ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਧਾਰਮਿਕ ਅਜ਼ਾਦੀ ਦੇ ਖ਼ਿਲਾਫ਼ : ਬੀਬੀ ਜਗੀਰ ਕੌਰ

Tuesday, May 18, 2021 - 10:24 PM (IST)

ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਧਾਰਮਿਕ ਅਜ਼ਾਦੀ ਦੇ ਖ਼ਿਲਾਫ਼ : ਬੀਬੀ ਜਗੀਰ ਕੌਰ

ਅੰਮ੍ਰਿਤਸਰ,(ਦੀਪਕ)- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਉੱਥੋਂ ਦੇ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਲਾਉਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੰਦਭਾਗਾ ਅਤੇ ਧਾਰਮਿਕ ਅਜ਼ਾਦੀ ਦੇ ਖ਼ਿਲਾਫ਼ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੇ ਵਾਅਦਿਆਂ ਦੀ ਖੁੱਲ੍ਹੀ ਪੋਲ, 13 ਸਾਲਾ ਨਾਬਾਲਿਗਾ ਲਿਫਾਫੇ ਵੇਚ ਪਰਿਵਾਰ ਪਾਲਣ ਨੂੰ ਮਜਬੂਰ

ਬੀਬੀ ਜਗੀਰ ਕੌਰ ਨੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਨਿਊ ਸਾਊਥ ਵੇਲਸ ਦੇ ਸਰਕਾਰੀ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ 19 ਮਈ, 2021 ਤੋਂ ਪਾਬੰਦੀ ਲਗਾਈ ਗਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਭਾਵੇਂ ਇਹ ਪਾਬੰਦੀ ਸਿਡਨੀ ਦੇ ਇਕ ਸਕੂਲ ਵਿਚ ਵਾਪਰੀ ਇਕ ਘਟਨਾ ਉਪਰੰਤ ਲਾਗੂ ਕੀਤੀ ਗਈ ਹੈ, ਪ੍ਰੰਤੂ ਸਿੱਖਾਂ ਦੇ ਜੀਵਨ ਦਾ ਅਹਿਮ ਅੰਗ ਕਿਰਪਾਨ ’ਤੇ ਪਾਬੰਦੀ ਲਗਾ ਦੇਣਾ ਸਿੱਖ ਮਾਨਤਾਵਾਂ ਦੇ ਬਿਲਕੁਲ ਵਿਰੁੱਧ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉੱਥੋਂ ਦੀ ਸਰਕਾਰ ਨੂੰ ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਸਿੱਖ ਕੌਮ ਦੀਆਂ ਪ੍ਰਤੀਨਿਧ ਸੰਸਥਾਵਾਂ ਤੋਂ ਸਲਾਹ ਲੈਣੀ ਚਾਹੀਦੀ ਸੀ, ਕਿਉਂਕਿ ਕਿਰਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇਕ ਹੈ ਅਤੇ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੇ ਸਰੀਰ ਦਾ ਅਹਿਮ ਅੰਗ ਹੈ। ਇਹ ਕਕਾਰ ਸਿੱਖਾਂ ਵੱਲੋਂ 300 ਤੋਂ ਵੱਧ ਸਾਲਾਂ ਤੋਂ ਪਹਿਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਤੱਪਦੀ ਗਰਮੀ 'ਚ ਦੂਜੇ ਦਿਨ ਵੀ ਕਿਸਾਨਾਂ ਨੇ ਨੈਸ਼ਨਲ ਹਾਇਵੇ ਕੀਤਾ ਜਾਮ

ਉਨ੍ਹਾਂ ਕਿਹਾ ਕਿ ਕਿਰਪਾਨ ਚਾਕੂ ਜਾਂ ਖੰਜਰ ਨਹੀਂ, ਬਲਕਿ ਸਿੱਖਾਂ ਵਾਸਤੇ ਇਹ ਡੂੰਘੇ ਅਰਥ ਅਤੇ ਉਦੇਸ਼ ਵਾਲਾ ਇਕ ਵਿਸ਼ਵਾਸ ਦਾ ਚਿੰਨ੍ਹ ਹੈ ਅਤੇ ਇਸ ਫ਼ੈਸਲੇ ਨਾਲ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚੀ ਹੈ, ਜਿਸ ਕਾਰਨ ਇਸਦਾ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਅਤੇ ਆਸਟ੍ਰੇਲੀਆ ਵਿਖੇ ਭਾਰਤੀ ਰਾਜਦੂਤ ਤੋਂ ਇਹ ਮੰਗ ਕਰਦੀ ਹੈ ਕਿ ਉਹ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕਰ ਕੇ ਇਸ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਯਤਨ ਕਰੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਲਦ ਹੀ ਇਸ ਮਾਮਲੇ ਵਿਚ ਭਾਰਤ ਅਤੇ ਆਸਟ੍ਰੇਲੀਆ ਸਰਕਾਰਾਂ ਨੂੰ ਪੱਤਰ ਲਿਖੇਗੀ।


author

Bharat Thapa

Content Editor

Related News