ਰੈਣਕ ਬਾਜ਼ਾਰ ''ਚ ਹਥਿਆਰਬੰਦ ਨੌਜਵਾਨਾਂ ਵੱਲੋਂ ਦੁਕਾਨਦਾਰਾਂ ''ਤੇ ਹਮਲਾ

10/29/2017 4:43:20 AM

ਜਲੰਧਰ(ਪ੍ਰੀਤ)—ਮਾਮੂਲੀ ਬਹਿਸ ਦਾ ਬਦਲਾ ਲੈਣ ਆਏ ਹਥਿਆਰਬੰਦ ਨੌਜਵਾਨਾਂ ਨੇ ਰੈਣਕ ਬਾਜ਼ਾਰ ਸਥਿਤ ਚੱਢਾ ਮਾਰਕੀਟ ਦੇ ਦੁਕਾਨਦਾਰਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਮਾਰਕੀਟ ਵਿਚ ਸਥਿਤ ਚੱਢਾ ਕੁਲੈਕਸ਼ਨ ਦੇ ਮਾਲਕ ਸ਼ੋਰੀ ਚੱਢਾ ਨੇ ਬਹਾਦੁਰੀ ਨਾਲ ਨਾ ਸਿਰਫ ਦੁਕਾਨਦਾਰ ਸਰਬਜੀਤ ਨੂੰ ਬਚਾਇਆ, ਸਗੋਂ ਇਕ ਦਰਜਨ ਹਮਲਾਵਰਾਂ ਨੂੰ ਇਕੱਲਿਆਂ ਹੀ ਭਜਾ ਦਿੱਤਾ। ਹਮਲਾ ਕਰ ਕੇ ਭੱਜ ਰਹੇ ਇਕ ਹਮਲਾਵਰ ਨੂੰ ਕਾਬੂ ਕਰ ਕੇ ਥਾਣਾ ਨੰਬਰ 4 ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਸ ਬਾਜ਼ਾਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ। ਰੈਣਕ ਬਾਜ਼ਾਰ ਦੀ ਚੱਢਾ ਮਾਰਕੀਟ ਵਿਚ ਸਥਿਤ ਸਰਵ ਕੁਲੈਕਸ਼ਨ ਦੇ ਮਾਲਕ ਸਰਬਜੀਤ ਸਿੰਘ ਦੀ ਅੱਜ ਸਵੇਰੇ ਇਕ ਦੁਕਾਨ ਵਿਚ ਕੰਮ ਕਰਦੇ ਨੌਜਵਾਨ ਨਾਲ ਮਾਮੂਲੀ ਬਹਿਸ ਹੋ ਗਈ। ਉਸ ਸਮੇਂ ਮਾਮਲਾ ਨਿੱਬੜ ਗਿਆ ਅਤੇ ਸਾਰੇ ਦੁਕਾਨਦਾਰ ਆਪਣਾ ਕਾਰੋਬਾਰ ਕਰ ਰਹੇ ਸਨ। ਦੁਪਹਿਰ ਦੇ ਸਮੇਂ ਅਚਾਨਕ ਇਕ ਦਰਜਨ ਤੋਂ ਜ਼ਿਆਦਾ ਹਥਿਆਰਬੰਦ ਨੌਜਵਾਨ ਬਾਜ਼ਾਰ ਵਿਚ ਆਏ ਅਤੇ ਸਰਬਜੀਤ 'ਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਨਾਲ ਮਾਰਕੀਟ ਵਿਚ ਅਫਰਾ-ਤਫਰੀ ਮਚ ਗਈ। ਜਿੱਥੇ ਸਾਰੇ ਲੋਕ ਭੱਜ ਰਹੇ ਸੀ ਤਾਂ ਉਥੇ ਸ਼ੋਰੀ ਚੱਢਾ ਇਕੱਲੇ ਹੀ ਹਮਲਵਾਰਾਂ ਦੇ ਸਾਹਮਣੇ ਆ ਗਏ। ਉਨ੍ਹਾਂ ਨੇ ਸਰਬਜੀਤ ਦਾ ਬਚਾਅ ਕਰਦੇ ਹੋਏ ਇਕ ਦੁਕਾਨ ਵਿਚ ਧੱਕ ਦਿੱਤਾ ਅਤੇ ਇਕੱਲੇ ਨੇ ਹੀ ਹਥਿਆਰਬੰਦ ਹਮਲਵਾਰਾਂ ਨੂੰ ਭਜਾ ਦਿੱਤਾ। ਮੌਕੇ 'ਤੇ ਹਥਿਆਰ ਸਮੇਤ ਫੜੇ ਗਏ ਇਕ ਹਮਲਾਵਰ ਤੋਂ ਥਾਣਾ ਨੰਬਰ 4 ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੋਰੀ ਚੱਢਾ ਨੇ ਦੱਸਿਆ ਕਿ ਪੁਲਸ ਨੂੰ ਦੁਕਾਨਾਂ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਸੇਵ ਕਰ ਦਿੱਤੀ ਗਈ ਹੈ। ਲਗਭਗ 16 ਹਮਲਵਾਰਾਂ ਦੀ ਪਛਾਣ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਹਮਲਵਾਰਾਂ ਦੇ ਕਾਬੂ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। 


Related News