ਪੰਜਾਬ 'ਚ ਵੀ ਦਿੱਲੀ ਕੋਚਿੰਗ ਹਾਦਸੇ ਵਰਗਾ ਖ਼ਤਰਾ! ਜਾਣੋ ਕੀ ਹੈ ਪੂਰਾ ਮਾਮਲਾ

Sunday, Aug 04, 2024 - 12:28 PM (IST)

ਪੰਜਾਬ 'ਚ ਵੀ ਦਿੱਲੀ ਕੋਚਿੰਗ ਹਾਦਸੇ ਵਰਗਾ ਖ਼ਤਰਾ! ਜਾਣੋ ਕੀ ਹੈ ਪੂਰਾ ਮਾਮਲਾ

ਜਲੰਧਰ, ਅੰਮ੍ਰਿਤਸਰ, ਲੁਧਿਆਣਾ (ਖੁਰਾਣਾ, ਰਮਨ, ਹਿਤੇਸ਼)–ਦਿੱਲੀ ਕੋਚਿੰਗ ਹਾਦਸੇ ’ਚ 3 ਵਿਦਿਆਰਥੀਆਂ ਦੀਆਂ ਅਨਮੋਲ ਜਾਨਾਂ ਜਾ ਚੁੱਕੀਆਂ ਹਨ। ਭਾਵੇਂ ਪੁਲਸ ਪ੍ਰਸ਼ਾਸਨ ਵੱਲੋਂ ਸੰਸਥਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਹਾਦਸਾ ਆਪਣੇ ਪਿੱਛੇ ਕਈ ਸਵਾਲ ਛੱਡ ਗਿਆ ਹੈ। ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਹਾਦਸੇ ਵਿਚ ਗਈਆਂ ਜਾਨਾਂ ਲਈ ਜ਼ਿੰਮੇਵਾਰ ਕੌਣ ਹੈ? ਕੀ ਸੰਸਥਾ ਇਕੱਲੀ ਜ਼ਿੰਮੇਵਾਰ ਹੈ? ਹਾਦਸੇ ਦਾ ਵੱਡਾ ਕਾਰਨ ਵਾਟਰ ਲੌਗਿੰਗ ਦੱਸੀ ਗਈ ਹੈ ਪਰ ਵਾਟਰ ਲੌਗਿਗ ਦੀ ਸਮੱਸਿਆ ਇਕੱਲੀ ਦਿੱਲੀ ਦੀ ਨਹੀਂ ਹੈ। ਦਿੱਲੀ ਸਮੇਤ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਨਾਲ ਹੀ ਹੋਰ ਮਹਾਨਗਰਾਂ ਵਿਚ ਵੀ ਅਜਿਹੀ ਹੀ ਸਮੱਸਿਆ ਹੈ। ਵਾਟਰ ਲੌਗਿੰਗ ਹਰ ਜਗ੍ਹਾ ਹੈ ਅਤੇ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਵੱਡੀਆਂ-ਵੱਡੀਆਂ ਇਮਾਰਤਾਂ ਵਿਚ ਪਾਰਕਿੰਗ ਦੀਆਂ ਥਾਵਾਂ ’ਤੇ ਚੱਲ ਰਹੀਆਂ ਕਾਰੋਬਾਰੀ ਸੰਸਥਾਵਾਂ ’ਤੇ ਵੀ ਉਸੇ ਤਰ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ ਜਿਵੇਂ ਕਿ ਦਿੱਲੀ ਕੋਚਿੰਗ ਸੈਂਟਰ ਵਿਚ ਹੋ ਚੁੱਕਾ ਹੈ।

