ਉਜੜਿਆ ਘਰ: ਸੁਲਤਾਨਪੁਰ ਲੋਧੀ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਹੱਥ ''ਚ ਫੜੀ ਮਿਲੀ ਸਰਿੰਜ

Monday, Jul 24, 2023 - 07:00 PM (IST)

ਸੁਲਤਾਨਪੁਰ ਲੋਧੀ (ਸੋਢੀ)- ਸੁਲਤਾਨਪੁਰ ਲੋਧੀ ਦੇ ਪਿੰਡ ਕੜਾਹਲ ਖ਼ੁਰਦ ਦੇ ਨਿਵਾਸੀ ਨੌਜਵਾਨ ਜਗਤਜੀਤ ਸਿੰਘ ਦੀ ਥਾਣਾ ਸੁਲਤਾਨਪੁਰ ਲੋਧੀ ਅਧੀਨ ਪਿੰਡ ਮੋਠਾਂਵਾਲ ਨੇੜੇ ਇਕ ਮੋਟਰ ’ਤੇ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਮਾਂ ਸੁਖਵਿੰਦਰ ਕੌਰ ਸਾਬਕਾ ਸਰਪੰਚ ਕੜਾਹਲ ਖ਼ੁਰਦ ਨੇ ਦੋਸ਼ ਲਾਇਆ ਹੈ ਕਿ ਮੇਰੇ ਪੁੱਤਰ ਦਾ ਉਸ ਦੇ ਸਾਥੀਆਂ ਵੱਲੋਂ ਕਤਲ ਕੀਤਾ ਗਿਆ ਹੈ। ਇਸ ਸਬੰਧ ਵਿਚ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਦੋ ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਖ਼ਿਲਾਫ਼ ਧਾਰਾ 304, 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਭੇਜ ਦਿੱਤੀ ਹੈ। 

ਮ੍ਰਿਤਕ ਨੌਜਵਾਨ ਦੀ ਮਾਂ ਸੁਖਵਿੰਦਰ ਕੌਰ ਸਾਬਕਾ ਸਰਪੰਚ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਮੇਰੇ ਪੁੱਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਨਹੀਂ ਹੋਈ, ਉਸ ਦਾ ਕਤਲ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਕ ਦਿਨ ਪਹਿਲਾਂ ਉਸ ਦਾ ਦੋਸਤ ਮੇਰੇ ਪੁੱਤਰ ਜਗਤਜੀਤ ਨੂੰ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਗਿਆ ਸੀ। ਦੇਰ ਰਾਤ ਤੱਕ ਉਹ ਘਰ ਨਹੀਂ ਪਰਤਿਆ। ਅਸੀਂ ਰਿਸ਼ਤੇਦਾਰਾਂ ਨੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਅਗਲੇ ਦਿਨ ਪਿੰਡ ਮੋਠਾਂਵਾਲ ਨੇੜੇ ਇਕ ਮੋਟਰ ਤੋਂ ਮੇਰਾ ਪੁੱਤਰ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ, ਜਿਸ ਦੇ ਹੱਥ ਵਿਚ ਸਰਿੰਜ ਵੀ ਫੜੀ ਪਈ ਸੀ। ਉਸ ਨੂੰ ਤੁਰੰਤ ਕਪੂਰਥਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਆਂਦਾ, ਜਿੱਥੇ ਡਿਊਟੀ ਡਾਕਟਰ ਨੇ ਉਸ ਦੇ ਪੁੱਤਰ ਨੂੰ ਮ੍ਰਿਤਕ ਐਲਾਨ ਦਿੱਤਾ।  

ਇਹ ਵੀ ਪੜ੍ਹੋ- ਫਿਲੌਰ 'ਚ ਵੱਡੀ ਵਾਰਦਾਤ, ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁੱਟੀ 23 ਲੱਖ ਦੀ ਨਕਦੀ

