ਜਲੰਧਰ: ਫੈਕਟਰੀ ''ਚ ਫਟਿਆ ਸਿਲੰਡਰ, ਤਿੰਨ ਲੋਕ ਜ਼ਖਮੀ
Thursday, Dec 13, 2018 - 01:29 PM (IST)
ਜਲੰਧਰ (ਰਾਜੇਸ਼)— ਇਥੋਂ ਦੇ ਗਦਈਪੁਰ 'ਚ ਯੂਨਾਈਟੇਡ ਫੈਕਟਰੀ 'ਚ ਕਾਸਟਿੰਗ ਸਿਲੰਡਰ ਫੱਟਣ ਕਾਰਨ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ ਤਿੰਨ ਮਜ਼ਦੂਰ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਗਦਈਪੁਰ 'ਚ ਸਥਿਤ ਯੂਨਾਈਟੇਡ ਫੈਕਟਰੀ 'ਚ ਸਪੇਅਰ ਪਾਰਟ ਬਣਾਉਣ ਦਾ ਕੰਮ ਹੁੰਦਾ ਹੈ, ਜਿਸ 'ਚ ਕਾਸਟਿੰਗ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਬਲਾਕਜ ਆਉਣ ਕਾਰਨ ਸਿਲੰਡਰ ਫਟ ਗਿਆ।
ਧਮਾਕੇ ਤੋਂ ਬਾਅਦ ਫੈਕਟਰੀ ਦੀ ਛੱਤ ਉੱਡ ਗਈ, ਜਿਸ ਕਰਕੇ ਕੰਧ ਦੀਆਂ ਇੱਟਾਂ ਡਿੱਗਣ ਨਾਲ ਨੇੜੇ ਸਥਿਤ ਘਰ 'ਚ ਮਹਿਲਾ ਦੇ ਸਿਰ 'ਤੇ ਇੱਟ ਲੱਗ ਗਈ। ਜ਼ਖਮੀ ਮਜ਼ਦੂਰਾਂ ਨੂੰ ਬਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਸਾਰੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।