍ਰਕਾਸ਼’ ਸਮਾਗਮ ਆਯੋਜਿਤ

Monday, Sep 02, 2019 - 01:01 PM (IST)

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰੂਹਾਨੀ ਪ੍ਰਕਾਸ਼’ ਸਮਾਗਮ ਆਯੋਜਿਤ

ਜਲੰਧਰ/ਨਵੀਂ ਦਿੱਲੀ (ਚਾਵਲਾ)– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਰੂਹਾਨੀ ਪ੍ਰਕਾਸ਼' ਸਮਾਗਮ ਇਥੇ ਆਈ.ਜੀ. ਇੰਡੋਰ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ’ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 1100 ਵਿਦਿਆਰਥੀਆਂ ਵੱਲੋਂ ਸਮੂਹਿਕ ਤੌਰ ’ਤੇ ਕੀਤੇ ਰਸਭਿੰਨੇ ਕੀਰਤਨ ਨੇ ਅਲੌਕਿਕ ਨਜ਼ਾਰਾ ਪੇਸ਼ ਕੀਤਾ। ਇਹ ਸਮਾਗਮ ਆਪਣੇ ਆਪ ਵਿਚ ਵਿਲੱਖਣ ਹੋ ਨਿਬੜਿਆ ਤੇ ਨਵਾਂ ਇਤਿਹਾਸ ਰਚਿਆ ਗਿਆ ਕਿਉਂਕਿ ਦੁਨੀਆ ਦੇ ਕਿਸੇ ਵੀ ਸਮਾਗਮ ਵਿਚ 1100 ਵਿਦਿਆਰਥੀਆਂ ਵੱਲੋਂ ਸਮੂਹਿਕ ਤੌਰ ’ਤੇ ਕੀਰਤਨ ਕਰਨ ਦਾ ਇਹ ਪਹਿਲਾ ਅਵਸਰ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਕਰਦਿਆਂ ਕੀਤੇ ਗਏ ਗੁਰਬਾਣੀ ਦੇ ਜਾਪ ਨੇ 25000 ਦਰਸ਼ਕਾਂ ਨੂੰ ਇਲਾਹੀ ਨੂਰ ਦੇ ਪ੍ਰਤੱਖ ਦਰਸ਼ਨ ਕਰਵਾ ਦਿੱਤੇ।

ਇਸ ਸਮਾਗਮ ਵਿਚ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਬਾਰੇ ਕੋਈ ਸੱਚਾਈ ਨਕਾਰ ਨਹੀਂ ਸਕਦਾ ਕਿ ਭਾਰਤ ਦੀ ਰਾਖੀ ਕਰਨ ਵਿਚ ਸਭ ਤੋਂ ਵੱਧ ਯੋਗਦਾਨ ਤੇ ਬਲੀਦਾਨ ਸਿੱਖ ਸਮਾਜ ਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਜੇਕਰ ਕੋਈ ਵੱਡਾ ਭਰਾ ਹੈ ਤਾਂ ਸਿੱਖ ਸਮਾਜ ਹੈ। ਜੇਕਰ ਸਿੱਖ ਸਮਾਜ ਨਾ ਹੁੰਦਾ, ਸਿੱਖ ਧਰਮ ਨੂੰ ਮੰਨਣ ਵਾਲੇ ਨਾ ਹੁੰਦੇ ਤਾਂ ਭਾਰਤ ਦਾ ਮਾਣ ਸਤਿਕਾਰ ਤੇ ਸਭਿਆਚਾਰ ਵੀ ਨਹੀਂ ਰਹਿਣਾ ਸੀ ਤੇ ਨਾ ਸਾਡਾ ਰਾਸ਼ਟਰ ਸੁਰੱਖਿਅਤ ਰਹਿੰਦਾ। ਉਨ੍ਹਾਂ ਕਿਹਾ ਕਿ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਅਬਾਦੀ ਦੇ ਅਨੁਪਾਤ ਵਿਚ ਇਸ ਦੇਸ਼ ਦੀ ਸੁਰੱਖਿਅਤ ਵਾਸਤੇ ਸਭ ਤੋਂ ਵੱਧ ਯੋਗਦਾਨ ਤੇ ਬਲੀਦਾਨ ਸਿੱਖਾਂ ਨੇ ਦਿੱਤਾ ਹੈ। ਉਨ੍ਹਾਂ ਨੇ ਸਮੁੱਚੀ ਸੰਗਤ ਨੂੰ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ’ਤੇ ਸਾਰੇ ਸਿੱਖ ਜਗਤ ਨੂੰ ਦਿਲੋਂ ਵਧਾਈ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਸਿਰਫ ਹਿੰਦੁਸਤਾਨ ਬਲਕਿ ਸਾਰੀ ਦੁਨੀਆ ਨੂੰ ਇਕੱਠਾ ਕਰਨ ਦੀ ਖਾਤਰ ਦੁਨੀਆ ਦੇ ਚੱਪੇ-ਚੱਪੇ ’ਤੇ ਸਫਰ ਕੀਤਾ। ਉਨ੍ਹਾਂ ਨੇ ਕਦੇ ਵੀ ਹਿੰਦੂ ਅਤੇ ਮੁਸਲਮਾਨ ਵਿਚ ਫਰਕ ਨਹੀਂ ਰੱਖਿਆ। ਉਨ੍ਹਾਂ ਸੱਦਾ ਦਿੱਤਾ ਕਿ ਇਸ ਸ਼ੁਭ ਮੌਕੇ ’ਤੇ ਸਾਰਾ ਸਿੱਖ ਜਗਤ ਪ੍ਰਣ ਲਵੇ ਕਿ ਅਸੀਂ ਵਾਤਾਵਾਰਣ ਦੀ ਰੱਖਿਆ ਕਰਨ ਵਿਚ ਵੀ ਯੋਗਦਾਨ ਪਾਵਾਂਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਕਮੇਟੀ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ।

ਸਮਾਗਮ ਦੌਰਾਨ ਮਨਜਿੰਦਰ ਸਿੰਘ ਸਿਰਸਾ, ਬੀਬੀ ਰਣਜੀਤ ਕੌਰ, ਕੁਲਵੰਤ ਸਿੰਘ ਬਾਠ ਤੇ ਹਰਵਿੰਦਰ ਸਿੰਘ ਕੇ. ਪੀ. ਵੱਲੋਂ ਰਾਜਨਾਥ ਸਿੰਘ ਨੂੰ ਯਾਦਗਾਰੀ ਚਿੰਨ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਤੇ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਗੁਰਸ਼ਰਨ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਹਰਮੀਤ ਸਿੰਘ ਕਾਲਕਾ ਤੇ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਡਾ. ਮਨਮੋਹਨ ਸਿੰਘ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਡਾ. ਮਨਮੋਹਨ ਸਿੰਘ, ਰਾਜਨਾਥ ਸਿੰਘ, ਸੁਖਬੀਰ ਸਿੰਘ ਬਾਦਲ ਤੇ ਹੋਰ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਆਧਾਰਿਤ ਵਰਚੁਅਲ ਰੀਐਲਟੀ ਸ਼ੋਅ ‘ਸਤਿਗੁਰ ਨਾਨਕ ਪ੍ਰਗਟਿਆ' ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਦਿੱਲੀ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।


author

shivani attri

Content Editor

Related News