ਹਾਈਟੈੱਕ ਹੋਈ ਦਿੱਲੀ-ਅੰਮ੍ਰਿਤਸਰ ਸ਼ਤਾਬਦੀ, ਲੱਗੇ ਆਟੋਮੈਟਿਕ ਦਰਵਾਜ਼ੇ
Friday, Apr 26, 2019 - 01:15 PM (IST)
ਜਲੰਧਰ (ਗੁਲਸ਼ਨ) - ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਦਰਮਿਆਨ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਰੇਲਵੇ ਵਿਭਾਗ ਨੇ ਵੱਡਾ ਤੋਹਫਾ ਦਿੱਤਾ ਹੈ। ਵਿਭਾਗ ਨੇ ਵੀਰਵਾਰ ਨੂੰ ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਦਾ ਪੁਰਾਣਾ ਰੈਕ ਬਦਲ ਕੇ ਹੁਣ ਨਵੀਂ ਤਕਨੀਕ ਨਾਲ ਬਣੀ ਆਟੋਮੈਟਿਕ ਦਰਵਾਜ਼ਿਆਂ ਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਤੇਜਸ ਟਰੇਨ ਚਲਾਉਣ ਦਾ ਫੈਸਲਾ ਲਿਆ ਹੈ। ਹੁਣ ਹਰ ਵੀਰਵਾਰ ਨੂੰ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਦਰਮਿਆਨ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ 12031/12032 'ਚ ਤੇਜਸ ਟਰੇਨ ਚੱਲੇਗੀ। ਕੱਲ ਇਹ ਟਰੇਨ ਪਹਿਲੀ ਵਾਰ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਚਲਾਈ ਗਈ। ਇਸ 'ਚ ਆਟੋਮੈਟਿਕ ਦਰਵਾਜ਼ੇ ਲਾਏ ਗਏ ਹਨ। ਜਦੋਂ ਟਰੇਨ ਪਲੇਟਫਾਰਮ 'ਤੇ ਆ ਕੇ ਰੁਕੇ, ਉਦੋਂ ਉਸ ਦੇ ਦਰਵਾਜ਼ੇ ਖੁੱਲ੍ਹਣਗੇ। ਟਰੇਨ ਚੱਲਣ ਤੋਂ ਪਹਿਲਾਂ ਦਰਵਾਜ਼ੇ ਆਟੋਮੈਟਿਕ ਬੰਦ ਹੋ ਜਾਣਗੇ। ਇਸ ਟਰੇਨ 'ਚ ਸਫਰ ਕਰਨ ਵਾਲੇ ਮੁਸਾਫਰਾਂ ਨੇ ਆਰਾਮਦਾਇਕ ਸਫਰ ਦਾ ਖੂਬ ਅਨੰਦ ਲਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਤਾਬਦੀ ਐਕਸਪ੍ਰੈੱਸ 'ਚ ਚੱਲ ਰਹੇ ਰੈਕ ਕਾਫੀ ਖਸਤਾ ਹਾਲ ਹੋ ਚੁੱਕੇ ਹਨ। ਇਸ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਬਿਲਕੁਲ ਅਹਿਸਾਸ ਨਹੀਂ ਹੁੰਦਾ ਕਿ ਉਹ ਸ਼ਤਾਬਦੀ 'ਚ ਸਫਰ ਕਰ ਰਹੇ ਹਨ, ਕਿਉਂਕਿ ਇਸ ਦੇ ਹਾਲਾਤ ਪੈਸੰਜਰ ਟਰੇਨ ਤੋਂ ਬਦਤਰ ਹੋ ਚੁੱਕੇ ਸਨ।ਮੁਸਾਫਰਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸਫਰ ਦੌਰਾਨ ਝਟਕੇ ਲੱਗਣ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਪਰ ਇਸ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਿਆ। ਹੁਣ ਰੇਲਵੇ ਵਿਭਾਗ ਨੇ ਪੁਰਾਣੀਆਂ ਚੱਲ ਰਹੀਆਂ ਟਰੇਨਾਂ ਹੌਲੀ-ਹੌਲੀ ਖਤਮ ਕਰਨ ਦਾ ਫੈਸਲਾ ਲਿਆ ਹੈ। ਹੁਣ ਇਨ੍ਹਾਂ ਟਰੇਨਾਂ ਦੀ ਜਗ੍ਹਾ ਤੇਜਸ, ਉਦੇ ਐਕਸਪ੍ਰੈੱਸ ਵਰਗੀਆਂ ਟਰੇਨਾਂ ਲੈਣਗੀਆਂ।
ਤੇਜਸ ਐਕਸਪ੍ਰੈੱਸ ਟਰੇਨ ਦੀਆਂ ਵਿਸ਼ੇਸ਼ਤਾਵਾਂ
ਤੇਜਸ ਐਕਸਪ੍ਰੈੱਸ ਦੀਆਂ ਹੋਰ ਵਿਸ਼ੇਸ਼ਤਾਵਾਂ 'ਚ ਅੱਗ ਅਤੇ ਧੂੰਏਂ ਦਾ ਪਤਾ ਲਾਉਣ ਲਈ ਦਮਨ ਪ੍ਰਣਾਲੀ, ਐੱਲ. ਈ. ਡੀ. ਲਾਈਟਾਂ, ਸੀ. ਸੀ. ਟੀ. ਵੀ. ਕੈਮਰੇ, ਮੋਬਾਇਲ ਚਾਰਜਿੰਗ ਅਤੇ ਹਰੇਕ ਸੀਟ ਲਈ ਯੂ. ਐੱਸ. ਬੀ. ਪੁਆਇੰਟ, ਟਾਇਲਟ ਆਕਿਊਪੈਂਸੀ ਇੰਡੀਕੇਟਰ ਲੱਗੇ ਹਨ। ਕੋਚ ਦਰਮਿਆਨ ਖੁਦ ਖੁੱਲ੍ਹਣ-ਬੰਦ ਹੋਣ ਵਾਲੇ ਇੰਟਰ ਕੁਨੈਕਟਿੰਗ ਦਰਵਾਜ਼ੇ ਲੱਗੇ ਹਨ। ਹੈੱਡਫੋਨ ਨਾਲ ਵਿਅਕਤੀਗਤ ਐੱਲ. ਸੀ. ਡੀ., ਮਨੋਰੰਜਨ -ਸਹਿ ਸੂਚਨਾ ਸਕ੍ਰੀਨ, ਬੋਰਡ ਵਾਈਫਾਈ, ਮਾਡਿਊਲਰ ਬਾਇਓ-ਟਾਇਲਟ, ਆਰਾਮਦਾਇਕ ਸੀਟਾਂ ਲਾਈਆਂ ਗਈਆਂ ਹਨ।
ਸ਼ਤਾਬਦੀ ਆਉਣ ਤੋਂ ਪਹਿਲਾਂ ਵਾਰ-ਵਾਰ ਹੋਈ ਇਹ ਅਨਾਊਂਸਮੈਂਟ
1. ਜੋ ਲੋਕ ਆਪਣੇ ਪਰਿਵਾਰਾਂ ਨੂੰ ਛੱਡਣ ਆਏ ਹਨ, ਉਹ ਕਿਰਪਾ ਕੋਚ ਦੇ ਅੰਦਰ ਨਾ ਜਾਣ, ਕਿਉਂਕਿ ਇਸ 'ਚ ਆਟੋਮੈਟਿਕ ਡੋਰ ਕਲੋਜ਼ਰ ਸਿਸਟਮ ਹੈ।
2. ਦਰਵਾਜ਼ੇ ਬੰਦ ਹੋ ਜਾਣ ਕਾਰਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਕੋਚ ਦੇ ਬਾਹਰ ਹੀ ਆਪਣੇ ਸਬੰਧੀਆਂ ਨੂੰ ਨਮਸਕਾਰ ਕਰ ਦਿਓ।
3. ਮੁਸਾਫਰ ਸਹਾਇਕ ਕੁਲੀਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਕੋਚ 'ਚ ਨਾ ਚੜ੍ਹਨ।
ਗਰਮੀ ਕਾਰਨ ਮੁਸਾਫਰਾਂ 'ਤੇ ਮੰਡਰਾਉਣ ਲੱਗਾ ਹੀਟ ਸਟ੍ਰੋਕ ਦਾ ਖਤਰਾ
ਗਰਮੀ ਦਾ ਮੌਸਮ ਹੁਣ ਸ਼ੁਰੂ ਹੋ ਚੁੱਕਾ ਹੈ। ਸ਼ਤਾਬਦੀ ਐਕਸਪ੍ਰੈੱਸ 'ਚ ਸਫਰ ਕਰਨ ਵਾਲੇ ਮੁਸਾਫਰਾਂ 'ਤੇ ਹੀਟ ਸਟ੍ਰੋਕ ਦਾ ਖਤਰਾ ਮੰਡਰਾਉਣ ਲੱਗਾ ਹੈ, ਕਿਉਂਕਿ ਏ. ਸੀ. ਟਰੇਨ ਦੇ ਅੰਦਰ ਲਗਭਗ 17 ਡਿਗਰੀ ਟੈਂਪਰੇਚਰ ਮੇਨਟੇਨ ਕੀਤਾ ਜਾਂਦਾ ਹੈ, ਜਦਕਿ ਬਾਹਰ ਪਾਰਾ 40 ਡਿਗਰੀ ਤਕ ਪਹੁੰਚ ਰਿਹਾ ਹੈ। ਪਲੇਟਫਾਰਮ ਨੰਬਰ 1 ਦੇ ਅੱਧੇ ਹਿੱਸੇ 'ਚ ਸ਼ੈੱਡ ਨਾ ਹੋਣ ਕਾਰਨ ਮੁਸਾਫਰਾਂ ਨੂੰ 17 ਡਿਗਰੀ ਤੋਂ ਨਿਕਲ ਕੇ 40 ਡਿਗਰੀ ਟੈਂਪਰੇਚਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਂਪਰੇਚਰ ਦੇ ਭਾਰੀ ਉਤਰਾਅ-ਚੜ੍ਹਾਅ 'ਚ ਮੁਸਾਫਰਾਂ ਨੂੰ ਹੀਟ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ, ਜੋ ਉਨ੍ਹਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਵੀਰਵਾਰ ਨੂੰ ਤੇਜਸ ਟਰੇਨ 'ਚ ਆਏ ਮੁਸਾਫਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।