ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼, ਕਤਲ ਦਾ ਸ਼ੱਕ
Saturday, Oct 29, 2022 - 03:28 PM (IST)

ਸਾਹਨੇਵਾਲ (ਜ.ਬ.) : ਥਾਣਾ ਜਮਾਲਪੁਰ ਅਧੀਨ ਆਉਂਦੇ ਚੰਡੀਗੜ੍ਹ ਰੋਡ ’ਤੇ ਵੀਰ ਪੈਲੇਸ ਨਜ਼ਦੀਕ ਪੁਲਸ ਨੂੰ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਪਹਿਲੀ ਨਜ਼ਰੇ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਗਿਆ ਪਰ ਪੁਲਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ’ਚ ਹੱਤਿਆ ਹੋਣ ਵਰਗੀ ਕੋਈ ਗੱਲ ਸਾਹਮਣੇ ਨਾ ਆਉਣ ਕਾਰਨ ਪੁਲਸ ਵੱਲੋਂ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਚੌਂਕੀ ਮੂੰਡੀਆਂ ਕਲਾਂ ਇੰਚਾਰਜ ਲਖਵਿੰਦਰ ਮਸੀਹ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਪੁਲਸ ਨੂੰ ਵੀਰ ਪੈਲੇਸ ਦੇ ਨਜ਼ਦੀਕ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ’ਤੇ ਉਹ ਆਪਣੀ ਪੁਲਸ ਟੀਮ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੀ ਪਛਾਣ ਕਰਵਾ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰਕਾਸ਼ (35) ਪੁੱਤਰ ਮੋਹਨ ਲਾਲ ਦੇ ਰੂਪ ’ਚ ਹੋਈ ਹੈ, ਜੋ ਵਿਆਹਿਆ ਹੋਇਆ ਸੀ ਅਤੇ ਉਸ ਦੀ ਇਕ ਬੱਚੀ ਵੀ ਹੈ।
ਮ੍ਰਿਤਕ ਇਕ ਡਾਇੰਗ ਫੈਕਟਰੀ ’ਚ ਕੰਮ ਕਰਦਾ ਸੀ, ਜਿਸ ਨੂੰ ਸ਼ਰਾਬ ਪੀਣ ਦੀ ਕਥਿਤ ਆਦਤ ਸੀ | ਚੌਕੀ ਇੰਚਾਰਜ ਲਖਵਿੰਦਰ ਮਸੀਹ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਹੱਤਿਆ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ। ਫਿਲਹਾਲ ਮ੍ਰਿਤਕ ਦੀ ਪਤਨੀ ਆਰਤੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ | ਪੋਸਟਮਾਰਟਮ ਰਿਪੋਰਟ ਆਉਣ ’ਤੇ ਮੌਤ ਦਾ ਅਸਲ ਕਾਰਨ ਸਪੱਸ਼ਟ ਹੋ ਸਕੇਗਾ |