ਘਰ-ਜਵਾਈ ਦੀ ਭੇਤਭਰੀ ਹਾਲਤ ''ਚ ਮੌਤ, ਪਰਿਵਾਰਕ ਮੈਂਬਰਾਂ ਨੇ ਲਾਇਆ ਕਤਲ ਦਾ ਦੋਸ਼

Tuesday, Sep 19, 2017 - 04:47 AM (IST)

ਘਰ-ਜਵਾਈ ਦੀ ਭੇਤਭਰੀ ਹਾਲਤ ''ਚ ਮੌਤ, ਪਰਿਵਾਰਕ ਮੈਂਬਰਾਂ ਨੇ ਲਾਇਆ ਕਤਲ ਦਾ ਦੋਸ਼

ਹੁਸ਼ਿਆਰਪੁਰ, (ਜ.ਬ.)- ਥਾਣਾ ਸਦਰ ਅਧੀਨ ਆਉਂਦੇ ਪਿੰਡ ਬੂਥਗੜ੍ਹ 'ਚ ਸਹੁਰੇ ਘਰ ਰਹਿੰਦੇ ਜਵਾਈ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਸਹੁਰਿਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਉਸ ਨੂੰ ਕਤਲ ਕੀਤਾ ਹੈ। 
ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਪਿਤਾ ਸੰਤੋਖ ਰਾਮ ਵਾਸੀ ਰਾਹੋਂ, ਨਵਾਂਸ਼ਹਿਰ ਨੇ ਦੱਸਿਆ ਕਿ ਉਸ ਦੇ ਬੇਟੇ ਮੱਖਣ ਸਿੰਘ (30) ਦਾ ਵਿਆਹ ਕਰੀਬ 5 ਸਾਲ ਪਹਿਲਾਂ ਹੁਸ਼ਿਆਰਪੁਰ ਦੇ ਕਸਬਾ ਬੂਥਗੜ੍ਹ 'ਚ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਪਿਛਲੇ ਕਰੀਬ ਇਕ ਸਾਲ ਤੋਂ ਮੱਖਣ ਸਿੰਘ ਆਪਣੇ ਸਹੁਰੇ ਘਰ 'ਚ ਹੀ ਰਹਿੰਦਾ ਸੀ। ਬੀਤੀ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਪੀ. ਜੀ. ਆਈ. ਵਿਖੇ ਮੌਤ ਹੋ ਗਈ ਹੈ। 
ਸ਼ਿਕਾਇਤਕਰਤਾ ਨੇ ਮੱਖਣ ਸਿੰਘ ਦੀ ਸੱਸ, ਸਹੁਰੇ, ਪਤਨੀ ਅਤੇ ਸਾਲਿਆਂ 'ਤੇ ਉਸ ਨੂੰ ਕਤਲ ਕਰਨ ਦਾ ਦੋਸ਼ ਲਾਉਂਦਿਆਂ ਇਸ ਦੀ ਜਾਂਚ ਉੱਚ ਅਧਿਕਾਰੀਆਂ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਉਸ ਦਾ ਪੋਸਟਮਾਰਟਮ ਵੀ ਡਾਕਟਰਾਂ ਦੇ ਬੋਰਡ ਤੋਂ ਕਰਵਾਉਣ ਲਈ ਕਿਹਾ ਹੈ। 
ਦੂਜੇ ਪਾਸੇ ਮਾਮਲੇ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਸੇਵਾ ਸਿੰਘ ਨੇ ਕਿਹਾ ਕਿ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਤਨੀ ਦੇ ਨਾਂ ਕੀਤੀ ਜ਼ਮੀਨ ਹੋ ਸਕਦੀ ਐ ਮੌਤ ਦਾ ਕਾਰਨ : ਭਿੱਜੀਆਂ ਅੱਖਾਂ ਨਾਲ ਸੰਤੋਖ ਰਾਮ ਨੇ ਦੱਸਿਆ ਕਿ ਕਰੀਬ ਸਵਾ ਸਾਲ ਪਹਿਲਾਂ ਉਸ ਦੇ ਬੇਟੇ ਮੱਖਣ ਸਿੰਘ ਦੇ ਹਿੱਸੇ ਆਉਂਦੀ 24 ਕਨਾਲ ਜ਼ਮੀਨ ਦੀ ਰਜਿਸਟਰੀ ਬੇਟੇ ਦੇ ਨਾਂ ਕਰ ਦਿੱਤੀ ਸੀ ਪਰ ਉਸ ਨੇ ਉਸ ਜ਼ਮੀਨ ਦੀ ਰਜਿਸਟਰੀ ਆਪਣੀ ਪਤਨੀ ਦੇ ਨਾਂ 'ਤੇ ਕਰਵਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੱਖਣ ਦੀ ਪਤਨੀ ਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਜ਼ਮੀਨ ਦੇ ਲਾਲਚ 'ਚ ਉਸ ਨੂੰ ਕਤਲ ਕਰ ਦਿੱਤਾ ਹੈ।


Related News