ਪੁਲਸ ਕਾਂਸਟੇਬਲ ਭਰਤੀ ’ਚ ਘਪਲੇਬਾਜ਼ੀ ਨੂੰ ਲੈ ਕੇ CM ਚੰਨੀ ਦੀ ਕੋਠੀ ਤੱਕ ਡੰਡੌਤ ਸ਼ੁਰੂ, 10 ਨੂੰ ਹੋਵੇਗਾ ਘਿਰਾਓ
Monday, Dec 06, 2021 - 09:52 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸੰਯੁਕਤ ਪੀ. ਪੀ. ਬੇਰੁਜ਼ਗਾਰ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਉਪਰ ਅੱਜ ਸੰਗਰੂਰ ਵਿਖੇ ਪੰਜਾਬ ਸੰਘਰਸ਼ ਕਮੇਟੀ ਸੰਗਰੂਰ ਵੱਲੋਂ ਸੰਗਰੂਰ ਦੀਆਂ ਬਰਨਾਲਾ ਕੈਂਚੀਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਤੱਕ ਡੰਡੌਤ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ। ਪਿਛਲੇ ਅੱਠ ਦਿਨਾਂ ਤੋਂ ਇਥੇ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨ ਲੜਕੇ ਤੇ ਲੜਕੀਆਂ ਪੰਜਾਬ ਪੁਲਸ ਕਾਂਸਟੇਬਲ ਦੇ ਪੇਪਰ ’ਚ ਹੋਈ ਘਪਲੇਬਾਜ਼ੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਇਥੇ ਕੋਈ ਵੀ ਇਨਸਾਫ ਦੀ ਆਸ ਨਾ ਬੱਝਦੀ ਦੇਖ ਕੇ ਇਨ੍ਹਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 10 ਦਸੰਬਰ ਨੂੰ ਕੋਠੀ ਦੇ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ’ਚ ਸੰਗਰੂਰ ਜ਼ਿਲ੍ਹੇ ਦੇ ਨੌਜਵਾਨਾਂ ਵੱਲੋਂ ਪਹਿਲਕਦਮੀ ਕਰਦਿਆਂ ਅੱਜ ਤੋਂ ਹੀ ਮੁੱਖ ਮੰਤਰੀ ਦੀ ਕੋਠੀ ਵੱਲ ਡੰਡੌਤ ਮਾਰਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚੇ CM ਚੰਨੀ ਨੇ ਵਪਾਰੀਆਂ ਲਈ ਕੀਤੇ ਵੱਡੇ ਐਲਾਨ, ਪਾਕਿ ਨਾਲ ਵਪਾਰ ਖੋਲ੍ਹਣ ਦੀ ਕੀਤੀ ਮੰਗ
ਪੰਜਾਬ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਜਸਪਾਲ ਸਿੰਘ, ਰਮਨ ਕੌਰ ਗਿੱਲ ਮਾਨਸਾ, ਦਵਿੰਦਰ ਧੂਰੀ, ਪੂਜਾ ਮਾਲੇਰਕੋਟਲਾ, ਜਸਵੀਰ ਸਿੰਘ ਧੂਰੀ ਅਤੇ ਸੁੱਖੀ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਸ ਕਾਂਸਟੇਬਲ ਦੀ ਭਰਤੀ ’ਚ ਪੇਪਰ ਦੌਰਾਨ ਹੋਈ ਘਪਲੇਬਾਜ਼ੀ ਸਬੰਧੀ ਸਰਕਾਰ ਨੂੰ ਪਿਛਲੇ ਕਈ ਦਿਨਾਂ ਤੋਂ ਰੋਸ ਰੈਲੀਆਂ, ਧਰਨੇ ਤੇ ਚੱਕਾ ਜਾਮ ਕਰ ਕੇ ਜਾਣੂ ਕਰਵਾਇਆ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਗਈ, ਜਿਸ ਕਰਕੇ ਇਹ ਤਿੱਖਾ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਇਸ ਸੰਘਰਸ਼ ਨੂੰ ਪੰਜਾਬ ਪੱਧਰ ’ਤੇ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਗਈ ਕਿ ਪੰਜਾਬ ਪੁਲਸ ਕਾਂਸਟੇਬਲ ਭਰਤੀ 'ਚ ਘਪਲੇਬਾਜ਼ੀ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਇਨਸਾਫ਼ ਦਿੱਤਾ ਜਾਵੇ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