ਅਧਿਆਪਕ ਜਥੇਬੰਦੀਆਂ ਲਿਆ ਮਿਡ-ਡੇ ਮੀਲ ਸ਼ੁਰੂ ਕਰਨ ਦਾ ਫੈਸਲਾ
Saturday, Dec 16, 2017 - 11:01 AM (IST)

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ) - ਫਿਰੋਜ਼ਪੁਰ ਮਿਡ-ਡੇ ਮੀਲ ਸ਼ੁਰੂ ਕਰਨ ਸਬੰਧੀ ਜ਼ਿਲਾ ਫਿਰੋਜ਼ਪੁਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਸੁਖਜਿੰਦਰ ਸਿੰਘ ਖਾਨਪੁਰੀਆ, ਪਰਮਜੀਤ ਸਿੰਘ ਪੰਮਾ, ਗੁਰਜੀਤ ਸਿੰਘ ਸੋਢੀ, ਸਰਬਜੀਤ ਸਿੰਘ ਭਾਵੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਪਿਛਲੇ ਸਮੇਂ ਤੋਂ ਬੰਦ ਚੱਲ ਰਹੇ ਮਿਡ-ਡੇ ਮੀਲ ਨੂੰ ਸ਼ੁਰੂ ਕਰਨ ਸਬੰਧੀ ਵਿਸਥਾਰ ਵਿਚ ਵਿਚਾਰ-ਚਰਚਾ ਕੀਤੀ ਗਈ।
ਮੀਟਿੰਗ ਵਿਚ ਅਧਿਆਪਕ ਆਗੂਆਂ ਨੇ ਇਕਜੁੱਟ ਹੁੰਦੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਮਿਡ-ਡੇ ਮੀਲ ਦੀ ਬਕਾਇਆ ਰਾਸ਼ੀ ਜੋ ਕਿ ਅਧਿਆਪਕਾਂ ਵੱਲੋਂ ਖਰਚ ਕੀਤੀ ਗਈ ਸੀ, ਉਸਦਾ ਭੁਗਤਾਨ ਸਿੱਖਿਆ ਵਿਭਾਗ ਵੱਲੋਂ 2 ਕਿਸ਼ਤਾਂ ਵਿਚ ਕਰ ਦਿੱਤਾ ਗਿਆ ਹੈ। ਜਿਸਦੇ ਨਾਲ ਲਗਭਗ ਪਿਛਲਾ ਬਕਾਇਆ ਕਲੀਅਰ ਹੋ ਗਿਆ ਹੈ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਨੂੰ ਮੁੱਖ ਰੱਖਦੇ ਹੋਏ ਮਿਡ-ਡੇ ਮੀਲ ਚਾਲੂ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਨਾਲ ਹੀ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਨਵਰੀ ਮਹੀਨੇ ਦੇ ਅੰਦਰ-ਅੰਦਰ ਐਡਵਾਂਸ ਰਾਸ਼ੀ ਦੇਣ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਸਿੱਖਿਆ ਵਿਭਾਗ ਮੰਚ ਫਿਰੋਜ਼ਪੁਰ ਵੱਲੋਂ ਮਿਡ-ਡੇ ਮੀਲ ਦੇ ਸਬੰਧ ਵਿਚ ਸਖਤ ਫੈਸਲਾ ਲਿਆ ਜਾਵੇਗਾ। ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਜ਼ਿਲਾ ਸਿੱਖਿਆ ਅਫਸਰ ਫਿਰੋਜ਼ਪੁਰ ਦੀ ਹੋਵੇਗੀ।
ਇਸ ਮੌਕੇ ਗੁਰਬਚਨ ਸਿੰਘ ਭੁੱਲਰ, ਮਹਿੰਦਰ ਸਿੰਘ ਸ਼ੈਲੀ, ਅਮ੍ਰਿਤਪਾਲ ਬਰਾੜ, ਲਖਵੀਰ ਸਿੰਘ, ਸੁਰਿੰਦਰ ਕੰਬੋਜ, ਹਰਜੀਤ ਸਿੰਘ ਸਿੱਧੂ ਆਦਿ ਅਧਿਆਪਕ ਆਗੂ ਮੌਜੂਦ ਸਨ।