ਪੁਲ ਦੇ ਨੀਂਹ ਪੱਥਰ ਨੂੰ ਲੈ ਕੇ ਅਕਾਲੀ ਦਲ ਦਾ ਤੰਜ, 'ਕਾਂਗਰਸ ਨੇ ਹੀ 5 ਸਾਲ ਪਹਿਲਾਂ ਰੋਕਿਆ ਸੀ ਕੰਮ'
Saturday, Dec 18, 2021 - 12:15 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਨੀਵਾਰ ਨੂੰ ਰੋਪੜ ਵਿਧਾਨ ਸਭਾ ਹਲਕੇ 'ਚ ਬਿੰਦਰਖ ਨੇੜੇ ਇਕ ਪੁਲ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ। ਇਸ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ 'ਤੇ ਤਿੱਖਾ ਤੰਜ ਕੱਸਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਦੀ ਪ੍ਰਵਾਨਗੀ ਸਾਲ 2016 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਗਈ ਸੀ।
ਇਸ ਦਾ ਟੈਂਡਰ ਵੀ ਹੋ ਗਿਆ ਸੀ ਅਤੇ ਨੀਂਹ ਪੱਥਰ ਵੀ ਰੱਖਿਆ ਜਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਇਸ ਪੁਲ ਦੀ ਰਾਸ਼ੀ ਵਾਪਸ ਲੈ ਲਈ ਗਈ ਸੀ ਅਤੇ ਇਸ ਦਾ ਕੰਮ ਰੋਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਅੱਜ ਤੋਂ 5 ਸਾਲ ਪਹਿਲਾਂ ਇਹ ਪੁਲ ਬਣ ਕੇ ਤਿਆਰ ਹੋ ਜਾਂਦਾ। ਡਾ. ਦਲਜੀਤ ਚੀਮਾ ਨੇ ਕਿਹਾ ਹੈ ਕਿ ਇਸ ਦੇ ਲਈ ਮੁੱਖ ਮੰਤਰੀ ਨੂੰ ਇਲਾਕੇ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।