256 ਲੋਕਾਂ ਨੂੰ ਲੱਗਾ ਡੇਂਗੂ ਦਾ ''ਡੰਗ'', ਹੁਣ ਤੱਕ 1 ਦੀ ਹੋ ਚੁੱਕੀ ਹੈ ਮੌਤ

Sunday, Oct 29, 2017 - 08:14 AM (IST)

256 ਲੋਕਾਂ ਨੂੰ ਲੱਗਾ ਡੇਂਗੂ ਦਾ ''ਡੰਗ'', ਹੁਣ ਤੱਕ 1 ਦੀ ਹੋ ਚੁੱਕੀ ਹੈ ਮੌਤ

ਮੋਗਾ  (ਸੰਦੀਪ) - ਪਿਛਲੇ ਕੁਝ ਹਫਤਿਆਂ ਤੋਂ ਤਾਪਮਾਨ 'ਚ ਹੋ ਰਹੀ ਗਿਰਾਵਟ ਕਾਰਨ ਸੂਬੇ 'ਚ ਡੇਂਗੂ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਸਿਹਤ ਵਿਭਾਗ ਦੇ ਅੰਕੜੇ ਅਨੁਸਾਰ ਡੇਂਗੂ ਦਾ 'ਡੰਗ' ਪੂਰੇ ਸੂਬੇ 'ਚ 6500 ਤੋਂ ਵੀ ਜ਼ਿਆਦਾ ਲੋਕਾਂ ਨੂੰ ਲੱਗ ਚੁੱਕਾ ਹੈ, ਉੱਥੇ ਹੀ ਜ਼ਿਲਾ ਮੋਗਾ 'ਚ ਪਿਛਲੇ 2 ਦਿਨਾਂ ਤੋਂ 40 ਨਵੇਂ ਮਰੀਜ਼ ਸਾਹਮਣੇ ਆਉਣ ਕਰ ਕੇ ਮਰੀਜ਼ਾਂ ਦੀ ਗਿਣਤੀ 256 ਹੋ ਗਈ ਹੈ। ਸਿਹਤ ਵਿਭਾਗ ਨੇ ਲਗਾਤਾਰ ਮਰੀਜ਼ਾਂ ਦੀ ਗਿਣਤੀ 'ਚ ਹੋ ਰਹੇ ਵਾਧੇ ਕਾਰਨ ਜਿੱਥੇ ਜ਼ਿਲੇ ਦੇ ਬਲਾਕ ਪੱਧਰੀ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਜ਼ਿਲਾ ਪੱਧਰੀ ਸਿਵਲ ਹਸਪਤਾਲਾਂ 'ਚ ਵੀ ਮਰੀਜ਼ਾਂ ਨੂੰ ਮੁਫਤ ਜਾਂਚ ਅਤੇ ਇਲਾਜ ਦੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ, ਉੱਥੇ ਹੀ ਜ਼ਿਲੇ ਦੀ ਇਕ ਮਾਤਰ ਬਲੱਡ ਬੈਂਕ 'ਚ ਰੋਜ਼ਾਨਾ ਸਾਹਮਣੇ ਆਉਣ ਵਾਲੇ ਡੇਂਗੂ ਪੀੜਤਾ ਦੇ ਪਰਿਵਾਰ ਦੇ ਆਪਣੇ ਮਰੀਜ਼ਾਂ ਲਈ ਪਲੇਟਲੈਟਸ ਸੈੱਲਾਂ ਦਾ ਪ੍ਰਬੰਧ ਕਰਨ ਲਈ ਲਾਈਨਾਂ 'ਚ ਬੈਠੇ ਅਕਸਰ ਹੀ ਦੇਖਿਆ ਜਾ ਰਿਹਾ ਹੈ।
ਹਸਪਤਾਲ ਪ੍ਰਸ਼ਾਸਨ ਨੇ ਕੀਤੇ ਵਿਸ਼ੇਸ਼ ਪ੍ਰਬੰਧ
ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਡੇਂਗੂ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਵਾਰਡ ਦੇ ਨਾਲ-ਨਾਲ ਸਰਜੀਕਲ ਵਾਰਡ ਅਤੇ ਹੋਰ ਵਾਰਡਾਂ 'ਚ ਮੱਛਰਦਾਨੀ ਲੱਗੇ ਹੋਏ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਤਾਜ਼ਾ ਖੂਨ ਦੇਣ ਲਈ ਨੌਜਵਾਨ ਵਰਗ ਆਇਆ ਸਾਹਮਣੇ
ਡੇਂਗੂ ਪੀੜਤ ਮਰੀਜ਼ ਦੇ ਪਲੇਟਲੈਟਸ ਸੈੱਲ ਘੱਟ ਹੋਣ ਕਾਰਨ ਉਸ ਨੂੰ ਦੁਬਾਰਾ ਤੋਂ ਸੈੱਲ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਸਿਰਫ ਤਾਜ਼ਾ ਬਲੱਡ 'ਚੋਂ ਹੀ ਕੱਢੇ ਜਾ ਸਕਦੇ ਹਨ। ਅਜਿਹੀ ਸਥਿਤੀ 'ਚ ਬੇਸ਼ੱਕ ਜ਼ਿਲਾ ਪੱਧਰੀ ਬਲੱਡ ਬੈਂਕ 'ਚ ਬਲੱਡ ਯੂਨਿਟ ਤਾਂ ਭਾਰੀ ਮਾਤਰਾ 'ਚ ਪਿਆ ਹੈ ਪਰ ਡੇਂਗੂ ਪੀੜਤ ਮਰੀਜ਼ ਲਈ ਤਾਜ਼ਾ ਬਲੱਡ ਲੈਣ ਲਈ ਮੌਕੇ 'ਤੇ ਡੋਨਰ ਦੀ ਜ਼ਰੂਰਤ ਪੈਂਦੀ ਹੈ। ਡੇਂਗੂ ਦਾ ਪ੍ਰਕੋਪ ਵਧਦੇ ਹੀ ਖੂਨ ਦਾਨ ਦੇ ਖੇਤਰ 'ਚ ਵਧੀਆ ਯੋਗਦਾਨ ਪਾਉਣ ਵਾਲੀਆਂ ਕਲੱਬਾਂ ਅਤੇ ਵਿਸ਼ੇਸ਼ ਕਰ ਕੇ ਨੌਜਵਾਨ ਵਰਗ ਆਪਣਾ ਬਲੱਡ ਦੇ ਕੇ ਮਰੀਜ਼ਾਂ ਦੇ ਸੈੱਲਾਂ ਦੀ ਪੂਰਤੀ ਕਰ ਰਹੇ ਹਨ।
ਬਲੱਡ ਬੈਂਕ ਦੇ ਸੀਨੀਅਰ ਲੈਬ ਟੈਕਨੀਸ਼ੀਅਨ ਸਟੀਫਨ ਸਿੱਧੂ ਨੇ ਦੱਸਿਆ ਕਿ ਜਦੋਂ ਵੀ ਕਿਸੇ ਮਰੀਜ਼ ਨੂੰ ਪਲੇਟਲੈਟਸ ਸੈੱਲਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਸੋਸ਼ਲ ਮੀਡੀਆ ਦੇ ਸਹਾਰੇ ਕੋਈ ਨਾ ਕੋਈ ਡੋਨਰ ਬਲੱਡ ਬੈਂਕ 'ਚ ਪਹੁੰਚ ਹੀ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕੱਠੇ ਕੇਸਾਂ 'ਚ ਬਲੱਡ ਲੈਣ ਵਾਲਾ ਅਤੇ ਬਲੱਡ ਦੇਣ ਵਾਲੇ 'ਚ ਕੋਈ ਜਾਣ-ਪਛਾਣ ਅਤੇ ਰਿਸ਼ਤਾ ਵੀ ਨਹੀਂ ਹੁੰਦਾ ਪਰ ਫਿਰ ਵੀ ਡੋਨਰ ਉਤਸ਼ਾਹ ਨਾਲ ਖੂਨ ਦਾਨ ਕਰਦੇ ਹਨ।


Related News