ਕੈਮਰਾ ਬਾਗ 'ਚ ਦਿਨੋ-ਦਿਨ ਵੱਧ ਰਹੀਆਂ ਹਨ ਚੋਰੀ ਤੇ ਛੇੜਛਾੜ ਦੀਆਂ ਘਟਨਾਵਾਂ

04/12/2018 7:12:49 AM

ਕਪੂਰਥਲਾ(ਗੌਰਵ)-ਸਥਾਨਕ ਮਾਲ ਰੋਡ 'ਤੇ ਸਥਿਤ ਕੈਮਰਾ ਬਾਗ 'ਚ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਭਾਰੀ ਗਿਣਤੀ 'ਚ ਸ਼ਹਿਰ ਨਿਵਾਸੀ ਸੈਰ ਕਰਨ ਲਈ ਆਉਂਦੇ ਹਨ। ਸੈਰਗਾਹ ਦੇ ਅੰਦਰ ਦਾਖਿਲ ਹੋਣ ਤੋਂ ਪਹਿਲਾਂ ਲੋਕ ਆਪਣੇ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਨੂੰ ਪਾਰਕਿੰਗ 'ਚ ਲਗਾਤਾਰ ਸੈਰ ਕਰਨ ਦੇ ਲਈ ਨਿਕਲ ਜਾਂਦੇ ਹਨ। ਇਸ ਦੌਰਾਨ ਅਸਮਾਜਿਕ ਅਨਸਰ ਪਾਰਕਿੰਗ 'ਚ ਲੱਗੇ ਸਕੂਟਰਾਂ ਦੀਆਂ ਡਿੱਕੀਆਂ ਦੇ ਤਾਲੇ ਤੋੜ ਕੇ ਲੋਕਾਂ ਦਾ ਕੀਮਤੀ ਸਾਮਾਨ ਚੋਰੀ ਕਰ ਰਹੇ ਹਨ। ਅੱਜ ਦੇਰ ਸ਼ਾਮ ਸ਼ਹਿਰ ਨਿਵਾਸੀਆਂ ਨੇ ਸਾਡੇ ਪ੍ਰਤੀਨਿਧੀ ਨੂੰ ਇਸ ਸਾਰੀ ਘਟਨਾ ਸਬੰਧੀ ਜਾਣੂ ਕਰਵਾਇਆ। ਰੋਜ਼ਾਨਾ ਸੈਰ ਕਰਨ ਵਾਲੇ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਪਾਰਕਿੰਗ 'ਚ ਖੜ੍ਹੀ ਉਨ੍ਹਾਂ ਦੀ ਐਕਟਿਵਾ ਦੀ ਡਿੱਕੀ ਦਾ ਤਾਲਾ ਤੋੜ ਕੇ ਉਨ੍ਹਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਤੋਂ ਪਹਿਲਾਂ ਮਮਤਾ ਗੁਪਤਾ, ਐਡਵੋਕੇਟ ਮਨੂੰ ਦੇਵ ਗੌਤਮ, ਸੁਨੀਤਾ ਖਿੱਲਣ, ਨੀਤੂ ਸ਼ਰਮਾ, ਸੁਚੀਤਾ ਸ਼ਰਮਾ, ਜੈਦੇਵ ਸ਼ਰਮਾ, ਅਨੀਤਾ ਸ਼ਰਮਾ, ਰਜਿੰਦਰ ਕੌਰ, ਮੀਨਾਕਸ਼ੀ ਖਿੱਲਣ, ਕਰਮਜੀਤ ਕੌਰ, ਲਵਲੀਨ ਸੋਨੀ, ਸੈਵੀ, ਸੋਨੀਆ ਸ਼ਰਮਾ ਆਦਿ ਨੇ ਦਸਿਆ ਕਿ ਉਹ ਲੋਕ ਕਾਫੀ ਸਾਲਾਂ ਤੋਂ ਕੈਮਰਾ ਬਾਗ 'ਚ ਸੈਰ ਕਰਨ ਦੇ ਲਈ ਰੋਜ਼ਾਨਾ ਆ ਰਹੇ ਹਨ। ਇੰਨੇ ਸਾਲਾਂ ਦੌਰਾਨ ਕਈ ਵਾਰ ਅਸਮਾਜਿਕ ਅਨਸਰਾਂ ਨੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ ਪਰ ਪੁਲਸ ਦੀ ਗਸ਼ਤ ਤੋਂ ਮਹਿਰੂਮ ਇਸ ਪਾਰਕ 'ਚ ਅਸਮਾਜਿਕ ਅਨਸਰਾਂ ਦੇ ਹੌਂਸਲੇ ਵਧੇ ਹੋਏ ਹਨ, ਜਿਸ ਕਾਰਨ ਇਕ ਦੋ ਦਿਨ ਛੇੜਛਾੜ ਜਾਂ ਇਥੇ ਕੋਈ ਨਾ ਕੋਈ ਚੋਰੀ ਦੀ ਘਟਨਾ ਸਾਹਮਣੇ ਆ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਾਰਕ ਸਰਕਾਰੀ ਵਿਸ਼ਰਾਮ ਗ੍ਰਹਿ, ਐੱਸ. ਐੱਸ. ਪੀ. ਰਿਹਾਇਸ਼ ਤੇ ਅਫਸਰ ਕਾਲੋਨੀ ਤੋਂ ਕੁਝ ਹੀ ਕਦਮਾਂ ਦੀ ਦੂਰੀ 'ਤੇ ਹੈ ਪਰ ਫਿਰ ਵੀ ਪੁਲਸ ਸਰਗਰਮੀਆਂ ਦੀ ਕਮੀ ਦੇ ਕਾਰਨ ਗੁੰਡਾ ਕਿਸਮ ਦੇ ਲੋਕ ਪਾਰਕਿੰਗ ਤੇ ਪਾਰਕ ਦੇ ਅੰਦਰ ਬੈਠੇ ਰਹਿੰਦੇ ਹਨ। ਸਥਾਨਕ ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਥੇ ਪੁਲਸ ਗਸ਼ਤ ਕਰਵਾਈ ਜਾਵੇ ਤੇ ਸਵੇਰੇ ਸ਼ਾਮ ਨੂੰ ਪੁਲਸ ਕਰਮਚਾਰੀਆਂ ਦੀ ਪੱਕੀ ਡਿਊਟੀ ਲਗਾ ਕੇ ਇਥੇ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਂਕਿ ਭਾਰੀ ਗਿਣਤੀ 'ਚ ਲੋਕ ਇਥੇ ਆਉਂਦੇ ਜਾਂਦੇ ਹਨ। 


Related News