ਲੁਧਿਆਣਾ 'ਚ ਦੀਵਾਲੀ 'ਤੇ ਪਟਾਕੇ ਚਲਾਉਣ ਨੂੰ ਲੈ ਕੇ ਜਾਰੀ ਹੋਏ ਇਹ ਹੁਕਮ
Sunday, Oct 23, 2022 - 09:36 AM (IST)
ਲੁਧਿਆਣਾ (ਰਾਜ) : ਪਟਾਕੇ ਚਲਾਉਣ ਦੇ ਸ਼ੌਕੀਨ ਲੋਕਾਂ ਲਈ ਦੀਵਾਲੀ ਫਿੱਕੀ ਪੈਣ ਵਾਲੀ ਹੈ। ਪੁਲਸ ਕਮਸ਼ਿਨਰ ਡਾ. ਕੌਸਤੁਭ ਸ਼ਰਮਾ ਨੇ ਪਟਾਕੇ ਚਲਾਉਣ ਲਈ ਦੋ ਘੰਟੇ ਦਾ ਸਮਾਂ ਨਿਰਧਾਰਿਤ ਕੀਤਾ ਹੈ। ਹੁਕਮਾਂ ਮੁਤਾਬਕ ਰਾਤ 8 ਤੋਂ 10 ਵਜੇ ਤੱਕ ਦੇ ਸਮੇਂ ਦਰਮਿਆਨ ਪਟਾਕੇ ਚਲਾਏ ਜਾ ਸਕਦੇ ਹਨ। ਇਸ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ’ਤੇ ਪੁਲਸ ਕਾਰਵਾਈ ਹੋ ਸਕਦੀ ਹੈ। ਇਹ ਹੁਕਮ ਇਕੱਲੇ ਦੀਵਾਲੀ ’ਤੇ ਹੀ ਨਹੀਂ, ਸਗੋਂ ਗੁਰਪੁਰਬ, ਕ੍ਰਿਸਮਸ-ਡੇਅ ਤੇ ਨਵੇਂ ਸਾਲ ’ਤੇ ਵੀ ਲਾਗੂ ਰਹਿਣਗੇ। ਇੰਨਾ ਹੀ ਨਹੀਂ, ਨੁਕਸਾਨਦੇਹੀ ਕੈਮੀਕਲ ਵਾਲੇ ਪਟਾਕੇ ਚਲਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਦੀਵਾਲੀ ’ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆ ਪਟਾਕਿਆਂ ਦੀਆਂ ਲੜੀਆਂ ’ਤੇ ਵੀ ਰੋਕ ਲਾਈ ਗਈ ਹੈ। ਇਸ ਤੋਂ ਇਲਾਵਾ ਆਨਲਾਈਨ ਪਟਾਕੇ ਖ਼ਰੀਦਣ ’ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗੲੈ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 5G ਸੇਵਾ ਜਲਦ ਹੋਵੇਗੀ ਸ਼ੁਰੂ, ਤਿਆਰੀ 'ਚ ਲੱਗੀਆਂ ਦੂਰਸੰਚਾਰ ਕੰਪਨੀਆਂ
ਪਟਾਕੇ ਚਲਾਉਣ ਲਈ ਇਹ ਸਮਾਂ ਕੀਤਾ ਨਿਰਧਾਰਿਤ
ਪੁਲਸ ਕਮਿਸ਼ਨਰ ਦੇ ਹੁਕਮਾਂ ਦੇ ਮੁਤਾਬਕ ਦੀਵਾਲੀ ਦੀ ਰਾਤ ਦੋ ਘੰਟੇ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ। ਇਸੇ ਹੀ ਤਰ੍ਹਾਂ ਗੁਰਪੁਰਬ ’ਤੇ ਸਵੇਰ 4 ਤੋਂ 5 ਵਜੇ ਤੱਕ ਅਤੇ ਸ਼ਾਮ ਨੂੰ 9 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 25 ਦਸੰਬਰ, ਕ੍ਰਿਸਮਸ ਡੇਅ ਨੂੰ ਅਤੇ ਨਵੇਂ ਸਾਲ ਦੀ ਰਾਤ ਨੂੰ 11.55 ਮਿੰਟ ਤੋਂ ਲੈ ਕੇ 12.30 ਮਿੰਟ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹਾਈ ਟੈਸ਼ਨ ਤਾਰ ਟੁੱਟਣ ਕਾਰਨ ਰੁਕੀਆਂ ਰੇਲਗੱਡੀਆਂ, ਮੁਸਾਫ਼ਰਾਂ ਨੂੰ ਹੋਈ ਭਾਰੀ ਪਰੇਸ਼ਾਨੀ
ਨੁਕਸਾਨਦੇਹ ਕੈਮੀਕਲ ਵਾਲੇ ਪਟਾਕੇ ਚਲਾਉਣ ’ਤੇ ਵੀ ਪਾਬੰਦੀ
ਪ੍ਰਸ਼ਾਸਨ ਨੇ ਗ੍ਰੀਨ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ਦੀ ਹੀ ਇਜਾਜ਼ਤ ਦਿੱਤੀ ਹੈ। ਜਾਰੀ ਹੁਕਮਾਂ ਦੇ ਮੁਤਾਬਕ ਜਿਨ੍ਹਾਂ ਪਟਾਕਿਆਂ ਜਾਂ ਆਤਿਸ਼ਬਾਜ਼ੀ ਵਿਚ ਬਾਰੀਯਮ ਸਾਲਟਸ ਜਾਂ ਕੰਪਾਊਂਡ ਏਂਟੀਮਨੀ, ਲਿਟੀਅਮ, ਮਰਕਰੀ, ਅਰਸਿਨਿਕ, ਲੀਡ ਜਾਂ ਸਟ੍ਰੋਨਟੀਯਮ ਕਰੋਮੇਟ ਦੀ ਵਰਤੋਂ ਹੁੰਦੀ ਹੈ, ਅਜਿਹੇ ਪਟਾਕੇ ਵੇਚਣ ਅਤੇ ਖ਼ਰੀਦਣ ’ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਹਸਪਤਾਲ ਅਤੇ ਸਿੱਖਿਆ ਸੰਸਥਾਵਾਂ ਦੇ ਸੌ ਮੀਟਰ ਦੇ ਘੇਰੇ ਵਿਚ ਵੀ ਪਟਾਕੇ ਨਹੀਂ ਚਲਾਏ ਜਾ ਸਕਦੇ।
ਖੁੱਲ੍ਹੀ ਜਗ੍ਹਾ ’ਤੇ ਚਲਾਓ ਪਟਾਕੇ : ਸੀ. ਪੀ.
ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਹਾਲ ਹੀ ਵਿਚ ਕੋਰੋਨਾ ਦਾ ਬੁਰਾ ਦੌਰ ਨਿਕਲਿਆ ਹੈ ਅਤੇ ਇਸ ਦਾ ਅਸਰ ਅਜੇ ਵੀ ਲੋਕਾਂ ’ਤੇ ਹੈ। ਕੋਰੋਨਾ ਤੋਂ ਪੀੜਤ ਲੋਕਾਂ ਨੂੰ ਸਾਹ ਲੈਣ ਵਿਚ ਸਮੱਸਿਆ ਹੋ ਸਕਦੀ ਹੈ। ਇਸ ਲਈ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁੱਲ੍ਹੀਆਂ ਥਾਵਾਂ ’ਤੇ ਇਕੱਠੇ ਹੋ ਕੇ ਘੱਟ ਤੋਂ ਘੱਟ ਪਟਾਕੇ ਚਲਾਉਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