ਫੁੱਟਬਾਲ ਖਿਡਾਰੀ ਸਾਹਿਬ ਮਲਿਕ ਦੀ ਕੈਂਸਰ ਨਾਲ ਮੌਤ

01/16/2018 5:29:57 AM

ਮਾਲੇਰਕੋਟਲਾ, (ਜ਼ਹੂਰ)- ਮਾਲੇਰਕੋਟਲਾ ਸ਼ਹਿਰ 'ਚ ਉਸ ਸਮੇਂ ਸ਼ੋਕ ਦੀ ਲਹਿਰ ਫੈਲ ਗਈ, ਜਦੋਂ ਟਾਟਾ ਫੁੱਟਬਾਲ ਅਕੈਡਮੀ ਦੇ ਬੈਸਟ ਖਿਡਾਰੀ ਸਾਹਿਬ ਮਲਿਕ ਦੀ ਕੈਂਸਰ ਨਾਲ ਮੌਤ ਹੋ ਗਈ।
ਮ੍ਰਿਤਕ ਸਾਹਿਬ ਮਲਿਕ ਦੇ ਪਿਤਾ ਅਬਦੁਲ ਸੱਤਾਰ ਕਾਲਾ (ਸਾਬਕਾ ਕੌਂਸਲਰ) ਨੇ ਦੱਸਿਆ ਕਿ ਉਨ੍ਹਾਂ ਦੀ ਅੱਖਾਂ ਦਾ ਤਾਰਾ ਸਾਹਿਬ ਮਲਿਕ ਸੋਹਰਾਬ ਪਬਲਿਕ ਸਕੂਲ 'ਚ ਜਦੋਂ 5-6 ਸਾਲਾਂ ਦਾ ਸੀ ਤਾਂ ਉਸ ਨੂੰ ਚੰਡੀਗੜ੍ਹ ਫੁੱਟਬਾਲ ਐਸੋਸੀਏਸ਼ਨ ਨੇ ਫੁੱਟਬਾਲ ਖੇਡਦਿਆਂ ਦੇਖਿਆ ਤਾਂ 7 ਸਾਲਾਂ ਲਈ ਆਪਣੇ ਨਾਲ ਚੰਡੀਗੜ੍ਹ ਵਿਖੇ ਲੈ ਗਏ। ਇਸ ਤੋਂ ਬਾਅਦ ਸਾਹਿਬ ਮਲਿਕ ਸਪੋਰਟਸ ਅਥਾਰਟੀ ਆਫ ਇੰਡੀਆ 'ਚ ਚੁਣਿਆ ਗਿਆ ਤੇ ਅੰਡਰ-16 ਵਰਲਡ ਕੱਪ ਟੀਮ ਦਾ ਬਤੌਰ ਕੈਪਟਨ ਚੁਣਿਆ ਗਿਆ।
ਫੁੱਟਬਾਲ ਪ੍ਰਤੀ ਲਗਨ ਤੇ ਸਖਤ ਮਿਹਨਤ ਨੂੰ ਦੇਖਦਿਆਂ ਸਾਹਿਬ ਮਲਿਕ ਨਾਲ ਪਿਛਲੇ ਸਾਲ ਟਾਟਾ ਫੁੱਟਬਾਲ ਅਕੈਡਮੀ ਨੇ 7 ਸਾਲ ਲਈ ਕੰਟ੍ਰੈਕਟ ਕੀਤਾ ਤੇ ਉਸ ਨੂੰ ਟਾਟਾ ਕੈਂਪ ਵਿਚ ਟ੍ਰੇਨਿੰਗ ਲਈ ਭੇਜਿਆ। ਸਾਹਿਬ ਮਲਿਕ ਨੂੰ ਅੰਡਰ-17 ਵਰਲਡ ਕੱਪ ਇੰਡੀਆ ਦੀ ਟੀਮ 'ਚ ਖੇਡਣ ਦਾ ਮੌਕਾ ਦਿੱਤਾ, ਬੇਸ਼ੱਕ ਉਸ ਮੈਚ ਵਿਚ ਸਾਹਿਬ ਮਲਿਕ ਦੀ ਟੀਮ ਹਾਰ ਗਈ ਪਰ ਵਰਲਡ ਕੱਪ ਟੀਮ ਦੇ ਕੋਚ ਲੁਇਸ ਨੋਰਟਨ ਡੀ ਮੈਟੋਸ ਨੇ ਸਾਹਿਬ ਮਲਿਕ ਨੂੰ ਖਾਸ ਤੌਰ 'ਤੇ ਨੋਟਿਸ ਕੀਤਾ ਤੇ ਉਸ ਨੂੰ ਚੰਗਾ ਖੇਡਣ ਲਈ ਪ੍ਰੇਰਿਆ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜੁਲਾਈ 2017 'ਚ ਸਾਹਿਬ ਮਲਿਕ ਛੁੱਟੀਆਂ ਲੈ ਕੇ ਘਰ ਆਇਆ। ਇਥੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਈ, ਜਿਸ ਦਾ ਚੈੱਕਅਪ ਪਟਿਆਲਾ ਤੇ ਚੰਡੀਗੜ੍ਹ ਦੇ ਪੀ. ਜੀ. ਆਈ. ਤੋਂ ਕਰਵਾਇਆ ਗਿਆ। ਉਨ੍ਹਾਂ ਡੀ. ਐੱਮ. ਸੀ. ਲੁਧਿਆਣਾ ਦੇ ਡਾਕਟਰਾਂ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਡੀ. ਐੱਮ. ਸੀ. ਦੇ ਡਾਕਟਰ ਸੱਤਪਾਲ ਨੇ ਦੱਸਿਆ ਕਿ ਸਾਹਿਬ ਮਲਿਕ ਨੂੰ ਕੈਂਸਰ ਦੀ ਚੌਥੀ ਸਟੇਜ ਹੈ। ਉਸ ਤੋਂ ਬਾਅਦ ਉਸ ਦੀ ਤਬੀਅਤ ਵਿਗੜਦੀ ਗਈ ਤੇ ਅਖੀਰ ਉਹ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਾ ਹੋਇਆ ਹਾਰ ਗਿਆ।
ਐਤਵਾਰ ਦੀ ਦੇਰ ਰਾਤ ਨੂੰ ਸਾਹਿਬ ਮਲਿਕ ਨੂੰ ਸਪੁਰਦ ਏ ਖਾਕ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਾਹਿਬ ਮਲਿਕ ਇਸ ਸਮੇਂ ਝਾਰਖੰਡ 'ਚ 12ਵੀਂ ਦਾ ਵਿਦਿਆਰਥੀ ਸੀ।


Related News