ਕੁਝ ਨਗਰ ਨਿਗਮਾਂ ਦਾ ਤਾਂ ਹਾਲ ਇਹ ਹੈ ਕਿ ਸ਼ਹਿਰਾਂ ਵਿਚ ਸੀਵਰੇਜ ਸਿਸਟਮ ਦੇ ਵਿਛੇ ਜਾਲ ਦੇ ਨਕਸ਼ੇ ਤਕ ਉਨ੍ਹਾਂ ਕੋਲ ਮੌਜੂਦ ਨਹੀਂ। ਸ਼ਹਿਰਾਂ ਵਿਚ ਵੱਡੀਆਂ-ਵੱਡੀਆਂ ਇਮਾਰਤਾਂ ਦੀਆਂ ਪਾਰਕਿੰਗਾਂ ਵਿਚ ਕਿਹੜੇ ਕਾਰੋਬਾਰ ਚੱਲ ਰਹੇ ਹਨ, ਇਸ ਸਬੰਧੀ ਨਿਗਮ ਅਫਸਰਾਂ ਨੂੰ ਤਾਂ ਸਾਰੀ ਜਾਣਕਾਰੀ ਹੈ ਪਰ ਨਗਰ ਨਿਗਮਾਂ ਕੋਲ ਇਮਾਰਤਾਂ ਵਿਚ ਬਣੀਆਂ ਬੇਸਮੈਂਟਸ ਦਾ ਡਾਟਾ ਮੁਹੱਈਆ ਨਹੀਂ।

ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾਉਣ ਲੱਗਾ ਇਸ ਬੀਮਾਰੀ ਦਾ ਵੱਡਾ ਖ਼ਤਰਾ, ਵੱਧਣ ਲੱਗੀ ਮਰੀਜ਼ਾਂ ਦੀ ਗਿਣਤੀ

ਵਰਣਨਯੋਗ ਹੈ ਕਿ ਸ਼ਹਿਰੀਕਰਨ ਦੀ ਪ੍ਰਕਿਰਿਆ ਤੇਜ਼ ਹੋਣ ਅਤੇ ਆਬਾਦੀ ਵਧਣ ਦੇ ਨਾਲ-ਨਾਲ ਸ਼ਹਿਰ ਵਿਚ ਕਮਰਸ਼ੀਅਲ ਉਸਾਰੀਆਂ ਦਾ ਦੌਰ ਵੀ ਲਗਾਤਾਰ ਵਧ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਜ਼ਿਆਦਾਤਰ ਉਸਾਰੀਆਂ ਗੈਰ-ਕਾਨੂੰਨੀ ਢੰਗ ਨਾਲ ਵੀ ਹੁੰਦੀਆਂ ਰਹੀਆਂ ਹਨ ਅਤੇ ਅੱਜ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਇਸ ਸਾਰੀ ਖੇਡ ’ਚ ਜਿੱਥੇ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਦਾ ਹੈ, ਉੱਥੇ ਹੀ ਇਹ ਟਰੈਂਡ ਵੀ ਜ਼ੋਰ ਫੜ ਰਿਹਾ ਹੈ ਕਿ ਕਮਰਸ਼ੀਅਲ ਬਿਲਡਿੰਗ ਬਣਾਉਣ ਵਾਲੇ ਜ਼ਿਆਦਾਤਰ ਲੋਕ ਨਕਸ਼ਾ ਪਾਸ ਕਰਵਾਉਣ ਵੇਲੇ ਬੇਸਮੈਂਟ ਵਿਚ ਪਾਰਕਿੰਗ ਸਪੇਸ ਤਾਂ ਵਿਖਾ ਦਿੰਦੇ ਹਨ ਪਰ ਬਾਅਦ ’ਚ ਉਸ ਬੇਸਮੈਂਟ ਦੀ ਵਰਤੋਂ ਹੋਰ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਕਾਰਨ ਅੱਜ ਸ਼ਹਿਰਾਂ ਵਿਚ ਟਰੈਫਿਕ ਵਿਵਸਥਾ ਨਾ ਸਿਰਫ਼ ਖਰਾਬ ਹੁੰਦੀ ਜਾ ਰਹੀ ਹੈ, ਸਗੋਂ ਕਈ ਥਾਵਾਂ ’ਤੇ ਤਾਂ ਬਿਲਕੁਲ ਹੀ ਵਿਗੜ ਚੁੱਕੀ ਹੈ।

ਸ਼ਹਿਰਾਂ ’ਚ ਵਧਦੀ ਪਾਣੀ ਭਰਨ ਦੀ ਸਮੱਸਿਆ, ਕਦੇ ਵੀ ਹੋ ਸਕਦਾ ਹੈ ਹਾਦਸਾ
ਪਿਛਲੇ ਕਈ ਸਾਲਾਂ ਤੋਂ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਿਚ ਪਾਣੀ ਦੀ ਨਿਕਾਸੀ ਅਤੇ ਡਰੇਨੇਜ ਦੀ ਸਮੱਸਿਆ ਕਾਫੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਜਲੰਧਰ ਵਿਚ ਤਾਂ ਪਿਛਲੇ ਕੁਝ ਸਾਲਾਂ ਤੋਂ ਅਜਿਹੇ ਹਾਲਾਤ ਬਣ ਰਹੇ ਹਨ ਕਿ ਥੋੜ੍ਹਾ ਜਿਹਾ ਵੀ ਮੀਂਹ ਪੈ ਜਾਣ ’ਤੇ ਸਾਰੀਆਂ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ, ਜੋ ਕਈ-ਕਈ ਘੰਟੇ ਨਹੀਂ ਉਤਰਦਾ। ਜਲੰਧਰ ਵਿਚ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਪਾਣੀ ਭਰਨ ਦੀ ਸਮੱਸਿਆ ਵਧੀ ਹੈ, ਉਸ ਨਾਲ ਦਿੱਲੀ ਵਰਗੇ ਹਾਦਸਿਆਂ ਦਾ ਖਤਰਾ ਵੀ ਲਗਾਤਾਰ ਵਧ ਰਿਹਾ ਹੈ ਪਰ ਨਾ ਤਾਂ ਸਿਵਲ ਪ੍ਰਸ਼ਾਸਨ ਅਤੇ ਨਾ ਹੀ ਨਗਰ ਨਿਗਮ ਇਸ ਪਾਸੇ ਕੋਈ ਧਿਆਨ ਦੇ ਰਿਹਾ ਹੈ। ਬੇਸਮੈਂਟ ਵਾਲੇ ਸ਼ਹਿਰ ਦੀਆਂ ਕਈ ਕਮਰਸ਼ੀਅਲ ਬਿਲਡਿੰਗਾਂ ਅਜਿਹੀਆਂ ਹਨ, ਜਿਨ੍ਹਾਂ ਦੇ ਸਾਹਮਣੇ ਸੜਕ ’ਤੇ ਮੀਂਹ ਦਾ ਪਾਣੀ ਕਈ-ਕਈ ਫੁੱਟ ਜਮ੍ਹਾ ਹੋ ਜਾਂਦਾ ਹੈ। ਇੰਝ ਜੇ ਆਉਣ ਵਾਲੇ ਸਮੇਂ ’ਚ ਕਿਸੇ ਬੇਸਮੈਂਟ ਵਿਚ ਮੀਂਹ ਦਾ ਪਾਣੀ ਭਰ ਗਿਆ ਤਾਂ ਮੁਸ਼ਕਲ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਜਲੰਧਰ ਪ੍ਰਸ਼ਾਸਨ ਤੇ ਨਿਗਮ ਨੂੰ ਦਿੱਲੀ ਹਾਦਸੇ ਤੋਂ ਸਬਕ ਲੈ ਕੇ ਪਹਿਲਾਂ ਹੀ ਕੋਈ ਅਹਿਤਿਆਤੀ ਇੰਤਜ਼ਾਮ ਆਦਿ ਕਰਨੇ ਚਾਹੀਦੇ ਹਨ, ਨਹੀਂ ਤਾਂ ਆਉਣ ਵਾਲੇ ਸਮੇਂ ’ਚ ਕੋਈ ਜਾਨਲੇਵਾ ਹਾਦਸਾ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ- ਵੱਡੀ ਵਾਰਦਾਤ: ਸ਼ਰਾਬ ਪਿਲਾਉਣ ਤੋਂ ਮਨ੍ਹਾ ਕਰਨ 'ਤੇ ਵਿਅਕਤੀ ਨੂੰ ਇੱਟਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਹਸਪਤਾਲਾਂ, ਹੋਟਲਾਂ ਤੇ ਕਮਰਸ਼ੀਅਲ ਬਿਲਡਿੰਗਾਂ ਨੇ ਬੇਸਮੈਂਟ ’ਚ ਖੋਲ੍ਹੇ ਹੋਏ ਹਨ ਕਾਰੋਬਾਰ
ਨਗਰ ਨਿਗਮਾਂ ਦੇ ਬਿਲਡਿੰਗ ਵਿਭਾਗ ਦੀ ਨਾਲਾਇਕੀ ਦੀ ਹੱਦ ਇਹ ਹੈ ਕਿ ਕਮਰਸ਼ੀਅਲ ਬਿਲਡਿੰਗ ਦਾ ਨਕਸ਼ਾ ਪਾਸ ਹੁੰਦਿਆਂ ਹੀ ਸਬੰਧਤ ਵਿਭਾਗ ਦੀ ਪਾਰਕਿੰਗ ਸਪੇਸ ਨੂੰ ਕਿਰਾਏ ’ਤੇ ਚੜ੍ਹਾ ਦਿੱਤਾ ਜਾਂਦਾ ਹੈ ਜਾਂ ਉਸ ਵਿਚ ਕਮਰਸ਼ੀਅਲ ਕਾਰੋਬਾਰ ਖੋਲ੍ਹ ਲਏ ਜਾਂਦੇ ਹਨ। ਉਕਤ ਮਾਮਲੇ ’ਚ ਨਗਰ ਨਿਗਮਾਂ ਦੇ ਅਧਿਕਾਰੀ ਜਾਣ-ਬੁੱਝ ਕੇ ਅਣਜਾਣ ਬਣੇ ਰਹਿੰਦੇ ਹਨ। ਸ਼ਹਿਰਾਂ ਦੇ ਦਰਜਨਾਂ ਹੋਟਲ, ਹਸਪਤਾਲ ਤੇ ਕਮਰਸ਼ੀਅਲ ਬਿਲਡਿੰਗਾਂ ਅਜਿਹੀਆਂ ਹਨ ਜਿੱਥੇ ਪਾਰਕਿੰਗ ਲਈ ਛੱਡੀਆਂ ਗਈਆਂ ਬੇਸਮੈਂਟਾਂ ਵਿਚ ਪੱਕੇ ਸਟ੍ਰੱਕਚਰ ਬਣ ਚੁੱਕੇ ਹਨ। ਜੇ ਨਗਰ ਨਿਗਮਾਂ ਸਖਤੀ ਨਾਲ ਪਾਰਕਿੰਗ ਸਪੇਸ ਖਾਲੀ ਕਰਵਾਉਣ ਦੀ ਮੁਹਿੰਮ ਵਿੱਢਣ ਤਾਂ ਆਉਣ ਵਾਲੇ ਸਮੇਂ ’ਚ ਸੈਂਕੜੇ ਕਮਰਸ਼ੀਅਲ ਬਿਲਡਿੰਗਾਂ, ਹੋਟਲਾਂ ਤੇ ਹਸਪਤਾਲਾਂ ਨੂੰ ਭਾਰੀ ਪ੍ਰੇਸ਼ਾਨੀ ਆ ਸਕਦੀ ਹੈ, ਜੋ ਇਨ੍ਹਾਂ ਤੋਂ ਲੱਖਾਂ ਰੁਪਿਆਂ ਦਾ ਕਿਰਾਇਆ ਜਾਂ ਮੁਨਾਫਾ ਵਸੂਲ ਕਰ ਰਹੇ ਹਨ।