ਪੁਲਸ ਨੂੰ ਲਿਖਾਈ ਐੱਫ਼. ਆਈ. ਆਰ. ਵਿਚ ਮ੍ਰਿਤਕ ਦੀ ਮਾਂ ਸੁਖਵਿੰਦਰ ਕੌਰ ਨੇ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 21 ਜੁਲਾਈ ਨੂੰ ਸ਼ਾਮ 7.30 ਵਜੇ ਪਿੰਡ ਕੜਾਲ ਕਲਾਂ ਦਾ ਰਹਿਣ ਵਾਲਾ ਸਰਵਣ ਸਿੰਘ ਉਸ ਦੇ ਲੜਕੇ ਜਗਤਜੀਤ ਸਿੰਘ ਨੂੰ ਘਰੋਂ ਬੁਲਾ ਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਸੀ। ਜਦੋਂ ਦੇਰ ਰਾਤ ਤੱਕ ਉਸ ਦਾ ਲੜਕਾ ਘਰ ਨਾ ਆਇਆ ਤਾਂ ਉਸ ਨੇ ਆਸ-ਪਾਸ ਆਪਣੇ ਲੜਕੇ ਦੀ ਭਾਲ ਕੀਤੀ ਪਰ ਕਿਤੇ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਅਗਲੇ ਦਿਨ ਸਵੇਰੇ ਪਿੰਡ ਮੋਠਾਂਵਾਲ ਰਸਤੇ ਵਿੱਚ ਇੰਦਰਜੀਤ ਸਿੰਘ ਉਰਫ਼ ਭਿੰਦਾ ਅਤੇ ਉਸ ਦਾ ਭਰਾ ਨਿਰਮਲਜੀਤ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਨਾਨੋ ਮੱਲੀਆਂ ਆਪਣੀ ਮੋਟਰ ਵਾਲੀ ਸਾਈਡ ਤੋਂ ਪੈਦਲ ਆ ਰਹੇ ਸਨ, ਜੋ ਕਾਫ਼ੀ ਘਬਰਾਏ ਹੋਏ ਸਨ। ਜਦੋਂ ਉਸ ਨੇ ਮੋਟਰ ’ਤੇ ਜਾ ਕੇ ਵੇਖਿਆ ਤਾਂ ਇੰਦਰਜੀਤ ਸਿੰਘ ਦੀ ਮੋਟਰ ’ਤੇ ਉਸ ਦੇ ਲੜਕੇ ਦਾ ਮੋਟਰਸਾਈਕਲ ਪਿਆ ਸੀ ਅਤੇ ਉਸ ਦਾ ਪੁੱਤਰ ਵੀ ਉਥੇ ਹੀ ਬੇਹੋਸ਼ੀ ਦੀ ਹਾਲਤ ’ਚ ਪਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਨੂੰ ਯਕੀਨ ਹੈ ਕਿ ਉਪਰੋਕਤ ਤਿੰਨਾਂ ਨੇ ਉਸ ਦੇ ਪੁੱਤਰ ਨਾਲ ਕੁਝ ਗਲਤ ਕੀਤਾ ਹੈ ਅਤੇ ਉਸ ਨੂੰ ਮਾਰ ਦਿੱਤਾ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਵੱਖ-ਵੱਖ ਐਂਗਲਾਂ ਤੋਂ ਜਾਂਚ ਆਰੰਭ ਕੀਤੀ ਹੈ। ਨਸ਼ੇ ਦੇ ਇਸ ਕੇਸ ਸਬੰਧ ਮ੍ਰਿਤਕ ਦੀ ਮਾਤਾ ਨੇ ਸੂਬਾ ਸਰਕਾਰ ਅਤੇ ਪੁਲਸ ਖ਼ਿਲਾਫ਼ ਵੀ ਆਪਣੀ ਭੜਾਸ ਕੱਢੀ ਅਤੇ ਸ਼ਰੇਆਮ ਨਸ਼ਾ ਵਿਕਣ ਦੇ ਦੋਸ਼ ਵੀ ਲਗਾਏ ।

ਇਹ ਵੀ ਪੜ੍ਹੋ-  ਨਿਹੰਗਾਂ ਵੱਲੋਂ ਅਗਵਾ ਕੀਤੇ ਸੋਨੂੰ-ਜੋਤੀ ਦੇ ਮਾਮਲੇ 'ਚ ਨਵਾਂ ਮੋੜ, ਲਿਵ-ਇਨ-ਰਿਲੇਸ਼ਨਸ਼ਿਪ ਸਣੇ ਹੋਏ ਕਈ ਵੱਡੇ ਖ਼ੁਲਾਸੇ

ਕੀ ਕਹਿੰਦੇ ਹਨ ਥਾਣਾ ਮੁਖੀ 
ਇਸ ਕੇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਵਰਿੰਦਰ ਸਿੰਘ ਬਾਜਵਾ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਪੂਰੀ ਇਮਾਨਦਾਰੀ ਨਾਲ ਤਫ਼ਤੀਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਮਿਲਦੇ ਹੀ ਹੋਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮ੍ਰਿਤਕ ਨੌਜਵਾਨ ਜਗਤਜੀਤ ਸਿੰਘ ਦੀ ਮਾਤਾ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਕਿਹਾ ਕਿ ਨਸ਼ਿਆਂ ਦੀ ਵਿਕਰੀ ਖ਼ਿਲਾਫ਼ ਪੁਲਸ ਨੇ ਵੱਡੀ ਪੱਧਰ 'ਤੇ ਮੁਹਿੰਮ ਚਲਾ ਕੇ ਕਈ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਥਾਣਾ ਇੰਚਾਰਜ ਨੇ ਕਿਹਾ ਕਿ ਸਾਨੂੰ ਜਗਤਜੀਤ ਦੇ ਪਿੰਡ ਤੋਂ ਪਤਾ ਲੱਗਾ ਹੈ ਕਿ ਉਹ ਨੌਜਵਾਨ ਨਸ਼ੇ ਦਾ ਆਦੀ ਸੀ, ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕੇਗਾ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ-  ਪੰਜਾਬ 'ਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਇਕ ਵਾਰ ਫਿਰ ਜ਼ੋਰ ਵਿਖਾਵੇਗੀ ਗਰਮੀ ਤੇ ਕਢਾਏਗੀ ਵੱਟ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


shivani attri

Content Editor

Related News