ਜ਼ਿਲੇ ''ਚ ਧਾਰਾ 144 ਅਤੇ ਰੈੱਡ ਅਲਰਟ ਜਾਰੀ ਹੋਣ ਦੇ ਬਾਵਜੂਦ 3 ਥਾਈਂ ਸੰਨ੍ਹਮਾਰੀ
Friday, Sep 01, 2017 - 04:46 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਸ਼ਹਿਰ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜ਼ਿਲੇ 'ਚ ਪੈਰਾਮਿਲਟਰੀ ਫੋਰਸ ਦੇ ਤਾਇਨਾਤ ਹੋਣ ਦੇ ਬਾਵਜੂਦ ਇਕ ਹਫਤੇ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਚੁੱਕਾ ਹੈ। ਅੱਜ ਇਕ ਹਫਤੇ 'ਚ ਦੂਜੀ ਵਾਰ ਚੋਰਾਂ ਨੇ 3 ਦੁਕਾਨਾਂ 'ਤੇ ਹੱਥ ਸਾਫ ਕਰ ਦਿੱਤਾ। ਹਫਤਾ ਪਹਿਲਾਂ ਵੀ ਇਸੇ ਤਰ੍ਹਾਂ ਚੋਰਾਂ ਨੇ 3 ਜਗ੍ਹਾ 'ਤੇ ਸੰਨ੍ਹਮਾਰੀ ਕੀਤੀ ਸੀ। ਚੋਰੀ ਦੀਆਂ ਇੰਨੀਆਂ ਵਾਰਦਾਤਾਂ ਹੋਣ ਨਾਲ ਸ਼ਹਿਰ ਵਾਸੀਆਂ ਦੇ ਸਬਰ ਦਾ ਬੰਨ੍ਹ ਵੀ ਟੁੱਟ ਗਿਆ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਜ਼ਿਲਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਥੇ ਜ਼ਿਕਰਯੋਗ ਹੈ ਕਿ ਡੇਰਾ ਮੁਖੀ ਵਿਵਾਦ ਕਾਰਨ ਜ਼ਿਲੇ 'ਚ ਧਾਰਾ 144 ਅਤੇ ਰੈੱਡ ਅਲਰਟ ਵੀ ਜਾਰੀ ਹੈ।
ਨਸ਼ੇ 'ਤੇ ਕਾਬੂ ਨਾ ਪਾਉਣ ਕਾਰਨ ਹੀ ਹੁੰਦੀਆਂ ਨੇ ਚੋਰੀਆਂ
ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਸ਼ਹਿਰ 'ਚ ਨਸ਼ਾ ਵੀ ਖੁੱਲ੍ਹੇਆਮ ਵਿਕ ਰਿਹਾ ਹੈ। ਜ਼ਿਆਦਾਤਰ ਕੇਸਾਂ 'ਚ ਦੇਖਿਆ ਗਿਆ ਹੈ ਕਿ ਨਸ਼ੱਈ ਨੌਜਵਾਨਾਂ ਵੱਲੋਂ ਹੀ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਪੈਸਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਨਸ਼ੱਈ ਨੌਜਵਾਨਾਂ ਵੱਲੋਂ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਪੁਲਸ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਦੀ ਵਿਕਰੀ ਅਤੇ ਚੋਰੀ ਦੀਆਂ ਵਾਰਦਾਤਾਂ 'ਤੇ ਸਖਤੀ ਨਾਲ ਕਾਬੂ ਪਾਵੇ।
12 ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ 'ਤੇ ਵੀ ਚੋਰਾਂ ਦੁਕਾਨ 'ਚ ਲਾਇਆ ਪਾੜ
ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਸਟੈਂਡ ਰੋਡ ਮੀਟ ਮਾਰਕੀਟ ਨੇੜੇ ਐਨਕਾਂ ਦੀ ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਵਧਵਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਦੁਕਾਨ 'ਚ 12 ਸੀ.ਸੀ.ਟੀ.ਵੀ. ਕੈਮਰੇ ਲਾਏ ਹੋਏ ਹਨ। ਇਸ ਦੇ ਬਾਵਜੂਦ ਚੋਰਾਂ ਨੇ ਗੱਲੇ ਦਾ ਦਰਾਜ ਤੋੜ ਕੇ 39500 ਰੁਪਏ ਚੋਰੀ ਕਰ ਲਏ ਤੇ ਸੀ.ਸੀ.ਟੀ.ਵੀ. ਦੀ ਫੁਟੇਜ ਤੋਂ ਬਚਣ ਲਈ ਡੀ.ਵੀ.ਆਰ. ਵੀ ਚੋਰੀ ਕਰ ਕੇ ਲੈ ਗਏ। ਦੁਕਾਨ 'ਚ ਲੱਗਾ ਸ਼ੀਸ਼ੇ ਦਾ ਗੇਟ ਵੀ ਭੰਨ ਦਿੱਤਾ।
ਦੁਕਾਨ 'ਚ ਤੀਜੀ ਵਾਰ ਹੋਈ ਚੋਰੀ, ਚੋਰਾਂ ਦੀ ਫੋਟੋ ਵੀ ਦਿੱਤੀ ਪਰ ਨਹੀਂ ਹੋਈ ਕਾਰਵਾਈ
ਚੋਰਾਂ ਨੇ ਐਨਕਾਂ ਵਾਲੀ ਦੁਕਾਨ ਦੇ ਨਾਲ ਲੱਗਦੀ ਕਰਿਆਨੇ ਦੀ ਦੁਕਾਨ 'ਤੇ ਵੀ ਸ਼ਟਰ ਤੋੜ ਕੇ ਚੋਰੀ ਕਰ ਲਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਸੁਭਾਸ਼ ਚੰਦ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ 'ਤੇ ਤੀਜੀ ਵਾਰ ਚੋਰੀ ਹੋਈ ਹੈ। ਇਸ ਵਾਰ ਚੋਰ ਕਾਊਂਟਰ ਦਾ ਦਰਾਜ ਤੋੜ ਕੇ 7500 ਰੁਪਏ ਚੋਰੀ ਕਰ ਕੇ ਲੈ ਗਏ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਅਤੇ ਨਾਲ ਲੱਗਦੀਆਂ ਦੁਕਾਨਾਂ 'ਤੇ 3 ਵਾਰ ਚੋਰੀ ਹੋ ਚੁੱਕੀ ਹੈ। ਉਨ੍ਹਾਂ ਪੁਲਸ ਨੂੰ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਫੋਟੋ ਵੀ ਦੇ ਦਿੱਤੀ ਪਰ ਇਸ ਦੇ ਬਾਵਜੂਦ ਪੁਲਸ ਨੇ ਚੋਰਾਂ ਨੂੰ ਕਾਬੂ ਨਹੀਂ ਕੀਤਾ।