ਜਲੰਧਰ : ਨਿਗਮ ਦੇ ਨੋਟਿਸਾਂ ’ਤੇ ਭਾਰੀ ਪਈ ਸਿਆਸਤ
ਧਿਆਨ ਦੇਣਯੋਗ ਹੈ ਕਿ ਜਲੰਧਰ ’ਚ ਸਥਿਤ ਮਾਡਲ ਟਾਊਨ ਅਤੇ ਕਈ ਹੋਰ ਥਾਵਾਂ ’ਤੇ ਸੈਂਕੜੇ ਬਿਲਡਿੰਗਾਂ ਅਜਿਹੀਆਂ ਹਨ, ਜਿਨ੍ਹਾਂ ਨੇ ਨਕਸ਼ੇ ’ਚ ਬੇਸਮੈਂਟ ਨੂੰ ਪਾਰਕਿੰਗ ਵਜੋਂ ਵਿਖਾਇਆ ਹੋਇਆ ਹੈ ਪਰ ਉੱਥੇ ਰੈਸਟੋਰੈਂਟ, ਪਬ, ਕੈਫੇ ਤੇ ਸ਼ੋਅਰੂਮ ਖੁੱਲ੍ਹੇ ਹੋਏ ਹਨ। ਜਲੰਧਰ ਸ਼ਹਿਰ ਵਿਚ ਜ਼ਿਆਦਾਤਰ ਅਜਿਹੀਆਂ ਬਿਲਡਿੰਗਾਂ ਹਨ ਜਿੱਥੇ ਕੰਪਲੀਸ਼ਨ ਸਰਟੀਫਿਕੇਟ ਲੈਣ ਤੋਂ ਬਾਅਦ ਗੈਰ-ਕਾਨੂੰਨੀ ਉਸਾਰੀਆਂ ਕੀਤੀਆਂ ਗਈਆਂ ਹਨ। ਨਿਗਮ ਪ੍ਰਸ਼ਾਸਨ ਨੇ ਕਈ ਵਾਰ ਅਜਿਹੀਆਂ ਬਿਲਡਿੰਗਾਂ ਨੂੰ ਨੋਟਿਸ ਭੇਜੇ ਹਨ ਪਰ ਹਰ ਵਾਰ ਇਹ ਮੁਹਿੰਮ ਅੱਧ-ਵਿਚਾਲੇ ਹੀ ਛੱਡ ਦਿੱਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਮਾਡਲ ਟਾਊਨ ਇਲਾਕੇ ਵਿਚ ਅਜਿਹੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਸਿਆਸੀ ਦਬਾਅ ਕਾਰਨ ਜਿਨ੍ਹਾਂ ਥਾਵਾਂ ’ਤੇ ਕਾਰਵਾਈ ਹੋਈ ਵੀ ਸੀ, ਉਨ੍ਹਾਂ ਨੂੰ ਵੀ ਰਾਹਤ ਦੇ ਦਿੱਤੀ ਗਈ। ਨਿਗਮ ਦੀ ਮੁਹਿੰਮ ਫੇਲ ਹੋਣ ਤੋਂ ਬਾਅਦ ਜ਼ਿਆਦਾਤਰ ਕਮਰਸ਼ੀਅਲ ਬਿਲਡਿੰਗ ਵਾਲਿਆਂ ਨੇ ਪਾਰਕਿੰਗ ਸਪੇਸ ’ਤੇ ਮੁੜ ਕਬਜ਼ੇ ਕਰ ਲਏ ਹਨ, ਜਿਸ ਨਾਲ ਸ਼ਹਿਰ ਦੀ ਸੂਰਤ ਹੀ ਵਿਗੜਦੀ ਜਾ ਰਹੀ ਹੈ।

