ਪੰਜਾਬ 'ਚ ਡੀ.ਏ.ਪੀ. ਖਾਦ ਦੀ ਘਾਟ ਲਈ ਮੋਦੀ ਅਤੇ ਚੰਨੀ ਸਰਕਾਰਾਂ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ
Sunday, Nov 07, 2021 - 04:50 PM (IST)
ਚੰਡੀਗੜ੍ਹ (ਬਿਊਰੋ): ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਡੀ.ਏ.ਪੀ. ਖਾਦ ਦੀ ਭਾਰੀ ਘਾਟ ਲਈ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹਨ ਅਤੇ ਖਾਦ ਦੀ ਘਾਟ ਹੋਣ ਕਾਰਨ ਜਿੱਥੇ ਖਾਦ ਡੀਲਰਾਂ ਵੱਲੋਂ ਕਾਲ਼ਾਬਾਜ਼ਾਰੀ ਕੀਤੀ ਜਾ ਰਹੀ ਹੈ, ਉਥੇ ਹੀ ਕਣਕ ਦੀ ਬਿਜਾਈ ਪਿੱਛੜ ਰਹੀ ਹੈ। ਇਸ ਕਾਰਨ ਸੂਬੇ ਅਤੇ ਕਿਸਾਨਾਂ ਦੀ ਆਰਥਿਕਤਾ 'ਤੇ ਬਹੁਤ ਹੀ ਮਾੜਾ ਅਸਰ ਪਵੇਗਾ। ਉਨ੍ਹਾਂ ਡੀ.ਏ.ਪੀ. ਖਾਦ ਦੀ ਅਣਕਿਆਸੀ ਘਾਟ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਚੰਨੀ ਸਰਕਾਰ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਸੋਚੀ ਸਮਝੀ ਕਿੱਲਤ ਨੂੰ ਕਿਸਾਨ ਅਤੇ ਪੰਜਾਬ ਵਿਰੁੱਧ ਗਹਿਰੀ ਸਾਜ਼ਿਸ਼ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਖ਼ੁਲਾਸਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਪੰਜਾਬ ਸਰਕਾਰ ਦੀਆਂ ਬੱਸਾਂ (ਵੀਡੀਓ)
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀਆਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਮਾੜੀ ਨੀਅਤ ਅਤੇ ਨੀਤੀ ਮੁੜ ਜੱਗ ਜਾਹਰ ਹੋਈ ਕਿਉਂਕਿ ਪੰਜਾਬ 'ਚ ਹਾੜੀ ਦੀਆਂ ਫ਼ਸਲਾਂ ਖ਼ਾਸ ਕਰਕੇ ਕਣਕ ਦੀ ਬਿਜਾਈ ਲਈ ਲੋੜੀਂਦੀ ਡੀ.ਏ.ਪੀ. ਖਾਦ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਜਿੱਥੇ ਕੇਂਦਰ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਨੂੰ ਖਾਦ ਦੀ ਸਪਲਾਈ 'ਚ ਦੇਰੀ ਕੀਤੀ ਹੈ, ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਸਮੇਂ ਅਨੁਸਾਰ ਖਾਦ ਦਾ ਪ੍ਰਬੰਧ ਕਰਨ ਵਿੱਚ ਨਾਕਾਮ ਹੋਈ ਹੈ। ਉਨਾਂ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਹਾੜੀ ਦੀਆਂ ਫ਼ਸਲਾਂ ਕਣਕ, ਆਲੂ, ਪਸ਼ੂਆਂ ਦੇ ਚਾਰੇ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਫ਼ਸਲਾਂ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਬਹੁਤ ਹੀ ਅਹਿਮ ਲੋੜ ਹੁੰਦੀ ਹੈ ਪਰ ਇੰਝ ਜਾਪਦਾ ਹੈ ਕਿ ਡੀ.