ਖੂਨੀ ਝੱੜਪ ਦੇ ਮਾਮਲੇ ''ਚ ਦੋ ਧਿਰਾਂ ਦੇ 70 ਕਿਸਾਨਾਂ ਵਿਰੁੱਧ ਕਰਾਸ ਕੇਸ ਦਰਜ

Saturday, Mar 24, 2018 - 01:13 AM (IST)

ਖੂਨੀ ਝੱੜਪ ਦੇ ਮਾਮਲੇ ''ਚ ਦੋ ਧਿਰਾਂ ਦੇ 70 ਕਿਸਾਨਾਂ ਵਿਰੁੱਧ ਕਰਾਸ ਕੇਸ ਦਰਜ

ਦਸੂਹਾ, (ਝਾਵਰ)- ਸ਼ੂਗਰ ਮਿੱਲ ਰੰਧਾਵਾ ਦਸੂਹਾ ਵਿਖੇ ਆਊਟਰ ਤੇ ਲੋਕਲ ਏਰੀਏ ਦੇ ਕਿਸਾਨਾਂ 'ਚ ਗੰਨੇ ਦੀਆਂ ਪਰਚੀਆਂ ਸਬੰਧੀ 21 ਮਾਰਚ ਨੂੰ ਜੋ ਹੋਇਆ ਝਗੜਾ ਖੂਨੀ ਰੂਪ ਧਾਰ ਗਿਆ। ਇਸ ਝਗੜੇ ਸਬੰਧੀ ਦੋਵਾਂ ਗਰੁੱਪਾਂ ਦੇ ਲਗਭਗ 70 ਤੋਂ ਵਧ ਕਿਸਾਨਾਂ ਵਿਰੁੱਧ ਥਾਣਾ ਦਸੂਹਾ ਵਿਖੇ ਕਰਾਸ ਕੇਸ ਦਰਜ ਕੀਤੇ ਗਏ। 
ਥਾਣਾ ਦਸੂਹਾ ਦੇ ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਅਮਨਜੋਤ ਪੁੱਤਰ ਰਸ਼ਪਾਲ ਸਿੰਘ ਵਾਸੀ ਸੂਸਾਂ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਆਪਣੇ ਸਾਥੀ ਮਨਦੀਪ ਸਿੰਘ ਵਾਸੀ ਸੂਸਾਂ ਨਾਲ ਆਪਣੀ ਵਾਰੀ ਅਨੁਸਾਰ ਮਿੱਲ ਅੰਦਰ ਗੰਨੇ ਦੀਆਂ ਟਰਾਲੀਆਂ ਲਿਜਾਅ ਰਹੇ ਸਨ ਕਿ ਹੈਪੀ, ਪ੍ਰਿਤਮੋਹਨ ਸਿੰਘ ਵਾਸੀ ਝੱਗੀ ਦਾ ਪਿੰਡ ਨੇ ਲਲਕਾਰਾ ਮਾਰਿਆ ਕਿ ਇਹ ਆਊਟਰ ਏਰੀਏ ਦੇ ਹਨ ਤਾਂ ਉਨ੍ਹਾਂ 'ਤੇ ਲਖਵਿੰਦਰ ਸਿੰਘ ਨਿਹੰਗ, ਜੰਗਵੀਰ ਸਿੰਘ, ਬਲਵੀਰ ਸਿੰਘ, ਅਮਨਦੀਪ ਸਿੰਘ, ਜੁਝਾਰ ਸਿੰਘ, ਰਣਜੀਤ ਸਿੰਘ ਤੇ ਹੋਰ 25-30 ਕਿਸਾਨਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਜ਼ਖਮੀ ਹੋ ਗਏ ਤੇ ਪੂਰੀ ਰਾਤ ਉਹ ਡਰਦੇ ਰਹੇ ਤੇ ਸਵੇਰੇ ਹਸਪਤਾਲ ਦਸੂਹਾ ਵਿਖੇ ਜਾ ਕੇ ਐੱਮ. ਆਰ. ਕਰਵਾਈਆਂ।
ਉਨ੍ਹਾਂ ਦੱਸਿਆ ਕਿ ਦੂਜੇ ਗਰੁੱਪ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਲਖਵਿੰਦਰ ਸਿੰਘ ਨਿਹੰਗ ਵਾਸੀ ਚੱਕ ਬਾਮੂ ਪੁੱਤਰ ਜਗਦੀਪ ਸਿੰਘ ਤੇ ਕਿਸਾਨਾਂ ਨੇ ਏ. ਐੱਸ. ਆਈ. ਬਲਵਿੰਦਰ ਸਿੰਘ ਨੂੰ ਆਪਣੇ ਬਿਆਨਾਂ 'ਚ ਕਿਹਾ ਹੈ ਕਿ ਉਹ ਆਪਣਾ ਗੰਨਾ ਲੈ ਕੇ ਮਿੱਲ ਆਏ ਸਨ ਤੇ ਰਾਤ ਲਗਭਗ 2 ਵਜੇ ਜਦ ਉਹ ਆਪਣੇ ਪਿੰਡ ਨੂੰ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਗੁਰਪ੍ਰੀਤ ਸਿੰਘ ਢਿਗਰੀਆਂ ਅਤੇ ਉਸ ਦੇ ਹੋਰ 25-30 ਸਾਥੀਆਂ ਨੇ ਉਸ 'ਤੇ ਤੇ ਉਸ ਦੇ ਸਾਥੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਪਰੰਤ ਜਦ ਉਹ ਆਪਣਾ ਮੋਟਰਸਾਈਕਲ ਲੈਣ ਗਏ ਤਾਂ ਉਨ੍ਹਾਂ 'ਤੇ ਫਾਇਰਿੰਗ ਵੀ ਕੀਤੀ ਗਈ। ਦਸੂਹਾ ਪੁਲਸ ਨੇ ਲਖਵਿੰਦਰ ਸਿੰਘ ਨਿਹੰਗ ਦੇ ਬਿਆਨਾਂ 'ਤੇ ਵੀ 25-30 ਕਿਸਾਨਾਂ ਵਿਰੁੱਧ ਕਰਾਸ ਕੇਸ ਦਰਜ ਕਰ ਲਿਆ ਹੈ। ਪੁਲਸ ਇਸ ਸਬੰਧੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਸਬੰਧਿਤ ਧਿਰਾਂ ਦੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News