ਕੁਝ ਦਿਨ ਪਹਿਲਾਂ ਦਿੱਲੀ ਦੇ ਇਕ ਪਾਸ਼ ਇਲਾਕੇ ਵਿਚ ਕਮਰਸ਼ੀਅਲ ਦੇ ਤੌਰ ’ਤੇ ਵਰਤੋਂ ’ਚ ਲਿਆਂਦੀ ਜਾ ਰਹੀ ਬਿਲਡਿੰਗ ਦੀ ਬੇਸਮੈਂਟ ਵਿਚ ਪਾਣੀ ਭਰ ਜਾਣ ਨਾਲ 3 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ ਵਿਚ ਇਹ ਚਰਚਾ ਚੱਲ ਪਈ ਹੈ ਕਿ ਆਖਰ ਬੇਸਮੈਂਟ ਵਿਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਕਾਰੋਬਾਰ ’ਤੇ ਪ੍ਰਸ਼ਾਸਨ ਸਖ਼ਤੀ ਕਿਉਂ ਨਹੀਂ ਕਰਦਾ? ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਨਗਰ ਨਿਗਮ ਪਿਛਲੇ 20-30 ਸਾਲਾਂ ਤੋਂ ਕਮਰਸ਼ੀਅਲ ਬਿਲਡਿੰਗਾਂ ਦੀ ਪਾਰਕਿੰਗ ਲਈ ਬੇਸਮੈਂਟ ਨੂੰ ਪਾਸ ਕਰਦਾ ਆ ਰਿਹਾ ਹੈ ਪਰ ਅੱਜ ਤਕ ਨਗਰ ਨਿਗਮ ਕੋਲ ਅਜਿਹਾ ਕੋਈ ਰਿਕਾਰਡ ਮੁਹੱਈਆ ਨਹੀਂ ਹੋਇਆ ਕਿ ਸ਼ਹਿਰ ਵਿਚ ਕਿੰਨੀਆਂ ਬਿਲਡਿੰਗਾਂ ਵਿਚ ਬੇਸਮੈਂਟਾਂ ਬਣੀਆਂ ਹੋਈਆਂ ਹਨ। ਜਲੰਧਰ ਨਗਰ ਨਿਗਮ ਦੇ ਐੱਮ. ਟੀ. ਪੀ. ਵਿਜੇ ਕੁਮਾਰ ਦੱਸਦੇ ਹਨ ਕਿ ਅਜਿਹਾ ਡਾਟਾ ਪੰਜਾਬ ਦੇ ਕਿਸੇ ਵੀ ਸ਼ਹਿਰ ਵਿਚ ਮੁਹੱਈਆ ਨਹੀਂ। ਕਈ ਕਮਰਸ਼ੀਅਲ ਬਿਲਡਿੰਗਾਂ ਵਾਲੇ ਐੱਫ. ਏ. ਆਰ. ਛੱਡਣ ਦੇ ਰੂਪ ’ਚ ਬੇਸਮੈਂਟ ਬਣਾਉਂਦੇ ਹਨ, ਜਦੋਂਕਿ ਕਈ ਗਰਾਊਂਡ ਫਲੋਰ ’ਤੇ ਹੀ ਜਗ੍ਹਾ ਛੱਡ ਦਿੰਦੇ ਹਨ। ਇਸ ਲਈ ਅਜਿਹੀਆਂ ਬਿਲਡਿੰਗਾਂ ਦੀ ਕੋਈ ਵੱਖਰੀ ਸੂਚੀ ਨਹੀਂ ਹੈ ਜਿਨ੍ਹਾਂ ਨੇ ਬੇਸਮੈਂਟਾਂ ਬਣਾਈਆਂ ਹੋਈਆਂ ਹਨ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਲੈ ਕੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਰੀ ਹੋਏ ਇਹ ਦਿਸ਼ਾ-ਨਿਰਦੇਸ਼

ਅੰਮ੍ਰਿਤਸਰ : ਤੰਗ ਗਲੀਆਂ ’ਚ ਬਣ ਗਏ ਹੋਟਲ
