ਫਾਜ਼ਿਲਕਾ 'ਚ ਨਾਜਾਇਜ਼ ਮਾਈਨਿੰਗ ਰੋਕਣ ਗਈ ਟੀਮ ’ਤੇ ਜਾਨਲੇਵਾ ਹਮਲਾ, ਗੱਡੀ ਦੀ ਵੀ ਕੀਤੀ ਭੰਨ-ਤੋੜ
Wednesday, Sep 28, 2022 - 11:22 AM (IST)
ਜਲਾਲਾਬਾਦ (ਨਿਖੰਜ, ਜਤਿੰਦਰ) : ਪੰਜਾਬ ਸਰਕਾਰ ਵਲੋਂ ਰੇਤੇ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਮੁਹਿੰਮ ਚਲਾਈ ਗਈ ਹੈ ਪਰ ਚੌਕੀ ਘੁਬਾਇਆ ਤੋਂ 2/3 ਕਿਲੋਮੀਟਰ ਦੀ ਦੂਰੀ ’ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਕਿਤੇ ਨਾ ਕਿਤੇ ਪੁਲਸ ਦੀ ਕਾਰਗੁਜਾਰੀ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਜਿਸ ਦੇ ਸਬੰਧ ’ਚ ਬੀਤੀ ਰਾਤ 11 ਵਜੇ ਦੇ ਕਰੀਬ ਉਪ-ਮੰਡਲ ਅਫ਼ਸਰ ਜਲ ਨਿਕਾਸ ਕਮ ਮਾਈਨਿੰਗ ਦੀ ਟੀਮ ਪਿੰਡ ਚੱਕ ਖੁੰਡ ਵਾਲਾ ਡਰੇਨ ਵਿਖੇ ਪੁੱਜੀ ਤਾਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਵਲੋਂ ਟੀਮ ’ਤੇ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਕਤ ਵਿਅਕਤੀਆਂ ਨੇ ਸਰਕਾਰੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਟੀਮ ’ਚ ਸ਼ਾਮਲ ਅਧਿਕਾਰੀ ਤੇ ਪੁਲਸ ਮੁਲਾਜ਼ਮ ਨੂੰ ਸੱਟਾਂ ਵੀ ਮਾਰੀਆਂ।
ਇਹ ਵੀ ਪੜ੍ਹੋ- ਸਦਨ 'ਚ ਸਾਬਕਾ ਮੁੱਖ ਮੰਤਰੀ ਚੰਨੀ 'ਤੇ ਰੱਜ ਕੇ ਵਰ੍ਹੇ CM ਮਾਨ, ਕਿਹਾ- ਜਦੋਂ ਕੋਈ ਭੱਜਦਾ ਹੈ ਤਾਂ...
ਉਪ-ਮੰਡਲ ਅਫ਼ਸਰ ਜਲ ਨਿਕਾਸ ਕਮ ਮਾਈਨਿੰਗ ਜਲਾਲਾਬਾਦ ਗਿਤੇਸ਼ ਉਪਵੇਜਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਬੀਤੇ ਦਿਨੀਂ ਮਾਈਨਿੰਗ ਪਾਰਟੀ ਦੇ ਨਾਲ ਚੈਕਿੰਗ ਕਰਨ ਲਈ ਪਿੰਡ ਖੁੰਡ ਵਾਲਾ ਮੇਨ ਡਰੇਨ ਕੋਲ ਪੁੱਜੇ ਤਾਂ ਕੁਝ ਅਨਸਰਾਂ ਵਲੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਜਦੋਂ ਮੇਰੇ ਨਾਲ ਦੇ ਸਾਥੀਆਂ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਮੇਰੇ ਨਾਲ ਜੇ. ਈ. ਮਲਕੀਤ ਸਿੰਘ ਅਤੇ ਬੇਲਦਾਰ ਸੰਦੀਪ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਅਤੇ ਸਰਕਾਰੀ ਗੱਡੀ ਬੋਲੈਰੋ ਨੂੰ ਬਹੁਤ ਨੁਕਸਾਨ ਪਹੁੰਚਾਇਆ। ਮੌਕੇ ’ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਇਕ ਟਰੈਕਟਰ-ਟਰਾਲੀ ਰੇਤ ਦੀ ਭਰ ਖੜ੍ਹੀ ਕੀਤੀ ਹੋਈ ਸੀ।
ਇਹ ਵੀ ਪੜ੍ਹੋ- ਤਲਵੰਡੀ ਭਾਈ 'ਚ ਵੱਡੀ ਵਾਰਦਾਤ, ਤੈਸ਼ 'ਚ ਆਏ ਪੋਤੇ ਨੇ ਤੰਗਲੀ ਮਾਰ ਕੀਤਾ ਦਾਦੇ ਦਾ ਕਤਲ
ਉਨ੍ਹਾਂ ਕਿਹਾ ਕਿ ਮਾਈਨਿੰਗ ਸਟਾਫ਼ ਵਲੋਂ ਰੇਤਾ ਦੀ ਨਾਜਾਇਜ਼ ਨਿਕਾਸੀ ਦੀ ਚੈਕਿੰਗ ਦੌਰਾਨ ਲਖਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭੰਬਾ ਵੱਟੂ ਉਤਾੜ ਸੁਰਜੀਤ ਸਿੰਘ ਊਰਫ ਸ਼ੰਬੂ ਪੁੱਤਰ ਬਲਵੰਤ ਸਿੰਘ ਅਤੇ ਜੋਗਿੰਦਰ ਸਿੰਘ ਮੋਦੂ ਪੁੱਤਰ ਕਾਸ਼ੀ ਸਿੰਘ ਵਾਸੀ ਚੱਕ ਖੁੰਡ ਵਾਲਾ ਅਤੇ ਲੇਬਰ ਦੇ 10-12 ਅਣਪਛਾਤੇ ਵਿਅਕਤੀਆਂ ਨੂੰ ਰੋਕਣ ’ਤੇ ਮਾਈਨਿੰਗ ਟੀਮ ’ਚ ਸ਼ਾਮਲ ਅਧਿਕਾਰੀਆਂ ਤੇ ਪੁਲਸ ਮੁਲਾਜ਼ਮ ’ਤੇ ਮਾਰ ਦੇਣ ਦੀ ਨੀਯਤ ਨਾਲ ਜਾਨਲੇਵਾ ਹਮਲਾ ਕੀਤਾ ਹੈ। ਜਿਸ ਦੇ ਸਬੰਧ ’ਚ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਮਾਈਨਿੰਗ ਅਧਿਕਾਰੀਆਂ ਦੇ ਪੱਤਰ ’ਤੇ 3 ਵਿਅਕਤੀਆਂ ਸਮੇਤ 10/12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।