ਏ.ਪੀ. ਖਾਦ ਦੀ ਸਮੇਂ ਸਿਰ ਲੋੜੀਂਦੀ ਸਪਲਾਈ ਨਾ ਦੇ ਕੇ ਕੇਂਦਰ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਕਿੜ ਕੱਢ ਰਹੀ ਹੈ।
ਇਹ ਵੀ ਪੜ੍ਹੋ: ਵਿਅੰਗ: ਰਾਜਨੀਤੀ 'ਚ ਮਕਬੂਲ ਹੋ ਰਿਹੈ ਨਵਾਂ ਸ਼ਬਦ 'ਮਿਸਗਾਈਡਡ ਮਿਜ਼ਾਈਲ'
ਸੰਧਵਾਂ ਨੇ ਕਿਹਾ ਖੇਤੀ ਪ੍ਰਧਾਨ ਪੰਜਾਬ ਵਿੱਚ ਹਾੜੀ ਦੀ ਫ਼ਸਲ ਦੀ ਬਿਜਾਈ ਲਈ 5.5 ਲੱਖ ਟਨ ਡੀ.ਏ.ਪੀ. ਦੀ ਲੋੜ ਹੈ ਪਰ ਕੇਂਦਰ ਸਰਕਾਰ ਵੱਲੋਂ ਅਕਤੂਬਰ 'ਚ 1.97 ਲੱਖ ਮੀਟ੍ਰਿਕ ਟਨ ਅਤੇ ਨਵੰਬਰ 2.56 ਲੱਖ ਮੀਟ੍ਰਿਕ ਟਨ ਖਾਦ ਜਾਰੀ ਕੀਤੀ ਗਈ ਹੈ, ਜੋ ਲੋੜ ਨਾਲੋਂ 1 ਲੱਖ ਮੀਟ੍ਰਿਕ ਟਨ ਘੱਟ ਹੈ। ਉਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇਂਦਰ ਵੱਲੋਂ ਜਾਰੀ ਖਾਦ ਵੀ ਪੂਰੀ ਪ੍ਰਾਪਤੀ ਨਹੀਂ ਕਰ ਸਕੀ। ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਕਰੀਬ 1.50 ਲੱਖ ਮੀਟ੍ਰਿਕ ਟਨ ਖਾਦ ਦੀ ਘਾਟ ਪਾਈ ਜਾ ਰਹੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਚੰਨੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਸੀ ਲੜਾਈ ਦੇ ਚੱਲਦਿਆਂ ਲੋਕ ਮੁੱਦਿਆਂ ਅਤੇ ਕਿਸਾਨੀ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਲਗਾਤਾਰ ਨਿਕੰਮੀ ਸਾਬਤ ਹੋ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਡੀ.ਏ.ਪੀ. ਖਾਦ ਦਾ ਸਮੇਂ ਸਿਰ ਪ੍ਰਬੰਧ ਕਰਨ ਵਿੱਚ ਫੇਲ੍ਹ ਹੋਈ ਹੈ।
ਇਹ ਵੀ ਪੜ੍ਹੋ: 84 ਨਾਮਾ: 'ਬਹਿ ਗਿਆ ਚਿੱਕੜ ਦੇ ਵਿੱਚ ਦਾਮਨ ਲਬੇੜ ਕੇ'
ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਲਦ ਤੋਂ ਜਲਦ ਸੂਬੇ ਵਿੱਚ ਡੀ.ਏ.ਪੀ. ਖਾਦ ਦਾ ਪ੍ਰਬੰਧ ਕਰਨ ਤਾਂ ਜੋ ਸੂਬੇ ਦੇ ਕਿਸਾਨ ਹਾੜੀ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਕਰ ਸਕਣ।
ਨੋਟ : ਤੁਹਾਡੇ ਮੁਤਾਬਕ ਪੰਜਾਬ ਵਿੱਚ ਖਾਦ ਦੀ ਘਾਟ ਲਈ ਕੌਣ ਹੈ ਜ਼ਿੰਮੇਵਾਰ? ਕੁਮੈਂਟ ਕਰਕੇ ਦਿਓ ਆਪਣੀ ਰਾਏ?