ਨਵਜੋਤ ਸਿੰਘ ਸਿੱਧੂ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦੇਣ ’ਤੇ ਕੈਪਟਨ ਦਾ ਵੱਡਾ ਬਿਆਨ
Friday, Mar 19, 2021 - 06:37 PM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਉੱਪ ਮੁੱਖ ਮੰਤਰੀ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਦੀਆਂ ਚਰਚਾਵਾਂ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਪੱਧਰ ’ਤੇ ਵਿਰ੍ਹਾਮ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਨਾ ਤਾਂ ਉਨ੍ਹਾਂ ਦੇ ਪੱਧਰ ’ਤੇ ਹੋ ਸਕਦਾ ਹੈ ਅਤੇ ਨਾ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੇ ਪੱਧਰ ’ਤੇ, ਇਹ ਫੈਸਲਾ ਤਾਂ ਹਾਈਕਮਾਨ ਨੇ ਕਰਨਾ ਹੈ। ਮੁੱਖ ਮੰਤਰੀ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਬਣ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਬੁੱਧਵਾਰ ਨੂੰ ਸਿੱਧੂ ਨਾਲ ਉਨ੍ਹਾਂ ਦੀ ਮੁਲਾਕਾਤ ਬੇਹੱਦ ਗਰਮਜੋਸ਼ੀ ਵਾਲੀ ਰਹੀ। ਕਿਸੇ ਕਾਰਣ ਉਨ੍ਹਾਂ ਨਾਲ ਦੁਪਹਿਰ ਦਾ ਭੋਜਨ ਸੰਭਵ ਨਹੀਂ ਹੋ ਸਕਿਆ ਪਰ ਉਨ੍ਹਾਂ ਨੇ ਇਕੱਠੇ ਚਾਹ ਪੀਤੀ ਅਤੇ ਬੜੇ ਹੀ ਪਿਆਰ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਚਾਹੁੰਦੇ ਹਨ ਕਿ ਸਿੱਧੂ ਕਾਂਗਰਸ ਦੀ ਟੀਮ ਦਾ ਹਿੱਸਾ ਬਣੇ ਰਹਿਣ ਪਰ ਸਿੱਧੂ ਨੇ ਫ਼ੈਸਲਾ ਲੈਣ ਲਈ ਥੋੜ੍ਹਾ ਸਮਾਂ ਮੰਗਿਆ ਹੈ। ਉਮੀਦ ਹੈ ਕਿ ਸਿੱਧੂ ਛੇਤੀ ਹੀ ਟੀਮ ਦਾ ਹਿੱਸਾ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵਾਨ ਸਿੰਘ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਸਿੰਘ ਨਾਲ ਉਨ੍ਹਾਂ ਦਾ ਚੰਗਾ ਰਿਸ਼ਤਾ ਰਿਹਾ ਹੈ। ਜਦੋਂ ਉਹ ਰਾਜਨੀਤੀ ਵਿਚ ਆਏ ਤਾਂ ਪਹਿਲੀ ਚੋਣ ਵਿਚ ਭਗਵਾਨ ਸਿੰਘ ਨੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਸੀ।
ਇਹ ਵੀ ਪੜ੍ਹੋ : 4 ਸਾਲ ਬਾਅਦ ਵੀ ਮਾਫੀਆ ਰਾਜ ਬਾਰੇ ਮੁੱਖ ਮੰਤਰੀ ਦਾ ਜਵਾਬ, ਇਕ ਦਿਨ ’ਚ ਮਾਫੀਆ ਖਤਮ ਨਹੀਂ ਹੋ ਸਕਦਾ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਇਕ ਮਾਤਰ ਉਦੇਸ਼ ਕਾਂਗਰਸ ਨੂੰ ਇਕਜੁਟ ਰੱਖਣਾ ਹੈ। ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਛਾਵਾਂ ਸਭ ਦੀਆਂ ਹੋ ਸਕਦੀਆਂ ਹਨ ਪਰ ਜਦੋਂ ਪਾਰਟੀ ਦੀ ਗੱਲ ਆਏ ਤਾਂ ਸਾਰਿਆ ਨੂੰ ਆਪਣੀਆਂ ਇੱਛਾਵਾਂ ਇਕ ਪਾਸੇ ਰੱਖ ਕੇ ਸਿਰਫ਼ ਪਾਰਟੀ ਲਈ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕੀ ਹੋਵੇਗੀ ਕਿ ਜੇਕਰ ਪਾਰਟੀ ਵਿਚ ਸਭ ਆਪਣੀਆਂ ਇੱਛਾਵਾਂ ਇਕ ਪਾਸੇ ਰੱਖ ਕੇ ਇਕਜੁਟ ਹੋਣ।
100 ਫੀਸਦੀ ਨਤੀਜੇ ਨਾਲ ਚੋਣਾਂ ਵਿਚ ਉਤਰੇਗੀ ਕਾਂਗਰਸ
ਮੁੱਖ ਮੰਤਰੀ ਨੇ ਕਿਹਾ ਕਿ ਬੇਸ਼ੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ’ਤੇ ਵਿਸ਼ਵਾਸ ਜਤਾਉਂਦਿਆਂ ਉਨ੍ਹਾਂ ਨੂੰ 2022 ਵਿਚ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਦੱਸ ਦਿੱਤਾ ਹੈ ਪਰ ਇਸ ਦਾ ਫੈਸਲਾ ਹਾਈਕਮਾਨ ਨੇ ਕਰਨਾ ਹੈ। ਜਿੱਥੋਂ ਤੱਕ ਗੱਲ ਚੋਣ ਦੀ ਹੈ ਤਾਂ ਕਾਂਗਰਸ 100 ਫੀਸਦੀ ਰਿਜ਼ਲਟ ਦੇ ਨਾਲ ਚੋਣ ਮੈਦਾਨ ਵਿਚ ਉਤਰੇਗੀ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਆਪਣਾ 100 ਫੀਸਦੀ ਘੋਸ਼ਣਾ ਪੱਤਰ ਪੂਰਾ ਨਹੀਂ ਕੀਤਾ ਹੈ। ਚੰਦਰਬਾਬੂ ਨਾਇਡੂ ਪਹਿਲੇ ਅਜਿਹੇ ਮੁੱਖ ਮੰਤਰੀ ਰਹੇ ਹਨ, ਜਿਨ੍ਹਾਂ ਨੇ 81 ਫੀਸਦੀ ਚੋਣ ਐਲਾਨਾਂ ਨੂੰ ਪੂਰਾ ਕੀਤਾ ਪਰ ਪੰਜਾਬ ਵਿਚ ਕਾਂਗਰਸ ਮੌਜੂਦਾ ਸਮੇਂ ਵਿਚ 85 ਤੋਂ 86 ਫੀਸਦੀ ਐਲਾਨ ਪੂਰੇ ਕਰ ਚੁੱਕੀ ਹੈ। ਨਵੇਂ ਬਜਟ ਦੇ ਨਾਲ ਇਹ ਟੀਚਾ 100 ਫੀਸਦੀ ਤੱਕ ਪਹੁੰਚੇਗਾ।
ਇਹ ਵੀ ਪੜ੍ਹੋ : ਪ੍ਰਨੀਤ ਕੌਰ ਨੇ ਕੋਰੋਨਾ ਵਿਰੁੱਧ ਜੰਗ ਲਈ ਕੇਂਦਰ ਤੋਂ ਮੰਗੇ 200 ਕਰੋੜ ਰੁਪਏ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