ਉਧਾਰ ਨਾ ਦੇਣ ''ਤੇ ਨੌਜਵਾਨਾਂ ਵੱਲੋਂ ਦੁਕਾਨ ਦੀ ਭੰਨ-ਤੋੜ
Friday, Jul 14, 2017 - 06:18 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਬੱਸ ਸਟੈਂਡ ਰੋਡ 'ਤੇ ਇਕ ਰੈਡੀਮੇਡ ਦੀ ਦੁਕਾਨ ਦੀ 7-8 ਨੌਜਵਾਨਾਂ ਵੱਲੋਂ ਭੰਨ-ਤੋੜ ਕਰਨ 'ਤੇ ਬੱਸ ਸਟੈਂਡ ਰੋਡ ਦੇ ਦੁਕਾਨਦਾਰ ਅਤੇ ਵਪਾਰ ਮੰਡਲ ਦੇ ਆਗੂ ਭੜਕ ਉਠੇ। ਪੁਲਸ ਦੀ ਢਿੱਲੀ-ਮੱਠੀ ਕਾਰਵਾਈ ਦੇ ਵਿਰੋਧ 'ਚ ਵਪਾਰ ਮੰਡਲ ਦੇ ਪ੍ਰਧਾਨ ਨੈਬ ਸਿੰਘ ਕਾਲਾ ਦੀ ਅਗਵਾਈ 'ਚ ਦੁਕਾਨਦਾਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਪੁਲਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਨਾ ਕਰਨ ਦੀ ਸੂਰਤ 'ਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਸਟੈਂਡ ਰੋਡ ਦੇ ਦੁਕਾਨਦਾਰ ਕਪਿਲ ਕੁਮਾਰ ਨੇ ਦੱਸਿਆ ਕਿ ਦੁਪਹਿਰੇ 2 ਨੌਜਵਾਨ ਸਾਡੀ ਦੁਕਾਨ 'ਤੇ ਅੰਡਰਵੀਅਰ ਲੈਣ ਆਏ। ਇਕ ਅੰਡਰਵੀਅਰ ਤਾਂ ਉਨ੍ਹਾਂ ਨੇ ਲੈ ਲਿਆ ਪਰ ਦੂਜਾ ਉਹ ਉਧਾਰ ਮੰਗਣ ਲੱਗੇ। ਮੈਂ ਉਨ੍ਹਾਂ ਨੂੰ ਉਧਾਰ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਹ ਮੈਨੂੰ ਗਾਲ੍ਹਾਂ ਕੱਢਣ ਲੱਗ ਪਏ ਅਤੇ ਉਥੋਂ ਚਲੇ ਗਏ। ਕੁਝ ਸਮੇਂ ਬਾਅਦ 7-8 ਨੌਜਵਾਨ ਦੁਕਾਨ 'ਤੇ ਆਏ, ਜਿਨ੍ਹਾਂ ਨੇ ਡਾਂਗਾਂ ਚੁੱਕੀਆਂ ਹੋਈਆਂ ਸਨ ਅਤੇ ਦੁਕਾਨ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਦੁਕਾਨ ਦਾ ਕਾਊਂਟਰ ਤੋੜ ਦਿੱਤਾ। ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਦੁਕਾਨਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਕਾਰਨ ਉਕਤ ਨੌਜਵਾਨ ਉਥੋਂ ਭੱਜ ਗਏ। ਕਾਰਵਾਈ ਨਹੀਂ ਕਰਨੀ ਤਾਂ ਕਰ ਦਿਓ ਥਾਣਿਆਂ ਨੂੰ ਬੰਦ : ਪ੍ਰਧਾਨ ਵਪਾਰ ਮੰਡਲ: ਵਪਾਰ ਮੰਡਲ ਦੇ ਪ੍ਰਧਾਨ ਨੈਬ ਸਿੰਘ ਕਾਲਾ ਨੇ ਕਿਹਾ ਕਿ ਸ਼ਹਿਰ 'ਚ ਵਪਾਰੀਆਂ ਨਾਲ ਧੱਕਾ ਹੋ ਰਿਹਾ ਹੈ। ਪੁਲਸ ਗੁੰਡਾ ਅਨਸਰਾਂ 'ਤੇ ਲਗਾਮ ਕੱਸਣ 'ਚ ਨਾਕਾਮ ਸਿੱਧ ਹੋ ਰਹੀ ਹੈ। ਇਸ ਲਈ ਗੁੰਡਾ ਅਨਸਰਾਂ ਦੇ ਹੌਸਲੇ ਵਧ ਰਹੇ ਹਨ, ਜੇਕਰ ਪੁਲਸ ਨੇ ਇਨ੍ਹਾਂ ਅਨਸਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਨੀ ਤਾਂ ਥਾਣਿਆਂ ਨੂੰ ਬੰਦ ਕਰ ਦਿੱਤਾ ਜਾਵੇ, ਜੇਕਰ ਪੁਲਸ ਨੇ ਆਪਣਾ ਢਿੱਲਮੱਠ ਵਾਲਾ ਰਵੱਈਆ ਨਾ ਛੱਡਿਆ ਤਾਂ ਵਪਾਰ ਮੰਡਲ ਵੱਲੋਂ ਸ਼ਹਿਰ ਨੂੰ ਬੰਦ ਕਰਵਾ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਜੱਸਲ, ਸਰਬਜੀਤ ਸਿੰਘ ਪ੍ਰਧਾਨ ਵਪਾਰ ਮੰਡਲ ਅਤੇ ਭਾਰੀ ਗਿਣਤੀ 'ਚ ਦੁਕਾਨਦਾਰ ਹਾਜ਼ਰ ਸਨ।