ਚੋਰਾਂ ਨੇ ਰੱਬ ਦਾ ਘਰ ਵੀ ਨਾ ਬਖਸ਼ਿਆ
Thursday, Feb 08, 2018 - 01:36 AM (IST)

ਜਲਾਲਾਬਾਦ(ਮਿੱਕੀ, ਟੀਨੂੰ)—ਸੰਸਾਰ ਉਪਰ ਸਮੇਂ-ਸਮੇਂ 'ਤੇ ਅਵਤਾਰ ਲੈਣ ਵਾਲੇ ਗੁਰੂਆਂ-ਪੀਰਾਂ ਨੇ ਭਾਵੇਂ ਲੋਕਾਂ ਨੂੰ ਮਿਹਨਤ ਕਰਨ ਅਤੇ ਬੁਰੇ ਕਰਮਾਂ ਤੋਂ ਤੌਬਾ ਕਰਨ ਦਾ ਸੰਦੇਸ਼ ਦਿੱਤਾ ਹੈ ਪਰ ਇਸ ਦੇ ਬਾਵਜੂਦ ਕੁਝ ਮਾੜੇ ਲੋਕ ਇਨ੍ਹਾਂ ਰੱਬੀ ਰੂਹਾਂ ਦੇ ਉਪਦੇਸ਼ ਤਹਿਤ ਜ਼ਿੰਦਗੀ ਜਿਊਣ ਦੀ ਬਜਾਏ ਕੁਰਾਹੇ ਪੈ ਕੇ ਚੋਰੀ, ਧੋਖਾਦੇਹੀ ਆਦਿ ਵਰਗੀਆਂ ਬੁਰਾਈਆਂ ਦਾ ਰਸਤਾ ਚੁਣਦੇ ਹਨ ਤੇ ਚੋਰ ਗਿਰੋਹ ਵੱਲੋਂ ਪਿਛਲੇ ਕੁਝ ਸਮੇਂ ਤੋਂ ਰੱਬ ਦਾ ਘਰ ਕਹੇ ਜਾਣ ਵਾਲੇ ਗੁਰਦੁਆਰਿਆਂ ਤੇ ਮੰਦਰਾਂ ਆਦਿ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਇਸ ਤਰ੍ਹਾਂ ਦੀ ਹੀ ਚੋਰੀ ਦੀ ਵਾਰਦਾਤ ਪਿੰਡ ਹਿਸਾਨਵਾਲਾ ਵਿਖੇ ਸਥਿਤ ਡੇਰਾ ਬਾਬਾ ਸੇਵਾ ਸਿੰਘ 'ਚ ਵਾਪਰੀ ਹੈ, ਜਿਥੋਂ ਬੀਤੀ ਰਾਤ ਕੁਝ ਚੋਰਾਂ ਨੇ ਡੇਰੇ ਵਿਚ ਪਈ ਗੋਲਕ 'ਤੇ ਨਿਸ਼ਾਨਾ ਵਿੰਨ੍ਹਦਿਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਬਾਬਾ ਸੇਵਾ ਸਿੰਘ, ਹਿਸਾਨਵਾਲਾ ਦੇ ਗੱਦੀਨਸ਼ੀਨ ਬਾਬਾ ਮਿਹਰਬਾਨ ਸਿੰਘ ਦੇ ਸਪੁੱਤਰ ਟਿੱਕਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕੁਝ ਚੋਰਾਂ ਨੇ ਡੇਰੇ ਵਿਖੇ ਮਾਇਆ ਲਈ ਰੱਖੀ ਹੋਈ ਗੋਲਕ ਨੂੰ ਚੋਰੀ ਕਰ ਲਿਆ ਤੇ ਚੋਰੀ ਦੀ ਇਹ ਵਾਰਦਾਤ ਡੇਰੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਦੀ ਫੁਟੇਜ 'ਚ ਦੋ ਵਿਅਕਤੀ ਗੋਲਕ ਚੋਰੀ ਕਰਦੇ ਦਿਖਾਈ ਦੇ ਰਹੇ ਹਨ, ਜਦਕਿ ਉਕਤ ਚੋਰਾਂ ਵੱਲੋਂ ਗੋਲਕ ਚੋਰੀ ਕਰਨ ਉਪਰੰਤ ਡੇਰੇ ਤੋਂ ਬਾਹਰ ਲਿਜਾ ਕੇ ਤਾਲਾ ਤੋੜਦੇ ਹੋਏ ਗੋਲਕ ਵਿਚ ਪਈ ਮਾਇਆ ਕੱਢ ਲਈ ਗਈ ਤੇ ਖਾਲੀ ਗੋਲਕ ਨੂੰ ਉਥੇ ਹੀ ਸੁੱਟ ਦਿੱਤਾ ਗਿਆ। ਇਸ ਚੋਰੀ ਸਬੰਧੀ ਸੇਵਾਦਾਰਾਂ ਨੂੰ ਅੱਜ ਸਵੇਰ ਸਮੇਂ ਪਤਾ ਲੱਗਾ। ਚੋਰੀ ਸਬੰਧੀ ਥਾਣਾ ਸਿਟੀ ਪੁਲਸ ਨੂੰ ਇਤਲਾਹ ਪ੍ਰਾਪਤ ਹੋਣ ਉਪਰੰਤ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਥਾਣਾ ਸਿਟੀ ਪੁਲਸ ਅਨੁਸਾਰ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਜਾਂਚ ਕਰਦੇ ਹੋਏ ਮੁੱਢਲੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਇਸ ਵਾਰਦਾਤ ਉਪਰੰਤ ਇਲਾਕਾ ਵਾਸੀਆਂ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੁਲਸ ਵਿਭਾਗ ਨੂੰ ਚੋਰ ਗਿਰੋਹ ਉਪਰ ਨਕੇਲ ਕੱਸਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਲਾਕੇ 'ਚ ਆਏ ਦਿਨ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਉਪਰ ਲਗਾਮ ਲਾਈ ਜਾ ਸਕੇ।