ਦਾਜ ਲਈ ਕੀਤੀ ਕੁੱਟਮਾਰ, ਵਿਆਹੁਤਾ ਦੀ ਮੌਤ ’ਤੇ 8 ਲੋਕਾਂ ਖ਼ਿਲਾਫ਼ ਪਰਚਾ ਦਰਜ
Sunday, Oct 12, 2025 - 02:55 PM (IST)

ਮੋਹਾਲੀ (ਜੱਸੀ) : ਵਿਆਹੁਤਾ ਦੀ ਸਹੁਰੇ ਘਰ ਭੇਤਭਰੇ ਹਾਲਾਤ ’ਚ ਮੌਤ ਹੋ ਗਈ। ਪੁਲਸ ਨੇ ਸਹੁਰੇ ਪਰਿਵਾਰ ਦੇ 8 ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ, ਅਵਤਾਰ ਸਿੰਘ, ਬਲਜੀਤ ਕੌਰ, ਪਰਮਜੀਤ ਕੌਰ, ਜਗਤਾਰ ਸਿੰਘ, ਜੱਗੂ ਵਾਸੀ ਪਿੰਡ ਕੰਬਾਲਾ, ਮਨਜੋਤ ਕੌਰ ਤੇ ਉਸ ਦੇ ਪਤੀ ਮਨਪ੍ਰੀਤ ਸਿੰਘ ਵਾਸੀ ਰਾਜਪੁਰਾ ਵਜੋਂ ਹੋਈ ਹੈ। ਸ਼ਿਕਾਇਤਕਰਤਾ ਅਜੀਤ ਸਿੰਘ ਵਾਸੀ ਪਿੰਡ ਉਗਾਣੀ (ਰਾਜਪੁਰਾ) ਨੇ ਦੱਸਿਆ ਕਿ ਬੇਟੀ ਪਵਨਪ੍ਰੀਤ ਕੌਰ ਦਾ ਵਿਆਹ ਨਵੰਬਰ 2021 ’ਚ ਰਵਿੰਦਰ ਨਾਲ ਹੋਇਆ ਸੀ।
ਉਸ ਦੌਰਾਨ ਹੈਸੀਅਤ ਮੁਤਾਬਕ ਦਹੇਜ ’ਚ 18 ਤੋਲੇ ਸੋਨਾ ਦਿੱਤਾ ਸੀ। ਕਰੀਬ 4 ਸਾਲ ਬਾਅਦ ਕੋਈ ਬੱਚਾ ਨਹੀਂ ਹੋਇਆ ਤਾਂ ਸਹੁਰਾ ਪਰਿਵਾਰ ਤਾਅਨੇ-ਮੇਹਣੇ ਮਾਰਨ ਲੱਗ ਪਿਆ ਤੇ ਫਾਰਚੂਨਰ ਗੱਡੀ ਦੀ ਮੰਗ ਕਰਨ ਲੱਗ ਪਏ। ਸੱਸ, ਨਣਦ, ਮਾਸੀ ਸੱਸ ਤੇ ਬਾਕੀ ਮੈਂਬਰ ਮਿਲ ਕੇ ਕੁੜੀ ਨੂੰ ਪ੍ਰੇਸ਼ਾਨ ਲੱਗ ਪਏ। ਏਨਾ ਹੀ ਨਹੀਂ, ਉਸ ਨਾਲ ਕੁੱਟਮਾਰ ਵੀ ਕਰਦੇ ਸਨ। 9 ਅਕਤੂਬਰ ਨੂੰ ਪਵਨਪ੍ਰੀਤ ਕੌਰ ਨੇ ਭਰਾ ਨੂੰ ਈਮੇਲ ਭੇਜੀ ਤੇ ਵਟਸਐਪ ’ਤੇ ਮੈਸੇਜ ਭੇਜਿਆ, ਜਿਸ ’ਚ ਦੋਸ਼ ਲਾਇਆ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਪਤਾ ਲੱਗਾ ਕਿ ਸਹੁਰੇ ਪਰਿਵਾਰ ਨੇ ਕੁੜੀ ਨਾਲ ਲੰਘੀ ਰਾਤ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਹ ਬੇਸੁੱਧ ਹੋ ਗਈ। ਉਹ ਤੁਰੰਤ ਪੰਚਾਇਤ ਤੇ ਹੋਰ ਰਿਸ਼ਤੇਦਾਰਾਂ ਸਮੇਤ ਪਹੁੰਚੇ ਅਤੇ ਪਵਨਪ੍ਰੀਤ ਨੂੰ ਜੀ.ਐੱਮ.ਸੀ.ਐੱਚ. ਸੈਕਟਰ-32 ਲੈ ਗਏ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਥਾਣਾ ਆਈ.ਟੀ. ਸਿਟੀ ਦੀ ਪੁਲਸ ਨੇ ਸਹੁਰੇ ਪਰਿਵਾਰ ਦੇ 8 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।