ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਬੁਲੰਦ
Thursday, Sep 14, 2017 - 12:43 AM (IST)
ਜਲਾਲਾਬਾਦ(ਟੀਨੂੰ, ਦੀਪਕ, ਗੁਲਸ਼ਨ)-ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪਿਛਲੇ ਕਈ ਦਿਨਾਂ ਤੋਂ ਜਲਾਲਾਬਾਦ ਸ਼ਹਿਰ ਪੂਰੀ ਤਰ੍ਹਾਂ ਚੋਰਾਂ ਅਤੇ ਲੁਟੇਰਿਆਂ ਦੇ ਹਵਾਲੇ ਹੋਇਆ ਪਿਆ ਹੈ। ਅਜਿਹਾ ਕੋਈ ਦਿਨ ਜਾਂ ਰਾਤ ਨਹੀਂ ਲੰਘਦੀ ਜਿਸ ਸਮੇਂ ਜਲਾਲਾਬਾਦ ਸ਼ਹਿਰ ਜਾਂ ਫਿਰ ਆਸ ਪਾਸ ਦੇ ਇਲਾਕੇ ਅੰਦਰ ਚੋਰੀ ਦੀ ਘਟਨਾ ਨਾ ਵਾਪਰੀ ਹੋਵੇ। ਪਰ ਪੁਲਸ ਪ੍ਰਸ਼ਾਸਨ ਇੰਨ੍ਹਾਂ ਚੋਰਾਂ ਅਤੇ ਲੁਟੇਰਿਆਂ ਨੂੰ ਨੱਥ ਪਾਉਣ 'ਚ ਅਸਫਲ ਹੁੰਦਾ ਨਜ਼ਰ ਆ ਰਿਹਾ ਹੈ। ਆਲਮ ਇਹ ਹੈ ਕਿ ਜਲਾਲਾਬਾਦ ਸ਼ਹਿਰ ਅੰਦਰ ਚੋਰ ਪੁਲਸ ਤੋਂ ਨਾ ਡਰਦੇ ਹੋਏ ਦਿਨ-ਦਿਹਾੜੇ ਘਰਾਂ, ਦੁਕਾਨਾਂ, ਬੈਂਕਾਂ ਜਾਂ ਫਿਰ ਮੁੱਖ ਬਾਜ਼ਾਰਾਂ ਵਿਚ ਖੜ੍ਹੇ ਦੋ ਪਹੀਆ ਵਾਹਨਾਂ ਨੂੰ ਚੋਰੀ ਕਰ ਕੇ ਲੈ ਜਾ ਰਹੇ ਹਨ ਅਤੇ ਰਾਤ ਦੇ ਹਨੇਰੇ 'ਚ ਵੀ ਸਥਾਨਕ ਸ਼ਹਿਰ ਅੰਦਰ ਵੱਖ ਵੱਖ ਦੁਕਾਨਾਂ ਦੀਆਂ ਕੰਧਾਂ ਨੂੰ ਸੰਨ੍ਹ ਲਾ ਕੇ ਦੁਕਾਨਾਂ ਅੰਦਰ ਪਏ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਜਾ ਰਹੇ ਹਨ। ਇਸ ਸਭ ਨੂੰ ਦੇਖਦੇ ਹੋਏ ਪਤਾ ਲੱਗਦਾ ਹੈ ਕਿ ਇੰਨ੍ਹਾਂ ਚੋਰ-ਲੁਟੇਰਿਆਂ ਨੂੰ ਪੁਲਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ। ਇਸ ਦੀ ਇਕ ਤਾਜ਼ਾ ਮਿਸਾਲ ਬੀਤੀ ਰਾਤ ਨੂੰ ਸਥਾਨਕ ਥਾਣਾ ਸਿਟੀ ਜਲਾਲਾਬਾਦ ਅਤੇ ਡੀ. ਐੱਸ. ਪੀ. ਦਫ਼ਤਰ ਜਲਾਲਾਬਾਦ ਦੇ ਨੇੜੇ ਸਥਿਤ ਮਿੱਕਾ ਫੋਟੋ ਗੈਲਰੀ ਦੇ ਚੁਬਾਰੇ ਦੀ ਕੰਧ 'ਚੋਂ ਸੰਨ੍ਹ ਲਾ ਕੇ ਕੀਤੀ ਗਈ ਚੋਰੀ ਨੂੰ ਦੇਖਣ ਤੋਂ ਮਿਲਦੀ ਹੈ ਕਿ ਕਿਸ ਤਰ੍ਹਾਂ ਚੋਰਾਂ ਨੇ ਪੁਲਸ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਦੁਕਾਨ ਅੰਦਰ ਪਿਆ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਵਿਜੇ ਕੁਮਾਰ ਚੁੱਘ ਨੇ ਦੱਸਿਆ ਕਿ ਦੁਕਾਨ 'ਤੇ ਕੰਮ ਕਰਦਾ ਲੜਕਾ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਨੂੰ ਦੁਕਾਨ ਬੰਦ ਕਰ ਕੇ ਆਪਣੇ ਘਰ ਚਲਾ ਗਿਆ ਸੀ। ਅੱਜ ਸਵੇਰੇ 9 ਵਜੇ ਦੇ ਕਰੀਬ ਜਦੋਂ ਲੜਕੇ ਨੇ ਆ ਕੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਉਸਨੇ ਦੇਖਿਆ ਕਿ ਦੁਕਾਨ ਅੰਦਰ ਪਏ ਕਾਊਂਟਰ ਦੇ ਦਰਾਜ਼ ਖੁੱਲ੍ਹੇ ਪਏ ਹਨ ਅਤੇ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਪਿਆ ਹੈ। ਲੜਕੇ ਨੇ ਇਸ ਸਬੰਧੀ ਸੂਚਨਾ ਸਾਨੂੰ ਦਿੱਤੀ। ਜਿਸ ਉਪਰੰਤ ਅਸੀਂ ਦੁਕਾਨ 'ਤੇ ਪੁੱਜੇ ਅਤੇ ਦੁਕਾਨ ਅੰਦਰ ਜਾਂਚ ਸ਼ੁਰੂ ਕੀਤੀ। ਜਾਂਚ ਕਰਦੇ ਹੋਏ ਅਸੀਂ ਦੁਕਾਨ ਦੇ ਚੁਬਾਰੇ 'ਤੇ ਪੁੱਜੇ ਤਾਂ ਚੁਬਾਰੇ ਦੀ ਕੰਧ 'ਚ ਸੰਨ੍ਹ ਲੱਗੀ ਪਈ ਸੀ। ਇਸ ਰਾਹੀਂ ਹੀ ਚੋਰ ਦੁਕਾਨ ਦੇ ਅੰਦਰ ਆਏ ਅਤੇ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ ਹਨ। ਵਿਜੇ ਕੁਮਾਰ ਚੁੱਘ ਨੇ ਦੱਸਿਆ ਕਿ ਚੋਰ ਦੁਕਾਨ 'ਚੋਂ ਪਿਆ 1 ਲੈਪਟਾਪ, 1 ਹਾਰਡ ਡਿਸਕ, 2 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ।
ਕਰਿਆਨੇ ਦੀ ਦੁਕਾਨ 'ਤੇ ਕੀਤਾ ਹੱਥ ਸਾਫ
ਬੀਤੀ ਰਾਤ ਅਣਪਛਾਤੇ ਚੋਰਾਂ ਨੇ ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰ ਪਿਆ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਟਿਵਾਣਾ ਕਲਾ ਨਿਵਾਸੀ ਵਿਪਨ ਸਿੰਘ ਨੇ ਦੱਸਿਆ ਕਿ ਉਹ ਪਿੰਡ 'ਚ ਕਰਿਆਨੇ ਦੀ ਦੁਕਾਨ ਕਰਦਾ ਹੈ। ਬੀਤੀ ਰਾਤ ਦੁਕਾਨ ਬੰਦ ਕਰਨ ਤੋਂ ਬਾਅਦ ਅੱਜ ਜਦੋਂ ਸਵੇਰੇ ਉਹ ਦੁਕਾਨ ਤੇ ਪੁੱਜਿਆ ਤਾਂ ਉਸਨੇ ਵੇਖਿਆ ਕਿ ਦੁਕਾਨ ਅੰਦਰ ਸਾਮਾਨ ਖਿਲਰਿਆ ਪਿਆ ਹੈ। ਵਿਪਨ ਸਿੰਘ ਦੇ ਅਨੁਸਾਰ ਚੋਰ ਦੁਕਾਨ 'ਚ ਸੰਨ੍ਹ ਲਾ ਕੇ ਅੰਦਰ ਦਾਖਲ ਹੋਏ ਅਤੇ ਇਨਵਰਟਰ, ਬੈਟਰੀ, ਦੁਕਾਨ 'ਚ ਪਈ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਘਟਨਾ ਬਾਰੇ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।