ਕਈ ਸਰਕਾਰੀ ਅਧਿਕਾਰੀ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਕਰਦੇ ਹਨ ਅਤੇ ਸ਼ਹਿਰ ਵਿਚ ਕਿਸੇ ਵੀ ਬਿਲਡਿੰਗ ਦਾ ਨਕਸ਼ਾ ਪਾਸ ਹੁੰਦਾ ਹੈ ਤਾਂ ਉਸ ਦੇ ਸਾਰੇ ਪੈਰਾਮੀਟਰਜ਼ ਦੀ ਜਾਂਚ ਕੀਤੀ ਜਾਂਦੀ ਹੈ ਪਰ ਜਦੋਂ ਬਿਲਡਿੰਗ ਬਣਨੀ ਸ਼ੁਰੂ ਹੁੰਦੀ ਹੈ ਤਾਂ ਬਿਲਡਿੰਗ ਦੇ ਬਾਇਲਾਜ਼ ਦੀਆਂ ਧੱਜੀਆਂ ਉੱਡਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕੋਈ ਇਮਾਨਦਾਰ ਅਧਿਕਾਰੀ ਉਨ੍ਹਾਂ ਬਿਲਡਿੰਗਾਂ ’ਤੇ ਕਾਰਵਾਈ ਕਰਦਾ ਹੈ ਤਾਂ ਉਸ ਦਾ ਤਬਾਦਲਾ ਹੋ ਜਾਂਦਾ ਹੈ ਜਾਂ ਉਸ ਕੋਲੋਂ ਇਲਾਕਾ ਖੋਹ ਲਿਆ ਜਾਂਦਾ ਹੈ ਪਰ ਰਿਸ਼ਵਤਖੋਰ ਅਧਿਕਾਰੀ ਆਪਣੀਆਂ ਜੇਬਾਂ ਗਰਮ ਕਰਨ ਤਕ ਸੀਮਿਤ ਹਨ।

ਸ਼ਹਿਰ ’ਚ ਦਰਜਨਾਂ ਬਿਲਡਿੰਗਾਂ ਅਜਿਹੀਆਂ ਹਨ, ਜਿਨ੍ਹਾਂ ਵਿਚ ਸੁਰੱਖਿਆ ਸਬੰਧੀ ਨਾ ਕਿਸੇ ਬਿਲਡਿੰਗ ਮਾਲਕ ਨੂੰ ਅਤੇ ਨਾ ਹੀ ਕਿਸੇ ਅਧਿਕਾਰੀ ਨੂੰ ਫਿਕਰ ਹੈ। ਅੰਮ੍ਰਿਤਸਰ ਵਿਚ ਤਾਂ ਤੰਗ ਗਲੀਆਂ ਵਿਚ 5-5 ਮੰਜ਼ਿਲਾ ਹੋਟਲ ਤਕ ਬਣੇ ਹੋਏ ਹਨ। ਕੋਈ ਵੱਡਾ ਹਾਦਸਾ ਹੁੰਦਾ ਹੈ ਤਾਂ ਲੋਕ ਉੱਥੋਂ ਨਿਕਲ ਹੀ ਨਹੀਂ ਸਕਦੇ ਪਰ ਨਗਰ ਨਿਗਮ ਦਾ ਐੱਮ. ਟੀ. ਪੀ. ਵਿਭਾਗ ਸਿਰਫ ਖਾਨਾਪੂਰਤੀ ਕਰਨ ’ਚ ਰੁੱਝਿਆ ਹੋਇਆ ਹੈ। ਐੱਮ. ਟੀ. ਪੀ. ਵਿਭਾਗ ਦੀ ਪੂਰੀ ਜ਼ਿੰਮੇਵਾਰੀ ਹੈ ਕਿ ਕੋਈ ਵੀ ਬਿਲਡਿੰਗ ਨਿਯਮਾਂ ਅਨੁਸਾਰ ਬਣਨੀ ਚਾਹੀਦੀ ਹੈ ਪਰ ਕੁਝ ਕਥਿਤ ਭ੍ਰਿਸ਼ਟ ਅਧਿਕਾਰੀਆਂ ਕਾਰਨ ਸ਼ਹਿਰ ਵਿਚ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਲਡਿੰਗਾਂ ਬਣ ਰਹੀਆਂ ਹਨ ਅਤੇ ਸੁਰੱਖਿਆ ਸਬੰਧੀ ਕਿਸੇ ਪੈਰਾਮੀਟਰ ਨੂੰ ਧਿਆਨ ਵਿਚ ਨਹੀਂ ਰੱਖਿਆ ਜਾ ਰਿਹਾ, ਜੋ ਆਉਣ ਵਾਲੇ ਸਮੇਂ ’ਚ ਨੁਕਸਾਨਦੇਹ ਹੋ ਸਕਦਾ ਹੈ।

ਲੁਧਿਆਣਾ : ਕੰਪਲੀਸ਼ਨ ਸਰਟੀਫਿਕੇਟ ਨਹੀਂ ਲੈਂਦੇ ਮਾਲਕ
ਮਹਾਨਗਰ ’ਚ ਮੀਂਹ ਪੈਣ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ, ਜਿਸ ਕਾਰਨ ਦਿੱਲੀ ਵਰਗਾ ਹਾਦਸਾ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਨਗਰ ਨਿਗਮ ਵੱਲੋਂ ਸੜਕਾਂ-ਗਲੀਆਂ ਅਤੇ ਸੀਵਰੇਜ ਦੀ ਸਫ਼ਾਈ ਕਾਗਜ਼ਾਂ ਵਿਚ ਹੀ ਕੀਤੀ ਜਾ ਰਹੀ ਹੈ ਅਤੇ ਐੱਸ. ਟੀ. ਪੀ. ’ਤੇ ਪੂਰੀਆਂ ਮੋਟਰਾਂ ਨਾ ਚੱਲਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ। ਲੁਧਿਆਣਾ ਵਿਚ ਵੱਡੇ ਪੈਮਾਨੇ ’ਤੇ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਹੋ ਰਹੀ ਹੈ ਕਿਉਂਕਿ ਜ਼ਿਆਦਾਤਰ ਬਿਲਡਿੰਗਾਂ ਦੀ ਬੇਸਮੈਂਟ ਵਿਚ ਪਾਰਕਿੰਗ ਦੇ ਰੂਪ ’ਚ ਛੱਡੀ ਗਈ ਜਗ੍ਹਾ ਦੀ ਵਰਤੋਂ ਕਮਰਸ਼ੀਅਲ ਸਰਗਰਮੀਆਂ ਲਈ ਕੀਤੀ ਜਾ ਰਹੀ ਹੈ। ਇਸ ’ਤੇ ਪਰਦਾ ਪਾਉਣ ਲਈ ਬਿਲਡਿੰਗਾਂ ਦੇ ਮਾਲਕਾਂ ਵੱਲੋਂ ਨਗਰ ਨਿਗਮ ਤੋਂ ਕੰਪਲੀਸ਼ਨ ਸਰਟੀਫਿਕੇਟ ਨਹੀਂ ਲਿਆ ਜਾਂਦਾ ਅਤੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ-MP ਅੰਮ੍ਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ, ਰੱਖੜ ਪੁੰਨਿਆ 'ਤੇ ਪੰਥਕ ਧਿਰਾਂ ਵੱਲੋਂ ਹੋਵੇਗੀ ਵਿਸ਼ਾਲ ਪੰਥਕ ਕਾਨਫ਼ਰੰਸ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News